ਪੰਜਾਬੀ ਕਲਮ ਕੇਂਦਰ ਮੌਟਰੀਅਲ ਵੱਲੋਂ ਪਿਛਲੇ ਦਿਨੀਂ ਡਾਂ ਸੁਰਜੀਤ ਪਾਤਰ ਸਾਹਿਬ ਨੂੰ ਸਮਰਪਿਤ

(ਸਮਾਜ ਵੀਕਲੀ) ,ਅਮਰਜੀਤ ਸਿੰਘ ਜੀਤ :-  ਉਹਨਾਂ ਦੀ ਕਵਿਤਾ ਵਿੱਚ ਮੌਜੂਦਗੀ ਦੇ ਅਹਿਸਾਸ ਨਾਲ ਪ੍ਰੋਗਰਾਮ “ਲਫ਼ਜ਼ਾਂ ਦੀ ਲੋਇ “ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪਾਤਰ ਸਾਹਿਬ ਦੀ ਅਵਾਜ਼ ਵਿੱਚ ਉਹਨਾਂ ਦੀਆਂ ਨਜ਼ਮਾਂ ਨਾਲ ਮਹੌਲ ਗ਼ਮਿਆ ਗਿਆ। ਸਰੋਤਿਆਂ ਦੀਆਂ ਅੱਖਾਂ ਵਿੱਚੋਂ ਡੁੱਲਦੇ ਨੀਰ ਦਰਸਾਉਂਦੇ ਰਹੇ ਪਾਤਰ ਤੋਂ ਸੁਰਜੀਤ ਅਤੇ ਸੁਰਜੀਤ ਤੋ ਪਾਤਰ ਹੋਣ ਦੀਆਂ ਗਾਥਾਵਾਂ।
11 ਸਾਲਾ ਬੇਟੀ ਮਲਾਰ ਕੌਰ ਵੱਲੋਂ ਮਿੱਠੜੀ ਸੁਰਮਈ ਅਵਾਜ਼ ਨਾਲ ਜਗਾ ਦੇ ਮੋਮਬੱਤੀਆਂ ਦੇ ਅਲਾਪ ਉੱਤੇ ਭਰਿਆ ਇਕੱਠ ਇਕ ਜੁੱਟ ਹੋ ਗਾਉਣ ਲੱਗਾ ਤੇ ਫਿਜ਼ਾ ਆਪਣੇ ਆਪ ਹੀ ਗਾ ਉਠੀ …..
ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ
ਪੌਣਾਂ ਕੁਪੱਤੀਆਂ ,ਉੱਠ ਜਗਾ ਦੇ ਮੋਮਬੱਤੀਆਂ…..
ਇਸੇ ਆਲਮ ਵਿੱਚ ਚੱਲਦਿਆਂ ਜੋ ਸ਼ਮਾਂ ਰੌਸ਼ਨ ਹੋਈ
ਉਹ ਤਿੰਨ ਘੰਟੇ ਦੇ ਪ੍ਰੋਗਰਾਮ ਤੋਂ ਬਾਅਦ ਵੀ ਸਰੋਤਿਆਂ ਦੇ ਦਿਲਾਂ ਵਿੱਚ ਜਗਦੀ ਰਹੇਗੀ।

ਮੰਚ ਦੀ ਸੰਚਾਲਤਾ ਨਿਭਾਉਂਦਿਆਂ ਗੁਰਿੰਦਰਜੀਤ ਅਤੇ ਮੋਹਣਪ੍ਰੀਤ ਪੱਤੜ ਨੇ ਬਹੁਤ ਕਾਵਿਕ ਮਹੌਲ ਸਿਰਜਿਆ। ਜਤਿੰਦਰ ਜਿੰਮੀ ਦੀ ਸੁਰਮਈ ਪੇਸ਼ਕਾਰੀ ਤੋ ਬਾਅਦ ਹਰਜਿੰਦਰ ਹੈਰੀ ਵੱਲੋਂ ਗ਼ਜ਼ਲ ਅਤੇ ਲਖਵੀਰ ਸਿੰਘ ਰੰਧਾਵਾ ਵੱਲੋਂ ਪਿੰਡਾਂ ਦੀ ਰੂਹਦਾਰੀ ਨਾਲ ਭਿੱਜੀਆਂ ਕਵਿਤਾਵਾਂ ਪੜ੍ਹੀਆਂ ਗਈਆਂ।
ਅਰਵਿੰਦਰ ਰੋਮੀ ਹੁਰਾਂ ਜਦ ਤਰੰਨਮ ਵਿੱਚ ਗ਼ਜ਼ਲ ਗਾਈ ਤਾਂ ਮਹੌਲ ਹੋਰ ਦਾ ਹੋਰ ਹੀ ਹੋ ਗਿਆ। ਸੁਖਵਿੰਦਰ ਜੂਤਲਾ ਹੁਰਾਂ ਦੀ ਸਾਦਗੀ ਭਰੀ ਨਜ਼ਮ ਪਿੱਛੋਂ ਖਾਲਿਦ ਮਹਿਮੂਦ ਦੀ ਬੁਲੰਦ ਅਵਾਜ਼ ਨੇ ਜੋ ਸੂਫ਼ੀ ਰੰਗ ਛੂਹਿਆ ਤਾਂ ਸਰੋਤਿਆਂ ਦੀ ਸੁਰਤ ਖੁੱਲੇ ਅਸਮਾਨ ਉਡਾਰੀਆਂ ਭਰਨ ਲੱਗੀ।
ਇਸੇ ਮਹੌਲ ਵਿੱਚ ਪੰਜਾਬੀ ਕਲਮ ਕੇਂਦਰ ਨੇ ਬੜੇ ਮਾਣ ਨਾਲ ਸੁਰਜੀਤ ਸਿੰਘ ਪਾਹਵਾ ਵੱਲੋਂ ਲਿਖੀ ਕਿਤਾਬ“ ਠਹਿਰਾਉ ” ਅਤੇ ਗੁਰਿੰਦਰਜੀਤ ਵੱਲੋਂ ਲਿਖੀ “ ਬਰਫ਼ ਚ ਉੱਗੇ ਅਮਲਤਾਸ “ ਦੋਨੋ ਸਥਾਨਿਕ ਕਵੀਆਂ ਦੀਆਂ ਕਿਤਾਬਾਂ ਲੋਕ ਅਰਪਣ ਕੀਤੀਆਂ ਜਾਣ ੳਪਰੰਤ ਸੁਰਜੀਤ ਪਾਹਵਾ ਜੀ ਨੇ ਠਹਿਰਾਉ ਦੇ ਪਲ ਸਰੋਤਿਆਂ ਨਾਲ ਸਾਂਝੇ ਕੀਤੇ
ਅਤੇ ਗੁਰਿੰਦਰਜੀਤ ਵੱਲੋਂ ਬਰਫ਼ ਚ ਉੱਗੇ ਅਮਲਤਾਸ ਦੀਆਂ ਵੰਨਗੀਆਂ ਸੁਣਾਈਆਂ ਗਈਆਂ। ਸੁਰਿੰਦਰਪਾਲ ਸਿੰਘ ਦੀ ਬੁਲੰਦ ਅਵਾਜ਼ ਨਾਲ ਗਾਈ
ਕਵਿਤਾ ਪਿੱਛੋਂ ਲਹਿੰਦੇ ਪੰਜਾਬ ਦਾ ਰੰਗ ਸ਼ੋਇਬ ਸਾਦਿਕ ਵੱਲੋਂ ਨਜ਼ਮ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਤਾਰਿਆਂ ਨਾਲ ਬਾਤਾਂ ਪਾਉਣ ਵਾਲੇ ਨੌਜਵਾਨ ਕਵੀ ਅਮਨ ਵੱਲੋਂ ਮਾਂ ਦੇ ਪਿਆਰ ਨਾਲ ਭਿੱਜੀ ਕਵਿਤਾ ਪੜ੍ਹੀ ਗਈ। ਚੜ੍ਹਦੀ ਉਮਰ ਦੇ ਕਵੀ ਦੀਪਇੰਦਰ ਸਿੱਧੂ ਵੱਲੋਂ ਤਰੰਨਮ ਵਿੱਚ ਗਾਈ ਪਾਤਰ ਸਾਹਿਬ ਦੀ ਗ਼ਜ਼ਲ ਦੇ ਨਾਲ ਨਾਲ ਆਪਣੀ ਲਿਖਤ ਵੀ ਸਾਂਝੀ ਕੀਤੀ। ਹਰਜਿੰਦਰ ਸਿੰਘ ਪੱਤੜ ਅਤੇ ਸਤਿਨਾਮ ਸਿੰਘ ਕੋਮਲ ਹੋਰਾਂ ਬਹੁਤ ਹੀ ਭਾਵੁਕ ਹੋ ਪਾਤਰ ਸਾਹਿਬ ਲਈ ਕਵਿਤਾਵਾਂ ਪੜ੍ਹਦਿਆਂ ਆਪਣੀ ਹਾਜ਼ਰੀ ਲਗਵਾਈ। ਮਨਜੀਤ ਚਾਤ੍ਰਿਕ ਵੱਲੋਂ ਇਸ ਸ਼ਾਮ ਦੀ ਆਖ਼ਰੀ ਕਵਿਤਾ ਸ਼ੁਕਰ ਸ਼ੁਕਰ ਸ਼ੁਕਰ ਸੁੱਖ ਸਾਗਰ……. ਪੜ੍ਹੀ ਗਈ।
ਨੀਤੂ ਸ਼ਰਮਾਂ ਅਤੇ ਗੌਰਵ ਸ਼ਰਮਾਂ ਦੇ ਸਾਥੀਆਂ ਵੱਲੋਂ ਅਜੋਕੇ ਸਮੇਂ ਦੀਆਂ ਘਟਨਾਵਾਂ ਤੇ ਇੱਕ ਨਾਟਕ ਵੀ ਖੇਡਿਆ ਗਿਆ।
ਡਾ ਸੁਰਜੀਤ ਪਾਤਰ ਸਾਹਿਬ ਨੂੰ ਸਮਰਪਿਤ ਹੁੰਦਿਆਂ ਪੰਜਾਬੀ ਸਾਹਿਤ ਨਾਲ ਚੱਲਦੇ ਆਪਣੇ ਇਸ ਸਫ਼ਰ ਦੇ 13ਵੇਂ ਉਪਰਾਲੇ “ਲਫ਼ਜ਼ਾਂ ਦੀ ਲੋਇ “ ਇਕ ਚੰਗੀ ਸੁਹਿਰਦ ਸਾਹਿਤਕ ਸੋਚ ਦੇ ਅਹਿਦ ਨਾਲ ਸੰਪੂਰਨ ਹੋਇਆ।

ਅਮਰਜੀਤ ਸਿੰਘ ਜੀਤ 
9417287122

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ‘ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇਕ ਅੱਤਵਾਦੀ ਮਾਰਿਆ ਗਿਆ
Next articleਵਧੀਕ ਡਿਪਟੀ ਕਮਿਸ਼ਨਰ ਨੇ ਸਿਖਿਆਰਥੀਆਂ ਨੂੰ ਸਕਿੱਲ ਟ੍ਰੇਨਿੰਗ ਲਈ ਕੀਤਾ ਰਵਾਨਾ