(ਸਮਾਜ ਵੀਕਲੀ)
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ ਨਤੀਜੇ 10 ਮਾਰਚ ਨੂੰ ਆਉਣੇ ਹਨ। ਚੋਣਾਂ ਮੁਕਦਿਆਂ ਹੀ ਸਿਆਸੀ ਪਾਰਟੀਆਂ ਆਪਣੇ ਸਮਰਥਕਾਂ ਰਾਹੀਂ ਆਪੋ ਆਪਣੇ ਉਮੀਦਵਾਰਾਂ ਹਿੱਸੇ ਆਈਆਂ ਵੋਟਾਂ ਦਾ ਵਜ਼ਨ ਤੋਲ ਰਹੀਆਂ ਹਨ। ਹਰ ਥਾਂ ਇਹੀ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ ਕਿ ਆਖਰ ਕਿਸ ਪਾਰਟੀ ਦੀ ਸਰਕਾਰ ਬਣੇਗੀ? ਇਸ ਵਾਰ ਇਹ ਸਵਾਲ ਵੀ ਬੜੇ ਦਿਲਚਸਪ ਹਨ ਕਿ ਕੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਦੇ 111 ਦਿਨਾਂ ਦੇ ਕੀਤੇ ਕੰਮ ਕਾਂਗਰਸ ਦੀ ਦੋਬਾਰਾ ਜਿੱਤ ਦਾ ਰਾਹ ਪੱਧਰਾ ਕਰ ਸਕਣਗੇ ਜਾਂ ਨਹੀਂ?
ਕੀ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼ ਜਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਉਣਗੇ? ਕੀ ਇੱਕ ਸਾਲ ਤੋਂ ਵੱਧ ਚੱਲੇ ਕਿਸਾਨ ਅੰਦੋਲਨ ਦਾ ਇਨ੍ਹਾਂ ਚੋਣ ਨਤੀਜਿਆਂ ’ਤੇ ਕੋਈ ਅਸਰ ਪਵੇਗਾ ਜਾਂ ਨਹੀਂ ? ਕੀ ਆਮ ਆਦਮੀ ਪਾਰਟੀ 2017 ਦੇ ਮੁਕਾਬਲੇ ਆਪਣੀ ਸਥਿਤੀ ਸੁਧਾਰ ਸਕੇਗੀ ਜਾਂ ਨਹੀਂ ? ਕੀ ਭਾਜਪਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋਡ਼ ਤੋਂ ਬਿਨਾਂ ਆਪਣੇ ਦਮ ’ਤੇ ਕੋਈ ਕਮਾਲ ਵਿਖਾ ਸਕੇਗੀ ਜਾਂ ਨਹੀਂ ? ਕੀ ਅਕਾਲੀ-ਬਸਪਾ ਗਠਜੋੜ ਰੇਸ ਵਿੱਚ ਅੱਗੇ ਨਿਕਲ ਸਕੇਗਾ ਜਾਂ ਨਹੀਂ ?
ਇਸ ਵਾਰ ਪੰਜਾਬ ਵਿੱਚ ਚੋਣ ਨਤੀਜਿਆਂ ਬਾਰੇ ਪੈਦਾ ਹੋਈ ਉਲਝਣ ਨੇ ਸਿਆਸੀ ਮਾਹਿਰਾਂ ਨੂੰ ਵੀ ਚੱਕਰਾਂ ਵਿੱਚ ਪਾ ਰੱਖਿਆ ਹੈ। ਭਾਵੇਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਵਾਰ ਪੰਜਾਬ ਵਿੱਚ ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ। ਪਿੰਡਾਂ ਦੀਆਂ ਸੱਥਾਂ ਵਿੱਚ ਅਤੇ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਆਪੋ ਆਪਣੇ ਉਮੀਦਵਾਰ ਦੀ ਜਿੱਤ ਨੂੰ ਲੈ ਕੇ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਕੁੱਲ ਮਿਲਾ ਕੇ ਪੂਰਾ ਪੰਜਾਬ ਵੋਟਾਂ ਦੇ ਇਸ ਜੋੜ ਘਟਾਓ ਵਿੱਚ ਉਲਝਿਆ ਹੋਇਆ ਹੈ ਅਤੇ ਹਰ ਪਾਸੇ ਇਹੀ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਹਰ ਕਿਸੇ ਦੇ ਦਿਮਾਗ ਵਿੱਚ ਚੋਣ ਨਤੀਜਿਆਂ ਨੂੰ ਲੈ ਕੇ ਉਤਸੁਕਤਾ ਬਣੀ ਹੋਈ ਹੈ।
ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ), ਸੰਪਰਕ : 9876888177
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly