ਪੰਜਾਬੀ ਆਰਟਸ ਐਸੋਸੀਏਸ਼ਨ ਦਾ ਸਾਲਾਨਾ ਤੀਸਰਾ ਕੈਨੇਡੀਅਨ ਪੰਜਾਬੀ ਕਵੀ ਦਰਬਾਰ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ

ਪੰਜਾਬੀ ਆਰਟਸ ਐਸੋਸੀਏਸ਼ਨ ਦਾ ਸਾਲਾਨਾ ਤੀਸਰਾ ਕੈਨੇਡੀਅਨ ਪੰਜਾਬੀ ਕਵੀ ਦਰਬਾਰ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ

ਨਵੀਂਆਂ ਕਵਿਤਾਵਾਂ ਨੂੰ ਮਿਲਦਿਆਂ…
ਕੰਕਰੀਟ ਦੇ ਜੰਗਲ ‘ਚ ਨਿੱਤ ਦਿਨ ਦੀ ਦੌੜਭੱਜ ਭਰੀ ਜ਼ਿੰਦਗੀ ਜਿਉਂਦਿਆਂ ਜੇ ਕਿਸੇ ਦਿਨ ਤੁਹਾਨੂੰ ਬਹੁਤ ਸਾਰੇ ਨਵੇਂ ਕਵੀ ਮਿਲ ਜਾਣ ਅਤੇ ਤੁਹਾਨੂੰ ਅਪਣੀਆਂ ਕਵਿਤਾਵਾਂ ਨਾਲ ਧੁਰ ਅੰਦਰ ਠਹਿਰਾ ਦੇਣ…ਕਵਿਤਾ ਦੇਣ ਤਾਂ ਕੈਸਾ ਲੱਗੇਗਾ?
ਕਵਿਤਾ ਤਲਾਸ਼ਦੀਆਂ ਰੂਹਾਂ ਲਈ ਤਾਂ ਅਜਿਹਾ ਮੌਕਾ ਸੱਚਮੁਚ ਸੁਭਾਗ ਭਰਿਆ ਹੋਵੇਗਾ।
ਪੰਜਾਬੀ ਆਰਟਸ ਐਸੋਸੀਏਸ਼ਨ ਟਰਾਂਟੋ ਦਾ ਤੀਸਰਾ ਸਲਾਨਾ ਕਵੀ ਦਰਬਾਰ ਮੇਰੇ ਲਈ ਇਨਬਿਨ ਅਜਿਹਾ ਸੁਭਾਗਾ ਸਮਾਂ ਹੋ ਨਿੱਬੜਿਆ।
ਇਸ ਸਮਾਗਮ ਦਾ ਆਰੰਭ ਨੌਜਵਾਨ ਗਾਇਕਾ ਗੁਰਲੀਨ ਆਰੋੜਾ ਅਤੇ ਸਾਥੀਆਂ ਨੇ ਰਾਗਾਂ ਤੇ ਅਧਾਰਿਤ ਲੋਰੀ ਦੇ ਗਾਇਨ ਨਾਲ ਕੀਤਾ।
ਏਸ ਭਾਵਪੂਰਤ ਪੰਜਾਬੀ ਕਵੀ ਦਰਬਾਰ ‘ਚ 15 ਨਵੇਂ ਕਵੀ ਅਪਣੀਆਂ ਕਵਿਤਾਵਾਂ ਨਾਲ ਹਾਜ਼ਰ ਸਨ। ਖੁੱਲੀ ਤੇ ਛੰਦਬੱਧ ਕਵਿਤਾ, ਗੀਤ, ਗ਼ਜ਼ਲ ਦੇ ਨਾਲ ਨਾਲ ਵਾਰ ਤੇ ਕਵੀਸ਼ਰੀ ਦੇ ਰੰਗ ਅਤੇ ਛੋਹਾਂ ਜਿਵੇਂ ਨਵੀਂ ਤਰਜ਼-ਏ-ਜ਼ਿੰਦਗੀ ਨੂੰ ਅਪਣੇ ਨਵੇਂ ਖਿਆਲਾਂ ਨਾਲ ਨਵਿਆ ਰਹੇ ਸਨ। ਕਵਿਤਾ ਰਹੇ ਸਨ।

ਪਰਵਾਸ ਦੇ ਅਨੁਭਵ ਅਤੇ ਪ੍ਰਗਟਾ ਇਹਨਾਂ ਕਵਿਤਾਵਾਂ ‘ਚ ਅਸਲੋਂ ਨਵੇਂ ਸਨ। ਸੋਸ਼ਲ ਮੀਡੀਆ ਰਾਹੀਂ ਦੁਨੀਆਂ ਦੇ ਗਲੋਬਲ ਪਿੰਡ ਹੋ ਜਾਣ ਦੇ ਸਮਿਆਂ ‘ਚ ਵਿਛੋੜੇ ਦੇ ਸੱਲ ਤੇ ਮਿਲਣ ਦੇ ਸੁਖਦ ਅਹਿਸਾਸ ਪ੍ਰੰਪਰਿਕ ਮੈਟਾਫ਼ਰਾਂ, ਸਿੰਬਲੀਆਂ, ਬਿੰਬਾਂ ਤਸ਼ਬੀਹਾਂ ਨਾਲੋਂ ਹਟ ਕੇ ਨਵੀਂ ਸ਼ਿੱਦਤ ਵਾਲੇ ਸਨ।

ਇੰਟਰਨੈਸ਼ਨਲ ਸਟੂਡੈਂਟਾਂ ਵਜੋਂ ਨਿੱਕੀ ਉਮਰੇ ਪਰਵਾਸ ਧਾਰਨ ਕਰਨ ਅਤੇ ਪਰਾਈ ਧਰਤੀ ਤੇ ਅਪਣੇ ਬਲਬੂਤੇ ਸਰਵਾਈਵ ਕਰਨ ਦੀ ਸਟਰਗਲ ਚੋਂ ਉਭਰਦੇ ਮਾਂ ਬਾਪ ਦੇ ਰਿਸ਼ਤਿਆਂ ਪ੍ਰਤੀ ਉਦਰੇਵੇਂ ਲਗਾਓ ਅਤੇ ਜ਼ਿੰਦਗੀ ‘ਚ ਉਹਨਾਂ ਦੀ ਦੇਣ ਅਤੇ ਅਹਿਮੀਅਤ ਬਾਰੇ ਨਵੇਂ ਬਿੰਬ ਅਤੇ ਉਹਨਾਂ ਦੇ ਕਾਵਿਕ ਪ੍ਰਗਟਾ ਦਿਲ ਨੂੰ ਛੂਹਦੇ ਵੀ ਸਨ ਤੇ ਝੰਜੋੜਦੇ ਵੀ।

ਕੁੱਲ ਮਿਲਾ ਕੇ ਪੰਜਾਬੀ ਆਰਟਸ ਐਸੋਸੀਏਸ਼ਨ ਦਾ ਇਹ ਸਲਾਨਾ ਲੜੀਵਾਰ ਕਾਵਿਕ ਉਪਰਾਲਾ ਰੂਹਾਂ ਨੂੰ ਕਵਿਤਾ ਅਤੇ ਕਵਿਤਾ ਨੂੰ ਰੂਹਾਂ ਨਾਲ ਮਿਲਾਉਣ ਦਾ ਇੱਕ ਹੋਰ ਸਫ਼ਲ ਉਪਰਾਲਾ ਸੀ, ਜਿਸ ਲਈ ਬਲਜਿੰਦਰ ਸਿੰਘ ਲੇਲਨਾ, ਕੁਲਦੀਪ ਰੰਧਾਵਾ, ਸਰਬਜੀਤ ਸਿੰਘ ਅਰੋੜਾ, ਜਗਵਿੰਦਰ ਜੱਜ ਅਤੇ ਸਮੁੱਚੀ ਟੀਮ ਦਿਲੀ ਵਧਾਈ ਦੀ ਹੱਕਦਾਰ ਹੈ।
ਸ਼ਾਲਾ! ਇਹ ਕਾਵਿ-ਕਾਰਵਾਂ ਕਵਿਤਾ ਦੇ ਰਾਹ ਤੇ ਇਵੇਂ ਹੀ ਸਫ਼ਰਤ ਰਹੇ ਅਤੇ ਹਰ ਸਾਲ ਨਵੀਂਆਂ ਕਾਵਿ-ਮੰਜ਼ਲਾਂ ਛੋਹੇ।

ਅਨੁਰਾਧਾ ਗਰੋਵਰ ਤੇਜਪਾਲ ਹੁਰਾਂ ਵਲੋਂ ਕਲਾਬੱਧ ਕੀਤੇ ਗਏ ਇਸ ਕਵੀ ਦਰਬਾਰ ਨੂੰ ਜਸਲੀਨ ਕੌਰ ਅਤੇ ਲਵੀਨ ਗਿੱਲ ਨੇ ਬਾਖੂਬੀ ਸੰਚਾਲਤ ਕੀਤਾ।

-ਉਂਕਾਰਪ੍ਰੀਤ
ਧੰਨਵਾਦ ਸਹਿਤ । ਇਹ ਰਿਪੋਰਟ ਨਾਮਵਰ ਲੇਖਕ ਤੇ ਸ਼ਾਇਰ ਉਂਕਾਰਪ੍ਰੀਤ ਜੀ ਨੇ “ਰਮਿੰਦਰ ਵਾਲੀਆ “ ਨੂੰ ਸਾਂਝੀ ਕੀਤੀ ।
(ਰਮਿੰਦਰ ਵਾਲੀਆ)

Previous articleਹਾਕਮਾਂ ਨੇ ਲੋਕਾਂ ਦਾ ਕੁਝ ਨਹੀਂ ਸੁਆਰਿਆ-ਗੜ੍ਹੀ
Next articleਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ