(ਸਮਾਜ ਵੀਕਲੀ)
ਪੰਜਾਬ ਦੀ ਰਾਜਨੀਤੀ ਵਿੱਚ ਬਦਲਾਅ ਤੇ ਨਵੀਂ ਸੋਚ ਨੂੰ ਲੈਕੇ ਪੰਜਾਬ ਵਿਧਾਨਸਭਾ ਸਭਾ 2022 ਦੀਆਂ ਚੋਣਾਂ ਹਰ ਦਿਨ ਨਵੇਂ ਨਵੇਂ ਘਟਨਾਚੱਕਰਾਂ ਵਿੱਚੋਂ ਗੁਜ਼ਰ ਰਹੀਆਂ ਹਨ। ਇਹਨਾਂ ਵਿੱਚੋਂ ਰਾਜਸੀ ਧਿਰਾਂ ਦੀਆਂ ਵੱਖ-ਵੱਖ ਗਤੀਵਿਧੀਆਂ , ਚਿਹਰਿਆਂ ਦੀਆਂ ਰਾਜਨੀਤੀ, ਪਰਿਵਾਰਵਾਦ ਦੀ ਪਹਿਲਾਂ ਪਿਓ ਹੁਣ ਪੁੱਤ ਵਾਲੀ ਨੀਤੀ ਅਤੇ ਚੋਣ ਮੈਨੀਫੈਸਟੋ ਵਾਲੇ ਘਟਨਾ ਚੱਕਰ ਮੁੱਢ ਦੀ ਰਾਜਨੀਤੀ ਤੋਂ ਹੁਣ ਤੱਕ ਦੀ ਰਾਜਨੀਤੀ ਤੱਕ ਲਗਭਗ ਇੱਕਸਮਾਨ ਚੱਲਦੇ ਨਜ਼ਰ ਆਉਂਦੇ ਹਨ।
04 ਫਰਵਰੀ ਦੀ ਨਾਮਜ਼ਦਗੀ ਵਾਪਸੀ ਤੋਂ ਬਾਅਦ ਚੋਣ ਖੇਤਰਾਂ ਵਿੱਚ ਚੋਣ ਪ੍ਰਚਾਰ ਤੇਜ਼ੀ ਫੜਦਾ ਨਜ਼ਰ ਆਇਆ । ਨਵੇਂ ਬਣੇ ਸੁੰਯਕਤ ਸਮਾਜ ਮੋਰਚੇ ਦੇ ਤਿੰਨ ਉਮੀਦਵਾਰਾਂ ਨੇ ਵੱਖ-ਵੱਖ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਆਪਣੇ ਨਾਮ ਵਾਪਸ ਲੈਣਾ ਰਾਜਨੀਤੀ ਵਿਸ਼ਲੇਸ਼ਕ ਦੀ ਸਮਝ ਤੋਂ ਬਾਹਰ ਦੀ ਗੱਲ ਹੋ ਗਈ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਬਹੁਤੀਆਂ ਰਾਜਸੀ ਧਿਰਾਂ ਮੁੱਖ ਮੰਤਰੀ ਦੇ ਨਾਮ ਤੇ ਚੋਣਾਂ ਲੜ ਰਹੀਆਂ ਹਨ। ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਜੋ ਭਦੌੜ ਅਤੇ ਚਮਕੌਰ ਸਾਹਿਬ ਦੋ ਥਾਵਾਂ ਤੋਂ ਕਿਸਮਤ ਅਜ਼ਮਾ ਰਹੇ ਹਨ । ਇਸ ਪਹਿਲਾਂ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਲਈ ਦੋ ਥਾਵਾਂ ਤੋਂ ਕਿਸਮਤ ਅਜ਼ਮਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਪਰਕਾਸ਼ ਸਿੰਘ ਬਾਦਲ ਦੋ ਥਾਵਾਂ ਤੋਂ ਜੇਤੂ ਰਹੇ।
ਹੁਣ ਚਰਨਜੀਤ ਸਿੰਘ ਚੰਨੀ ਵੇਖੋ ਸਫ਼ਲ ਰਹਿੰਦੇ ਹਨ ਜਾ ਨਹੀਂ। ਵੱਖ ਵੱਖ ਰਾਜਸੀ ਧਿਰਾਂ ਵਿੱਚ ਅੱਜ ਵੀ ਚਿਹਰਿਆਂ ਦੀ ਰਾਜਨੀਤੀ ਹੀ ਭਾਰੂ ਹੈ ਇਹਨਾਂ ਪਾਰਟੀਆਂ ਦਾ ਮੰਨਣਾ ਹੈ ਕਿ ਪਾਰਟੀ ਦੇ ਮੁੱਖ ਚਿਹਰੇ ਹੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾ ਸਕਦੇ ਹਨ। ਸ਼੍ਰਮੋਣੀ ਅਕਾਲੀ ਦਲ ਸ. ਪਰਕਾਸ਼ ਸਿੰਘ ਬਾਦਲ ਨੂੰ ਚੋਣ ਖੇਤਰ ਵਿੱਚ ਉਤਾਰ ਇਸ ਗੱਲ ਦਾ ਲਾਹਾ ਖੱਟਣਾ ਚਾਹੁੰਦਾ ਹੈ । ਉੱਥੇ ਕਾਂਗਰਸ ਆਪਣੀ ਕੈਬਨਿਟ ਰਾਹੀਂ ਤੇ ਆਮ ਆਦਮੀ ਪਾਰਟੀ ਵੱਡੇ ਵੱਡੇ ਅਫਸਰਾਂ, ਖਿਡਾਰੀਆਂ ਅਤੇ ਗਾਇਕਾਂ ਨਾਲ ਕਿਸਮਤ ਅਜ਼ਮਾਉਦੇ ਨਜ਼ਰ ਆਉਂਦੇ ਹਨ। ਸੰਯੁਕਤ ਸਮਾਜ ਮੋਰਚਾ ਵੀ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਬਰਾਬਰ ਦੀ ਟੱਕਰ ਦੇਣ ਲਈ ਚੋਣ ਖੇਤਰ ਵਿੱਚ ਡੱਟਿਆ ਹੋਇਆ ਹੈ। ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਬੈਂਸ ਭਰਾ ਅਤੇ ਲਖਵੀਰ ਸਿੰਘ ਲੱਖਾ ਸਿਧਾਣਾ ਵੀ ਇਸੇ ਸੂਚੀ ਦਾ ਹਿੱਸਾ ਨੇ।
ਜੇ ਅਸੀਂ ਗੱਲ ਚੋਣਾਂ ਦੇ ਮੁੱਦਿਆਂ ਦੀ ਕਰੀਏ ਤਾਂ ਹਰ ਪਾਰਟੀ ਆਪਣੇ ਚੋਣ ਮੈਨੀਫੈਸਟੋ ਨੂੰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਉੱਤਮ ਬਣਾਉਣ ਲਈ ਮੁਫ਼ਤ ਸਹੂਲਤਾਂਵਾਂ ਦੀ ਝੜੀਆਂ ਲਗਾ ਰਹੀਆਂ ਹਨ। ਚਾਹੇ ਇਹਨਾਂ ਦੇ ਚੋਣ ਮੈਨੀਫੈਸਟੋ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਘੱਟ ਤੇ ਲੁਭਾਉਣ ਦਾ ਕੰਮ ਜ਼ਿਆਦਾ ਕਰਦੇ ਦਿਖਾਈ ਦਿੰਦੇ ਹਨ। ਪੰਜਾਬ ਦੇ ਅਸਲ ਮੁੱਦੇ ਬੇਰੁਜ਼ਗਾਰੀ , ਕਾਰੋਬਾਰ, ਨਸ਼ਿਆਂ ਦੇ ਖਾਤਮੇ ਲਈ, ਸਿੱਖਿਆ , ਸਿਹਤ ਸਹੂਲਤਾਵਾਂ ਅਤੇ ਕਰਜ਼ਿਆਂ ਦੇ ਖ਼ਾਤਮੇ ਦਾ ਸਾਰਥਕ ਹੱਲ ਕੱਢਣ ਵਿੱਚ ਅਸਮਰੱਥ ਲੱਗ ਰਹੇ ਹਨ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਾਜਸੀ ਧਿਰਾਂ ਦੇ ਦਿੱਗਜ ਉਮੀਦਵਾਰ ਆਹਮੋ-ਸਾਹਮਣੇ ਹੋ ਰਹੇ ਹਨ ਜਿਨ੍ਹਾਂ ਵਿੱਚ ਮੁਕਾਬਲਾ ਬੜਾ ਹੀ ਦਿਲਚਸਪ ਬਣਿਆ ਹੋਇਆ ਹੈ।
ਕਿਤੇ-ਕਿਤੇ ਜਿਵੇਂ ਭਦੌੜ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਨੀਤਿਕ ਸ਼ਕਤੀ ਅਤੇ ਆਰਥਿਕ ਪੱਖੋਂ ਵੀ ਸ਼ਕਤੀਸ਼ਾਲੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਇਕ ਮੱਧ ਵਰਗੀ ਪਰਿਵਾਰ ਦੇ ਉਮੀਦਵਾਰ ਨਾਲ ਹੈ। ਸੰਗਰੂਰ ਤੋਂ ਅਰਵਿੰਦ ਖੰਨਾ ਕਾਰੋਬਾਰੀ ਦਾ ਮੈਦਾਨ ਵਿੱਚ ਆਉਣਾ ਵੀ ਦੂਸਰੇ ਉਮੀਦਵਾਰਾਂ ਤੋਂ ਜਿਆਦਾ ਆਰਥਿਕ ਮਜ਼ਬੂਤੀ ਦੀ ਝਲਕ ਪਾਉਂਦਾ ਹੈ। ਉੱਧਰ ਵਿਕਰਮਜੀਤ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵੀ ਆਹਮੋ-ਸਾਹਮਣੇ ਹਨ ਜੋ ਵੋਟਰਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਧੂਰੀ ਵਾਲੀ ਵਿਧਾਨਸਭਾ ਸੀਟ ਤੇ ਵੀ ਸਾਰੇ ਬਾਜ਼ ਵਾਲੀ ਅੱਖ ਰੱਖੀ ਬੈਠੇ ਹਨ ਕਿਉਂਕਿ ਇੱਥੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਸਿੰਘ ਜੀ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਹੈ ।
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੀ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਲਹਿਰਾਗਾਗਾ ਤੋਂ ਆਹਮੋ-ਸਾਹਮਣੇ ਹਨ। ਇਸ ਵਿਧਾਨਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਪਟਿਆਲਾ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਤਲਵੰਡੀ ਸੀਟ ਤੇ ਸਾਬਕਾ ਮੰਤਰੀ ਜੱਸੀ ਦੇ ਆਉਣ ਨਾਲ ਮੁਕਾਬਲਾ ਦਿਲਚਸਪ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਵਾਰ ਬਲਕਾਰ ਸਿੱਧੂ, ਸਿੱਧੂ ਮੂੱਸੇ ਵਾਲਾ, ਗਗਨ ਅਨਮੋਲ ਆਦਿ ਗਾਇਕ ਵੀ ਕਿਸਮਤ ਦੇ ਧਨੀ ਹੋਣ ਦਾ ਗੀਤ ਗਾ ਰਹੇ ਹਨ। ਇਸ ਤੋਂ ਇਲਾਵਾ ਗੁਰਲਾਲ ਘਨੌਰ, ਗੁਲਜ਼ਾਰੀ ਮੂਣਕ , ਪਰਗਟ ਸਿੰਘ ਅੰਤਰਰਾਸ਼ਟਰੀ ਖਿਡਾਰੀ ਵੀ ਰਾਜਨੀਤੀ ਵਿੱਚ ਨਵੇਂ ਵਿਧਾਨ ਸਭਾ ਵਿੱਚ ਜਗ੍ਹਾ ਬਣਾਉਣ ਲਈ ਦਾਅ ਪੇਚ ਲਗਾਉਂਦੇ ਨਜ਼ਰ ਆ ਰਹੇ ਹਨ।
ਗੱਲ ਦੇ ਚੋਣ ਪ੍ਰਚਾਰ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਨੇ ਇਨਡੋਰ 500 ਤੇ ਆਊਟਡੋਰ 1000 ਵਿਅਕਤੀਆਂ ਦੇ ਇੱਕਠ ਆਦਿ ਹਦਾਇਤਾਂ ਰਾਜਸੀ ਧਿਰਾਂ ਨੂੰ ਖੁੱਲ ਕੇ ਪ੍ਰਚਾਰ ਕਰਨ ਤੇ ਰੋਕ ਲਗਾਉਣ ਦਾ ਕੰਮ ਕਰ ਰਹੀਆਂ ਹਨ। ਇਸ ਵਾਰ ਕੋਵਿਡ-19 ਦੀਆਂ ਹਦਾਇਤਾਂ ਨੇ ਚੋਣ ਪ੍ਰਚਾਰ ਨੂੰ ਪਹਿਲੀਆਂ ਚੋਣਾਂ ਨਾਲੋਂ ਵੱਖ ਬਣਾਇਆ ਹੈ। ਸਕੂਲ, ਕਾਲਜ ਬੰਦ ਹੋਣ ਕਰਕੇ ਇਸ ਵਾਰ ਉਮੀਦਵਾਰਾਂ ਦੇ ਬੱਚਿਆਂ ਵੱਲੋਂ ਵੀ ਚੋਣ ਪ੍ਰਚਾਰ ਲਈ ਘਰ ਘਰ ਵੋਟਾਂ ਮੰਗਣ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਵਰਚੁਅਲ ਪ੍ਰਚਾਰ ਨੇ ਵੀ ਰਾਜਸੀ ਧਿਰਾਂ ਨੂੰ ਨਵੇਂ ਤਰੀਕਿਆਂ ਨਾਲ ਚੋਣ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਵਿੱਚ ਵਾਧਾ ਕੀਤਾ ਹੈ।
ਹੁਣ ਤੱਕ ਸਾਰੀਆਂ ਰਾਜਸੀ ਧਿਰਾਂ ਚੋਣ ਪ੍ਰਚਾਰ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਵਿੱਚ ਵੱਧ ਤੋਂ ਵੱਧ ਪੋਸਟਰਾਂ , ਫਲੈਕਸਾਂ , ਪੈਂਫਲਿਟ ਅਤੇ ਸੋਸ਼ਲ ਮੀਡੀਆ ਦੀ ਵੱਧ ਤੋਂ ਵਰਤੋਂ ਕਰ ਰਹੇ ਹਨ । ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਅਤੇ ਪਿਛਲੀ ਵਾਰ ਨਾਲੋਂ ਗਲਤੀਆਂ ਨੂੰ ਨਾ ਦੁਹਰਾਉਣ ਕਰਕੇ ਚੋਣ ਪ੍ਰਚਾਰ ਵਿੱਚ ਇੱਕ ਬਦਲਾਅ ਦੇ ਨਾਮ ਤੇ ਲੋਕਾਂ ਦਾ ਝੁਕਾਅ ਆਪਣੇ ਪੱਖ ਵਿੱਚ ਕਰਦੀ ਨਜ਼ਰ ਆਉਂਦੀ ਹੈ। 20 ਫਰਵਰੀ ਨੂੰ ਪੰਜਾਬ ਦੇ ਵੋਟਰਾਂ ਨੇ ਨਵੀਂ ਵਿਧਾਨ ਸਭਾ ਦੇ ਮੈਂਬਰਾਂ ਦੀ ਕਿਸਮਤ ਦਾ ਫੈਸਲਾ ਕਰ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਹੈ । ਜੋ 10 ਮਾਰਚ ਨੂੰ ਜੱਗ ਜ਼ਾਹਰ ਹੋਣਾ ਹੈ ਕਿ ਕਿਹੜੇ ਕਿਹੜੇ ਦਿੱਗਜ ਉਮੀਦਵਾਰ ਨਵੀਂ ਪੰਜਾਬ ਵਿਧਾਨਸਭਾ ਹਿੱਸਾ ਬਣਨਗੇ।
ਇਸ ਵਾਰ ਚੋਣ ਮਤਦਾਨ ਪ੍ਰਤੀਸ਼ਤ ਦਾ ਘੱਟ ਹੋਣਾ ਲੋਕਾਂ ਦਾ ਰਾਜਨੀਤਕ ਪਾਰਟੀਆਂ ਤੋਂ ਵਿਸ਼ਵਾਸ ਉੱਠਣਾ ਜਾਂ ਦੂਰ ਰਹਿਣ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ । ਚੋਣਾਂ ਦੌਰਾਨ ਇੱਕੀ ਦੂੱਕੀ ਤਾਂ ਘਟਨਾਵਾਂ ਵਾਪਰੀਆਂ ਹਨ ਬਾਕੀ ਚੋਣਾਂ ਅਮਨ ਅਮਾਨ ਨਾਲ ਨੇਪਰੇ ਚਾੜ੍ਹਨਾ ਵੀ ਵਧੀਆ ਗੱਲ ਹੈ। ਬਹੁਤ ਪਿੰਡਾਂ ਦੇ ਵਿੱਚ ਨਾ ਲੱਗਣਾ, ਕੁੱਝ ਪਿੰਡਾਂ ਨੇ ਇੱਕ ਸਾਂਝੇ ਬੂਥ ਲਗਾ ਪੰਜਾਬ ਦੀ ਸਾਂਝੀਵਾਲਤਾ ਦੇ ਸਬੂਤ ਪੇਸ਼ ਕੀਤਾ । ਹੁਸ਼ਿਆਰਪੁਰ ਦੇ ਗੜਸ਼ੰਕਰ ਵਿਧਾਨ ਸਭਾ ਸੀਟ ਚ ਪੈਂਦੇ ਪਿੰਡ ਬਸਿਆਲਾ ਅਤੇ ਰਸੂਲਪੁਰ ਦੇ ਲੱਗਭੱਗ 1000 ਵੋਟਰਾਂ ਵਿੱਚੋਂ ਇੱਕ ਨੇ ਵੀ ਵੋਟ ਦਾ ਇਸਤਮਾਲ ਨਹੀਂ ਕੀਤਾ। ਪੋਲਿੰਗ ਪਾਰਟੀਆਂ 6 ਵਜੇ ਤੱਕ ਵੋਟਰਾਂ ਨੂੰ ਉਡੀਕਦੀਆਂ ਰਹੀਆਂ। ਲੰਮੇ ਸਮੇਂ ਤੋਂ ਮੰਗਾਂ ਨੂੰ ਨਾ ਪੂਰਾ ਕਰਨ ਕਰਕੇ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਜਿਸ ਤੇ ਉਹ ਖਰੇ ਉੱਤਰੇ ਜੋ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਪਿਰਤ ਪਾਈ ਗਏ। ਉਮੀਦ ਹੈ ਕਿ ਆਉਂਦੀ 10 ਮਾਰਚ ਉਮੀਦਵਾਰਾਂ ਤੇ ਵੋਟਰਾਂ ਲਈ ਨਵੇਂ ਰਾਹਾਂ ਤੇ ਚੱਲ ਪੰਜਾਬ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗੀ।
ਅਸਿ. ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
9417545100
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly