ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ ਵੱਡੀ ਅਤੇ ਸਕਾਰਾਤਮਕ ਖ਼ਬਰ ਸਾਹਮਣੇ ਆਈ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਉਠਾਏ ਗਏ ਸਖ਼ਤ ਇਤਰਾਜ਼ ਅਤੇ ਤੁਰੰਤ ਕਾਰਵਾਈ ਤੋਂ ਬਾਅਦ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਨੇ ਝੁਕਦਿਆਂ ਕੈਂਪਸ ਵਿੱਚ ਪੰਜਾਬੀ ਭਾਸ਼ਾ ਵਾਲੇ ਸਾਈਨਬੋਰਡ ਲਗਾਉਣ ਦੀ ਪ੍ਰਕਿਰਿਆ ਅਧਿਕਾਰਤ ਤੌਰ ‘ਤੇ ਸ਼ੁਰੂ ਕਰ ਦਿੱਤੀ ਹੈ। ਇਹ ਪੂਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਦਿਵਿਆਂਗਜਨਾਂ ਦੀ ਸਹੂਲਤ ਲਈ ਕੈਂਪਸ ਦੇ ਵੱਖ-ਵੱਖ ਵਿਭਾਗਾਂ, ਖ਼ਾਸ ਕਰਕੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਵਿੱਚ ਨਵੇਂ ਸਾਈਨਬੋਰਡ ਲਗਾਏ ਸਨ। ਇਹਨਾਂ ਬੋਰਡਾਂ ‘ਤੇ ਸਭ ਤੋਂ ਉੱਪਰ ਹਿੰਦੀ, ਫਿਰ ਅੰਗਰੇਜ਼ੀ ਅਤੇ ਬ੍ਰੇਲ ਲਿਪੀ ਦੀ ਵਰਤੋਂ ਤਾਂ ਕੀਤੀ ਗਈ ਸੀ, ਪਰ ਪੰਜਾਬ ਦੀ ਧਰਤੀ ‘ਤੇ ਸਥਿਤ ਇਸ ਇਤਿਹਾਸਕ ਯੂਨੀਵਰਸਿਟੀ ਵਿੱਚੋਂ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਸੀ। ਇਸ ਭਾਸ਼ਾਈ ਅਣਦੇਖੀ ਦਾ ਸਖ਼ਤ ਨੋਟਿਸ ਲੈਂਦਿਆਂ ਐਮ.ਪੀ. ਮਲਵਿੰਦਰ ਸਿੰਘ ਕੰਗ ਨੇ ਚਾਂਸਲਰ ਅਤੇ ਦੇਸ਼ ਦੇ ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਇੱਕ ਭਾਵੁਕ ਅਤੇ ਤਰਕਸ਼ੀਲ ਪੱਤਰ ਲਿਖਿਆ। ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੈਨੇਟ ਮੈਂਬਰ ਰਹੇ ਕੰਗ ਨੇ ਸਪੱਸ਼ਟ ਕੀਤਾ ਕਿ ਸਮਾਵੇਸ਼ੀ ਬੁਨਿਆਦੀ ਢਾਂਚੇ ਦੇ ਨਾਂ ‘ਤੇ ਖੇਤਰੀ ਅਤੇ ਸੱਭਿਆਚਾਰਕ ਪਛਾਣ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਅਤੇ ਪੰਜਾਬੀ ਨੂੰ ਇਸ ਦੇ ਆਪਣੇ ਖੇਤਰ ਵਿੱਚੋਂ ਬਾਹਰ ਕਰਨਾ ਇੱਕ ਦੁਖਦਾਈ ਪ੍ਰਸ਼ਾਸਨਿਕ ਲਾਪਰਵਾਹੀ ਹੈ। ਐਮ.ਪੀ. ਕੰਗ ਦੀ ਇਸ ਮੁਹਿੰਮ ‘ਤੇ ਤੁਰੰਤ ਕਾਰਵਾਈ ਕਰਦਿਆਂ ਉਪ-ਰਾਸ਼ਟਰਪਤੀ ਸਕੱਤਰੇਤ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਇਸ ਦੇ ਜਵਾਬ ਵਿੱਚ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਪ੍ਰੋਫੈਸਰ ਰੇਣੂ ਵਿਗ ਨੇ ਐਮ.ਪੀ. ਮਲਵਿੰਦਰ ਸਿੰਘ ਕੰਗ ਨੂੰ ਲਿਖਤੀ ਪੱਤਰ ਭੇਜ ਕੇ ਸੂਚਿਤ ਕੀਤਾ ਹੈ ਕਿ ਯੂਨੀਵਰਸਿਟੀ ਦੇ ਨਿਰਮਾਣ ਦਫ਼ਤਰ ਵੱਲੋਂ ਪੰਜਾਬੀ ਸਾਈਨਬੋਰਡ ਅਤੇ ਨੇਮਪਲੇਟਾਂ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਪੰਜਾਬੀ ਬੋਰਡਾਂ ਦੀ ਖ਼ਰੀਦ ਲਈ ਸਰਕਾਰੀ ਪੋਰਟਲ ‘ਤੇ ਆਰਡਰ ਵੀ ਦੇ ਦਿੱਤਾ ਗਿਆ ਹੈ ਅਤੇ ਬਹੁਤ ਜਲਦ ਕੈਂਪਸ ਵਿੱਚ ਪੰਜਾਬੀ ਭਾਸ਼ਾ ਵਾਲੇ ਸਾਈਨਬੋਰਡ ਸਥਾਪਿਤ ਕਰ ਦਿੱਤੇ ਜਾਣਗੇ। ਐਮ.ਪੀ. ਕੰਗ ਦੇ ਇਸ ਸਾਰਥਕ ਯਤਨ ਸਦਕਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣੀ ਗ਼ਲਤੀ ਸੁਧਾਰਨੀ ਪਈ ਹੈ, ਜਿਸ ਨਾਲ ਸਮੁੱਚੇ ਪੰਜਾਬੀ ਜਗਤ ਅਤੇ ਵਿਦਿਆਰਥੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਤੇ ਇਸ ਨੂੰ ਮਾਂ-ਬੋਲੀ ਦੇ ਸਤਿਕਾਰ ਦੀ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



