(ਸਮਾਜ ਵੀਕਲੀ)
ਬਲਾਚੌਰ 25 ਫਰਵਰੀ (ਰਮੇਸ਼ਵਰ ਸਿੰਘ)*ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ ਵਿੱਚ ਜੀ-20 ਨਾਲ ਸਬੰਧਿਤ ਵਿਦਿਆਰਥੀ ਮੁਕਾਬਲੇ ਕਰਵਾਏ ਗਏ*
ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ ਬਲਾਚੌਰ ਵਿਖੇ 21-25 ਫਰਵਰੀ 2023 ਦੌਰਾਨ ਪ੍ਰਿੰਸੀਪਲ ਡਾ. ਸੁਨੀਲ ਖੋਸਲਾ ਜੀ ਦੀ ਅਗਵਾਈ ਵਿੱਚ ਜੀ -20 ਨਾਲ ਸੰਬੰਧਿਤ ਵਿਦਿਆਰਥੀ ਮੁਕਾਬਲੇ ਕਾਰਵਾਏ ਗਏ। “ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ” ਥੀਮ ‘ਤੇ ਇਸ ਪ੍ਰੋਗਰਾਮ ਵਿੱਚ ਵਿਸ਼ਵ ਅਰਥਚਾਰਾ, ਵਾਤਾਵਰਨ, ਸਿਹਤ, ਟਿਕਾਊ ਵਿਕਾਸ, ਨਾਰੀ ਸਸ਼ਕਤੀਕਰਨ, ਸਮਾਜਿਕ ਸੁਰੱਖਿਆ ਅਤੇ ਰੁਜ਼ਗਾਰ ਆਦਿ ਸਰੋਕਾਰਾਂ ਨੂੰ ਉਭਾਰਦੇ ਹੋਏ ਮੁਕਾਬਲੇ ਕਰਵਾਏ ਗਏ। ਪੰਜ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਕ੍ਰਮਵਾਰ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਪ੍ਰਸ਼ਨੋਤਰੀ, ਪੋਸਟਰ ਮੁਕਾਬਲੇ, ਭਾਸ਼ਣ, ਲੇਖ ਰਚਨਾ ਤੇ ਕੋਲਾਜ ਬਣਾਉਣ ਦੇ ਮੁਕਾਬਲਿਆਂ ‘ਚ ਬੜੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਫੈਸਰ ਸਾਹਿਬਾਨਾਂ ਨੇ ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਅਤੇ ਹਰ ਮੁਕਾਬਲੇ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਵਾਰ ਭਾਰਤ ਦੀ ਮੇਜ਼ਬਾਨੀ ‘ਚ ਹੋ ਰਹੇ ਜੀ-20 ਸੰਮਲੇਨ ਦੀ ਮਹੱਤਤਾ, ਚੁਣੌਤੀਆਂ ਅਤੇ ਉਦੇਸ਼ਾਂ ਬਾਰੇ ਕਾਲਜ ਸਟਾਫ ਨੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ। ਸਮੁੱਚੇ ਕਾਲਜ ਸਟਾਫ ਨੇ ਇਨ੍ਹਾਂ ਵਿਦਿਆਰਥੀ ਮੁਕਾਬਲਿਆਂ ਵਿੱਚ ਸਰਗਰਮ ਭੂਮਿਕਾ ਨਿਭਾਈ, ਜਿਸ ਸਦਕਾ ਕਾਲਜ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਇਨ੍ਹਾਂ ਮੁਕਾਬਲਿਆਂ ਚ ਭਾਗ ਲਿਆ। ਪ੍ਰਿੰਸੀਪਲ ਡਾ. ਖੋਸਲਾ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।