ਧੂਰੀ (ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ਧੂਰੀ ਦਾ ਮਹੀਨਾਵਾਰ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਕੀਤਾ ਗਿਆ ਜਿਸ ਵਿੱਚ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ( ਲੁਧਿਆਣਾ ) ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਆਪਣੇ ਦੋ ਸਾਥੀਆਂ ਬਲਵੰਤ ਸਿੰਘ ਵਿਰਕ ਅਤੇ ਨੇਤਰ ਸਿੰਘ ਮੁੱਤੋਂ ਸਮੇਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਜਿਨ੍ਹਾਂ ਦੇ ਮੁਹੱਬਤੀ ਵਿਚਾਰਾਂ ਅਤੇ ਮੁੱਲਵਾਨ ਰਚਨਾਵਾਂ ਨੇ ਸਮਾਗਮ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ।
ਸ਼ੁਰੂਆਤੀ ਦੌਰ ਵਿੱਚ ਸੁਆਗਤੀ ਸ਼ਬਦਾਂ ਤੋਂ ਇਲਾਵਾ ਬੀਤੇ ਮਹੀਨੇ ਵਿੱਚ ਸਦੀਵੀ ਵਿਛੋੜੇ ਦੇ ਗਏ ਲੇਖਕਾਂ , ਕਲਾਕਾਰਾਂ ਅਤੇ ਪ੍ਰਮੁੱਖ ਹਸਤੀਆਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ , ਇੱਕ ਵੱਖਰੇ ਮਤੇ ਰਾਹੀਂ ਸਭਾ ਦੇ ਮੈਂਬਰ ਘੁਮੰਡ ਸਿੰਘ ਸੋਹੀ ਨੂੰ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ 90 – 95 ਸਾਲਾ ਉਮਰ ਗਰੁੱਪ ਵਿੱਚ ਤਿੰਨ ਸੋਨ ਤਗਮੇ ਜਿੱਤਣ ‘ਤੇ ਮੁਬਾਰਕਬਾਦ ਦਿੱਤੀ ਗਈ ।
ਦੂਸਰੇ ਦੌਰ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਗਏ ਪੰਜਾਬੀ ਮਹੀਨੇ ਦੀ ਪੁਣਛਾਣ ਕਰਦਿਆਂ ਸਮਾਗਮਾਂ ਲਈ ਬੁਲਾਏ ਲੇਖਕਾਂ ਨੂੰ ਦਿੱਤਾ ਜਾਣ ਵਾਲ਼ਾ ਕਿਰਾਇਆ ਭਾੜਾ ਅਤੇ ਮਾਣ ਭੱਤਾ ਬੰਦ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਦੁਬਾਰਾ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ । ਇਸ ਦੇ ਨਾਲ਼ ਹੀ ਸਰਕਾਰ ਤੋਂ ਪੰਜਾਬ ਰਾਜ ਭਾਸ਼ਾ ਐਕਟ ਨੂੰ ਸਖ਼ਤੀ ਨਾਲ਼ ਲਾਗੂ ਕਰਨ , ਦਫ਼ਤਰਾਂ ਤੇ ਕਚਹਿਰੀਆਂ ਵਿੱਚ ਸਾਰਾ ਕੰਮ ਪੰਜਾਬੀ ਵਿੱਚ ਕਰਾਉਂਣ ਅਤੇ ਦੁਕਾਨਾਂ ਤੇ ਕਾਰੋਬਾਰੀ ਅਦਾਰਿਆਂ ਦੇ ਬੋਰਡਾਂ ਵਿੱਚ ਪੰਜਾਬੀ ਨੂੰ ਪਹਿਲ ਦੇਣ ਦੀ ਮੰਗ ਵੀ ਕੀਤੀ ਗਈ ।
ਤੀਸਰੇ ਦੌਰ ਵਿੱਚ ਕਰਮਜੀਤ ਹਰਿਆਊ ਨੇ ਆਪਣੇ ਆਸਟਰੇਲੀਆ ਦੀ ਯਾਤਰਾ ਦੇ ਤਜ਼ਰਬੇ ਅਤੇ ਯਾਦਾਂ ਸਾਂਝੀਆਂ ਕਰਦਿਆਂ ਸਭਾ ਨੂੰ ਤੋਹਫ਼ੇ ਵੀ ਭੇਂਟ ਕੀਤੇ । ਦਸੰਬਰ ਮਹੀਨੇ ਵਿੱਚ ਜਨਮੇਂ ਮੈਂਬਰਾਂ ਦਾ ਜਨਮ ਦਿਹਾੜਾ ਸਾਂਝੇ ਤੌਰ ‘ਤੇ ਮਨਾਉਂਦਿਆਂ ਸਨਮਾਨਿਤ ਕੀਤਾ ਗਿਆ । ਵਿਸ਼ੇਸ਼ ਮਹਿਮਾਨਾਂ ਅਤੇ ਪਹਿਲੀ ਵਾਰੀ ਆਏ ਮੈਂਬਰਾਂ ਨੂੰ ਕਿਤਾਬਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।
ਆਖ਼ਰ ਵਿੱਚ ਚਰਨਜੀਤ ਸਿੰਘ ਮੀਮਸਾ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵਿਤਾ ਤੇ ਕਹਾਣੀ ਦਰਬਾਰ ਵਿੱਚ ਸਰਵ ਸ਼੍ਰੀ ਮੈਨੇਜਰ ਜਗਦੇਵ ਸ਼ਰਮਾ , ਗੁਰਦਿਆਲ ਨਿਰਮਾਣ ਧੂਰੀ , ਬਲਜੀਤ ਸਿੰਘ ਬਾਂਸਲ , ਮੀਤ ਸਕਰੌਦੀ , ਜੱਗੀ ਧੂਰੀ , ਅਸ਼ੋਕ ਭੰਡਾਰੀ , ਮਨਦੀਪ ਸਿੰਘ ਕਾਜਲ , ਸੁਖਵਿੰਦਰ ਲੋਟੇ , ਅਕਾਸ਼ ਪ੍ਰੀਤ ਸਿੰਘ ਬਾਜਵਾ , ਸਰਬਜੀਤ ਸੰਗਰੂਰਵੀ , ਅਮਰ ਗਰਗ ਕਲਮਦਾਨ , ਅਜਾਇਬ ਸਿੰਘ ਕੋਮਲ , ਬਲਜਿੰਦਰ ਬੱਲੀ , ਪਵਨ ਕੁਮਾਰ ਹੋਸ਼ੀ , ਗੁਰਮੀਤ ਸੋਹੀ , ਪੇਂਟਰ ਸੁਖਦੇਵ ਸਿੰਘ , ਰਣਜੀਤ ਆਜ਼ਾਦ ਕਾਂਝਲਾ , ਮਨਜੀਤ ਸਿੰਘ ਰਾਜੋਮਾਜਰਾ , ਕੁਲਵਿੰਦਰ ਕੌਰ ਕਾਜਲ , ਮਨਜੀਤ ਕੌਰ ਸੰਧੂ ਅਤੇ ਜਗਸੀਰ ਸਿੰਘ ਮੂਲੋਵਾਲ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly