HOME  ਬਹੁਤ ਉਦਾਸ ਹੈ ਪੰਜਾਬ ਸਿੰਹੁ ਦਾ ਵਾਰਿਸ  

 ਬਹੁਤ ਉਦਾਸ ਹੈ ਪੰਜਾਬ ਸਿੰਹੁ ਦਾ ਵਾਰਿਸ  

3
ਮੋਹਨ ਸ਼ਰਮਾ
(ਸਮਾਜ ਵੀਕਲੀ)
 ( ਮੋਹਨ ਸ਼ਰਮਾ )
 ਪੰਜਾਬ ਸਿੰਹੁ ਦਾ ਵਾਰਿਸ ਇਸ ਵੇਲੇ
ਅੰਦਰੋਂ ਟੁੱਟ ਗਿਆ ਹੈ।
ਚਿਹਰੇ ਤੇ ਪਸਰੀ
ਘੋਰ ਉਦਾਸੀ !
ਨੈਣਾ ਵਿੱਚ ਮੋਏ
ਸੁਪਨਿਆਂ ਦੀ ਇਬਾਰਤ
ਜੇਬ ਵਿੱਚ ਭਾਂਅ ਭਾਂਅ ਕਰਦਾ
ਖਾਲੀ ਬਟੂਆ!
ਲੋੜਾਂ ਅਤੇ ਥੋੜਾਂ ਵਿੱਚ ਉਲਝਿਆ
ਉਹ ਬਾਣ ਦੀ ਮੰਜੀ ਤੇ ਬੈਠਾ
ਭਾਂਤ ਭਾਂਤ  ਦੇ
ਠੁੰਮਣਿਆਂ ਨਾਲ
ਆਪਣੇ-ਆਪ ਨੂੰ
ਕੰਡੇ ਤੇ ਕਰਨ ਦੀ
ਅਸਫਲ ਕੋਸ਼ਿਸ ਕਰਦਾ ਹੈ।
ਘਰ ਦਾ ਬੂਹਾ
ਖੜਕਣ ਤੇ
ਉਹ ਕੰਬ ਜਾਂਦਾ ਹੈ।
ਉਹਦੇ ਹਥ ਬਦੋ-ਬਦੀ
ਅਰਦਾਸ ਲਈ
ਜੁੜ ਜਾਂਦੇ ਨੇ ।
” ਸਚੇ ਪਾਤਸ਼ਾਹ!
ਕਿਤੇ ਕਰਜਾ ਉਗਰਾਹੁਣ ਲਈ ‘ਲਾਲਾ’
ਨਾ ਆਇਆ ਹੋਵੇ ।
ਉਹਨੇ ਤਾਂ ਆਉਣ ਸਾਰ
ਲਾਹ -ਪਾਹ
ਕਰ ਦੇਣੀ ਹੈ ।
ਕਿਤੇ ਕੋਈ ਬੈਂਕ ਵਾਲਾ
ਕੁਰਕੀ ਦਾ ਹੁਕਮ
ਨਾ ਲੈਕੇ ਆਇਆ ਹੋਵੇ !”
ਜੋਦੜੀ ਕਰਦਿਆਂ
ਉਹ ਅਨ ਮੰਨੇ
ਮਨ ਨਾਲ
ਘਰ ਦਾ ਬੂਹਾ
ਖੋਲਦਾ ਹੈ ।
ਉਹਦੀ ਭੁਬ
ਨਿਕਲ ਜਾਂਦੀ ਹੈ।
ਸਾਹਮਣੇ ਉਹਦਾ
ਇਕਲੌਤਾ ਪੁੱਤ
ਨਸ਼ੇ ਦੀਆਂ ਗੋਲੀਆਂ ਨਾਲ
ਟਲੀ ਹੋਇਆ
ਲੜਖੜਾਉਂਦੀ ਹਾਲਤ ਵਿੱਚ
ਖੜੋਤਾ ਹੈ ।
ਉਸ ਵੇਲੇ ਉਹਦੀ ਹਾਲਤ
ਉਸ ਖੰਡਰ ਨੁਮਾਂ
ਇਮਾਰਤ ਵਰਗੀ
ਹੁੰਦੀ ਹੈ
ਜਿਸਦੀ ਬੋਦੀ ਛਤ ਨੂੰ
ਬਚਾਉਣ ਲਈ
ਥੰਮ੍ਹੀ ਦਾ ਸਹਾਰਾ ਦਿਤਾ ਹੋਵੇ।
ਕਰਜੇ ਨਾਲ ਲਦੀ ਪੰਡ!
ਸਿਵਿਆਂ ਵਲ ਵਧਦੇ
ਇਕਲੌਤੇ ਪੁੱਤ ਦੇ ਕਦਮ!
ਡੰਗ ਮਾਰਦੀਆਂ ਸੋਚਾਂ !
ਕੰਧਾਂ ਦੇ ਉਖੜੇ ਖਲੇਪੜ !
ਡਿਗੂੰ ਡਿਗੂੰ ਕਰਦੀ
ਘਰ ਦੀ ਛਤ !
ਜਵਾਨ ਧੀ ਦੇ
ਹਥ ਪੀਲੇ ਕਰਨ
ਦੀ ਚਿੰਤਾ !
ਇਨਾਂ ਚਿੰਤਾਵਾਂ ਕਾਰਨ
ਪਤਨੀ ਦੀ
ਮੰਜੇ ਨਾਲ ਸਦੀਵੀਂ ਸਾਂਝ !
ਪੰਜਾਬ ਸਿਹੁੰ ਦਾ ਵਾਰਿਸ
ਲੀਡਰਾਂ ਦੇ ਲਾਰਿਆਂ ਵਾਂਗ
 ਜਿੰਦਗੀ ਨੂੰ
ਹਾੜੀ ਸਾਉਣੀ  ਦੀ
ਵਟਤ ਦਾ ਠੁੰਮਣਾ ਲਾਕੇ
ਆਸਵੰਦ ਨਜਰਾਂ ਨਾਲ
ਅਸਮਾਨ ਵੱਲ ਵਿੰਹਦਾ ਹੈ।
ਸਚੀਂ ਪੰਜਾਬ ਸਿਹੁੰ
ਦਾ ਵਾਰਿਸ
ਉਦਾਸ ਹੈ!
ਬਹੁਤ ਹੀ ਉਦਾਸ!
Previous articleਕਿਤਾਬਾਂ ਅਤੇ ਜੀਵਨ ਦੇ ਪਾਠ* 
Next articleਗੱਲ