(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੁਲਿਸ ਵਰਦੀ ਕਿਸੇ ਵੀ ਦੇਸ਼ ਦੀ ਹੋਵੇ ਜਦੋਂ ਕੋਈ ਮੁਲਾਜ਼ਮ ਸੁਰੱਖਿਆ ਨਾਲ ਸੰਬੰਧਿਤ ਵੱਡਾ ਛੋਟਾ ਅਧਿਕਾਰੀ ਪੁਲਿਸ ਵਰਦੀ ਵਿੱਚ ਸਾਹਮਣੇ ਆਉਂਦਾ ਹੈ ਤਾਂ ਹਰ ਇੱਕ ਨੂੰ ਕੋਈ ਨਾ ਕੋਈ ਆਸ ਜਾਗ ਪੈਂਦੀ ਹੈ ਕਿ ਇਹ ਬੰਦਾ ਮੇਰੀ ਮਦਦ ਕਰੇਗਾ ਪੁਲਿਸ ਸੁਰੱਖਿਆ ਕਰਮੀ ਹੁੰਦੇ ਵੀ ਲੋਕਾਂ ਦੀ ਹਿਫ਼ਾਜ਼ਤ ਤੇ ਮਦਦ ਲਈ ਹੀ ਹਨ ਬੇਸ਼ੱਕ ਸਮੁੱਚੀ ਦੁਨੀਆਂ ਦੇ ਵਿੱਚ ਪੁਲਿਸ ਬੜੇ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ ਪਰ ਸਾਡੇ ਪੰਜਾਬ ਨਾਲ ਸੰਬੰਧਿਤ ਪੰਜਾਬ ਪੁਲਿਸ ਦਾ ਜ਼ਾਲਮਾਨਾ ਚਿਹਰਾ ਕਿਸੇ ਨਾ ਕਿਸੇ ਘਟਨਾ ਦੇ ਵਿੱਚ ਸਾਹਮਣੇ ਆ ਹੀ ਜਾਂਦਾ ਹੈ ਵੈਸੇ ਤਾਂ ਪੰਜਾਬ ਪੁਲਿਸ ਦੇ ਅਨੇਕਾਂ ਕਿੱਸੇ ਹਨ ਜੋ ਹੈਰਾਨ ਕਰਨ ਵਾਲੇ ਹਨ ਤੇ ਬੰਦਾ ਦੇਖਦਾ ਸੁਣਦਾ ਹੀ ਰੱਬ ਰੱਬ ਕਰਨ ਲੱਗ ਜਾਂਦਾ ਹੈ।
ਇਸੇ ਤਰ੍ਹਾਂ ਹੀ ਪੰਜਾਬ ਪੁਲਿਸ ਦੀ ਇੱਕ ਬੇਹਦ ਘਟੀਆ ਕਰਤੂਤ ਵਾਲਾ ਪੁਲਸੀਆ ਚਿਹਰਾ ਸਾਹਮਣੇ ਆਇਆ ਹੈ ਗੋਇੰਦਵਾਲ ਸਾਹਿਬ ਨਜਦੀਕ ਪੈਂਦੇ ਪਿੰਡ ਦਾ ਇੱਕ ਸਿੱਧ ਪੱਧਰਾ ਜਿਹਾ ਨੌਜਵਾਨ ਮੁੱਖ ਮੰਤਰੀ ਦੇ ਨਾਮ ਹੇਠ ਜੋ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਇਆ ਹੈ ਤੇ ਉਹ ਧਾਰਮਿਕ ਕਵਿਤਾਵਾਂ ਤੇ ਗੁਰਬਾਣੀ ਆਦਿ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਗਾਉਂਦਾ ਹੈ ਤੇ ਖੁਦ ਅੰਮ੍ਰਿਤਧਾਰੀ ਵੀ ਹੈ। ਪਿੰਡ ਵਿੱਚ ਸਿਰਫ ਛੋਟੇ ਜਿਹੇ ਮਾਮਲੇ ਕਾਰਨ ਅਜਿਹਾ ਝਗੜਾ ਵਧਿਆ ਕਿ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਆ ਕੇ ਮੁੱਖ ਮੰਤਰੀ ਜਿਹੇ ਸਿੱਧਰੇ ਸਾਊ ਜਿਹੇ ਬੰਦੇ ਉੱਪਰ ਇਸ ਤਰਾਂ ਧਾਵਾ ਬੋਲ ਦਿੱਤਾ ਜਿਵੇਂ ਉਸ ਨੇ ਕੋਈ ਬਹੁਤ ਵੱਡਾ ਕਾਂਡ ਕੀਤਾ ਹੋਵੇ ਕੋਈ ਵੱਡਾ ਗਲਤ ਕੰਮ ਕੀਤਾ ਹੋਵੇ। ਗੁਆਂਢੀ ਨੇ ਹੀ ਕੁੱਤੇ ਕਾਰਨ ਹੋਈ ਤੂੰ ਤੂੰ ਮੈਂ ਵਿੱਚ ਪੁਲਿਸ ਨੂੰ ਬੁਲਾ ਲਿਆ ਤੇ ਅੱਗੋਂ ਪੁਲਿਸ ਨੇ ਕਿਸ ਤਰ੍ਹਾਂ ਉਸ ਨੌਜਵਾਨ ਨਾਲ ਡੰਗਰਾਂ ਵਾਂਗ ਕੁੱਟਮਾਰ ਕੀਤੀ ਉਹ ਆਪਾਂ ਸਭ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਵੀਡੀਓ ਵਿੱਚੋਂ ਦੇਖ ਰਹੇ ਹਾਂ।
ਹੁਣ ਇੱਥੇ ਸਵਾਲ ਉਠਦਾ ਹੈ ਜੇ ਕੋਈ ਮਾੜੀ ਮੋਟੀ ਗੱਲਬਾਤ ਕੋਈ ਝਗੜਾ ਸੀ ਤਾਂ ਪੁਲਿਸ ਉਸ ਨੂੰ ਮੋਹਤਬਰਾ ਬੰਦਿਆ ਜਾਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਬੈਠ ਕੇ ਗੱਲਬਾਤ ਕਰਕੇ ਘੂਰ ਘੱਪ ਕਰ ਸਕਦੀ ਸੀ ਪਰ ਇੱਥੇ ਤਾਂ ਪੁਲਿਸ ਨੇ ਇਸ ਤਰ੍ਹਾਂ ਦਾ ਜ਼ੁਲਮ ਦਿਖਾਇਆ ਕਿ ਲੋਕ ਡੰਗਰਾਂ ਨੂੰ ਵੀ ਇਸ ਤਰ੍ਹਾਂ ਨਹੀਂ ਕੁੱਟਦੇ ਉਸ ਦੇ ਉੱਪਰ ਬਹੁਤ ਬੁਰੇ ਤਰੀਕੇ ਦੇ ਨਾਲ ਡਾਂਗਾਂ ਵਰ੍ਹਾਈਆਂ। ਖਿੱਚ ਧੂਹ ਵਿੱਚ ਉਸਦੇ ਸਿਰ ਉੱਪਰੋਂ ਪਰਨਾ ਵੀ ਲਹਿ ਗਿਆ ਤੇ ਪੁਲਿਸ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਦੀ ਰਹੀ ਹਾਲਾਂਕਿ ਉਸਦੇ ਪਰਿਵਾਰਕ ਮੈਂਬਰ ਵੀ ਉੱਥੇ ਹਾਜ਼ਰ ਸਨ ਪਰ ਪੁਲਿਸ ਦੇ ਜ਼ੁਲਮ ਤੋਂ ਡਰੇ ਹੋਏ ਨੇ ਕਿਸੇ ਨੇ ਵੀ ਉਸਨੂੰ ਛਡਾਉਣ ਦਾ ਹੀਆ ਨਹੀਂ ਕੀਤਾ। ਇਹ ਹੈ ਪੰਜਾਬ ਪੁਲਿਸ ਦਾ ਜ਼ੁਲਮੀ ਚਿਹਰਾ ਜੋ ਇੱਕ ਨੌਜਵਾਨ ਦੇ ਉੱਪਰ ਜ਼ੁਲਮ ਬਣ ਕੇ ਟੁੱਟਿਆ ਉਸ ਤੋਂ ਬਾਅਦ ਇਹ ਸਾਰੀ ਘਟਨਾ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ ਸਾਰੇ ਪਾਸੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਥੂ ਥੂ ਹੋ ਰਹੀ ਹੈ ਪਤਾ ਇਹ ਵੀ ਲੱਗਾ ਹੈ ਕਿ ਇਹ ਦੋਵੇਂ ਪੁਲਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਹਨ। ਕੁਝ ਵੀ ਹੋਵੇ ਇਸ ਤਰਾਂ ਪੁਲਿਸ ਵੱਲੋਂ ਇਨਸਾਨਾਂ ਖਾਸ ਕਰ ਨੌਜਵਾਨ ਨਾਲ ਗਲਤ ਵਰਤਾਰਾ ਬਹੁਤ ਮਾੜਾ ਹੈ। ਜਦੋਂ ਪੰਜਾਬ ਵਿੱਚ ਕਾਲਾ ਦੌਰ ਸੀ ਤਾਂ ਇਸ ਤਰ੍ਹਾਂ ਆ ਕੇ ਪੁਲਿਸ ਦੀਆਂ ਧਾੜਾਂ ਪਿੰਡਾਂ ਵਿੱਚ ਲੋਕਾਂ ਦੀ ਕੁੱਟਮਾਰ ਕਰਦੀਆਂ ਸਨ ਤੇ ਕਾਲੇ ਦੌਰ ਵਾਲਾ ਸਮਾਂ ਅੱਜ ਪੁਲਿਸ ਨੇ ਚੇਤੇ ਕਰਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly