- ਈ-ਰਿਕਸ਼ਾ ਲਿਆਉਣ ਦੀ ਨੀਤੀ ਬਣਾਉਣ ਦਾ ਭਰੋਸਾ
ਅੰਮ੍ਰਿਤਸਰ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਖਿਆ ਕਿ ਪੰਜਾਬ ਨੂੰ ਇੱਕ ਅਜਿਹੇ ਯੋਗ ਮੁੱਖ ਮੰਤਰੀ ਦੀ ਲੋੜ ਹੈ ਜੋ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਲਈ ਦੂਰਦ੍ਰਿਸ਼ਟੀ ਰੱਖਦਾ ਹੋਵੇ ਨਾ ਕਿ ਚੁਟਕਲੇ ਸੁਣਾਉਣ ਤੇ ਹਾਸੇ ਪਾਉਣ ਵਾਲਾ ਹੋਵੇ। ਉਨ੍ਹਾਂ ਆਖਿਆ ਕਿ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਨਵੀਂ ਟਰਾਂਸਪੋਰਟ ਨੀਤੀ ਲਿਆਂਦੀ ਜਾਵੇਗੀ, ਜਿਸ ਤਹਿਤ ਟਰਾਂਸਪੋਰਟ ਭਲਾਈ ਬੋਰਡ ਵੀ ਸਥਾਪਤ ਕੀਤਾ ਜਾਵੇਗਾ। ਇੱਥੇ ਪ੍ਰੈੱਸ ਕਾਨਫਰੰਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਉਨ੍ਹਾਂ ਨੂੰ ਮੁੜ ਸੱਤਾ ਵਿੱਚ ਆਉਣ ਦਾ ਮੌਕਾ ਦਿੱਤਾ ਤਾਂ ਨਵੀਂ ਟਰਾਂਸਪੋਰਟ ਨੀਤੀ ਲਿਆਂਦੀ ਜਾਵੇਗੀ ਜਿਸ ਤਹਿਤ ਟਰੱਕ ਯੂਨੀਅਨਾਂ ਬਹਾਲ ਕਰ ਕੇ ਛੋਟੇ ਟਰੱਕ ਅਪਰੇਟਰਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਯੂਨੀਅਨਾਂ ਵਿੱਚ ਸਿਆਸੀ ਦਖ਼ਲ ਰੋਕਿਆ ਜਾਵੇਗਾ ਅਤੇ ਸਿਰਫ਼ ਇਸ ਦੇ ਮੈਂਬਰਾਂ ਦੇ ਹੀ ਪ੍ਰਧਾਨ ਬਣ ਸਕਣ ਸਬੰਧੀ ਨਿਯਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ 25 ਕਰੋੜ ਰੁਪਏ ਦੇ ਫੰਡ ਨਾਲ ਟਰਾਂਸਪੋਰਟ ਭਲਾਈ ਬੋਰਡ ਸਥਾਪਤ ਕੀਤਾ ਜਾਵੇਗਾ। ਇਸੇ ਤਰ੍ਹਾਂ ਸਕੂਲ ਵੈਨ ਵਾਲਿਆਂ ਨੂੰ ਕਮਰਸ਼ੀਅਲ ਵਾਹਨਾਂ ਦੇ ਮੁਕਾਬਲੇ ਘੱਟ ਟੈਕਸ ਲਾਇਆ ਜਾਵੇਗਾ।
ਆਟੋ ਰਿਕਸ਼ਾ ਦੀ ਥਾਂ ’ਤੇ ਈ-ਰਿਕਸ਼ਾ ਲਿਆਉਣ ਦੀ ਨੀਤੀ ਬਣਾਈ ਜਾਵੇਗੀ ਜਿਸ ਤਹਿਤ ਨਾਂਮਾਤਰ ਵਿਆਜ਼ ’ਤੇ ਈ-ਰਿਕਸ਼ਾ ਉਪਲਬਧ ਹੋਣਗੇ। ਅਜਿਹੀ ਵਿਵਸਥਾ ਕੀਤੀ ਜਾਵੇਗੀ, ਜਿਸ ਤਹਿਤ ਆਟੋ ਰਿਕਸ਼ਾ ਵੀ ਵਿਕ ਸਕਣ। ਈ-ਰਿਕਸ਼ਾ ਲਈ ਕੋਈ ਰਜਿਸਟਰੇਸ਼ਨ ਫ਼ੀਸ ਨਹੀਂ ਹੋਵੇਗੀ। ਇਸ ਤੋਂ ਇਲਾਵਾ ਡਰਾਈਵਰ, ਰਿਕਸ਼ਾ ਮਾਲਕ ਆਦਿ ਦਾ ਦਸ ਲੱਖ ਰੁਪਏ ਦਾ ਐਕਸੀਡੈਂਟਲ ਤੇ ਸਿਹਤ ਬੀਮਾ ਕੀਤਾ ਜਾਵੇਗਾ। ਕੁਦਰਤੀ ਮੌਤ ਹੋਣ ’ਤੇ ਤਿੰਨ ਲੱਖ ਰੁਪਏ ਅਤੇ ਹਾਦਸੇ ਵਿੱਚ ਮੌਤ ਹੋਣ ’ਤੇ ਚਾਰ ਲੱਖ ਰੁਪਏ ਬੀਮਾ ਰਾਸ਼ੀ ਮਿਲੇਗੀ। ਮੁੱਖ ਮੰਤਰੀ ਲਈ ਖ਼ੁਦ ਨੂੰ ਉਮੀਦਵਾਰ ਮੰਨ ਰਹੇ ਕਾਂਗਰਸ ਦੇ ਨਵਜੋਤ ਸਿੱਧੂ ਅਤੇ ‘ਆਪ’ ਦੇ ਭਗਵੰਤ ਮਾਨ ਬਾਰੇ ਸ੍ਰੀ ਬਾਦਲ ਨੇ ਆਖਿਆ ਕਿ ਸੂਬੇ ਦੇ ਲੋਕਾਂ ਨੂੰ ਹਸਾਉਣ ਵਾਲੇ ਅਤੇ ਚੁਟਕਲੇ ਸੁਣਾਉਣ ਵਾਲੀ ਸ਼ਖ਼ਸੀਅਤ ਦੀ ਥਾਂ ਅਜਿਹੀ ਸ਼ਖ਼ਸੀਅਤ ਵਾਲੇ ਮੁੱਖ ਮੰਤਰੀ ਦੀ ਲੋੜ ਹੈ ਜੋ ਸੂਬੇ ਨੂੰ ਤਰੱਕੀ ਤੇ ਖ਼ੁਸ਼ਹਾਲੀ ਦੀ ਲੀਹ ’ਤੇ ਲਿਜਾ ਸਕੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਸਿੱਧੂ ਦੇ ਰਵੱਈਏ ਕਾਰਨ ਕਾਂਗਰਸ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਕਾਂਗਰਸੀ ਆਗੂ ਪਾਰਟੀ ਛੱਡ ਕੇ ਹੋਰ ਪਾਰਟੀਆਂ ਵਿੱਚ ਜਾ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly