ਪੰਜਾਬ ਦੇ ਵਜ਼ੀਰਾਂ ਵੱਲੋਂ ਮੁਤਵਾਜ਼ੀ ਜਥੇਦਾਰ ਅੱਗੇ ਪੇਸ਼ ਹੋਣ ਤੋਂ ਇਨਕਾਰ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ਦੋ ਕੈਬਨਿਟ ਵਜ਼ੀਰਾਂ ਅਤੇ ਤਿੰਨ ਵਿਧਾਇਕਾਂ ਨੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਨ੍ਹਾਂ ਕੈਬਨਿਟ ਵਜ਼ੀਰਾਂ ਅਤੇ ਵਿਧਾਇਕਾਂ ਨੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਗੇਂਦ ਪੂਰੀ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿਚ ਸੁੱਟ ਦਿੱਤੀ ਹੈ। ਚੇਤੇ ਰਹੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਨੂੰ ਸਮਾਪਤ ਕਰਨ ਲਈ ਮੰਗਾਂ ਮੰਨਣ ਦੇ ਦਿੱਤੇ ਭਰੋਸੇ ਉੱਤੇ ਪੰਜਾਬ ਸਰਕਾਰ ਵੱਲੋਂ ਕੋਈ ਅਮਲ ਨਾ ਕੀਤੇ ਜਾਣ ਨੂੰ ਲੈ ਕੇ ਕਾਂਗਰਸੀ ਵਜ਼ੀਰਾਂ ਤੇ ਵਿਧਾਇਕਾਂ ਨੂੰ ਤਲਬ ਕੀਤਾ ਸੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਤੋਂ ਇਲਾਵਾ ਹਰਿਮੰਦਰ ਸਿੰਘ ਗਿੱਲ ਤੇ ਕੁਲਬੀਰ ਸਿੰਘ ਜ਼ੀਰਾ ਨੇ ਅੱਜ ਬਰਗਾੜੀ ਇਨਸਾਫ਼ ਮੋਰਚੇ ਦੇ ਸਾਬਕਾ ਮੋਹਰੀ ਭਾਈ ਧਿਆਨ ਸਿੰਘ ਮੰਡ ਨੂੰ ਪੱਤਰ ਭੇਜਿਆ ਹੈ, ਜਿਸ ’ਚ ਇਨ੍ਹਾਂ ਆਗੂਆਂ ਨੇ ਪੇਸ਼ ਹੋਣ ਤੋਂ ਇਨਕਾਰ ਕੀਤਾ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਉਹ ਤਾਂ ਉਨ੍ਹਾਂ (ਮੰਡ) ਤੇ ਮੁੱਖ ਮੰਤਰੀਦਰਮਿਆਨ ਕੜੀ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਦੇ ਆਧਾਰ ’ਤੇ ਹੀ ਭਰੋਸਾ ਦਿੱਤਾ ਸੀ।

ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਬੇਅਦਬੀ ਅਤੇ  ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣੀਆਂ ਪੰਜਾਬ ਸਰਕਾਰ ਦੇ ਗ੍ਰਹਿ ਤੇ ਪੁਲੀਸ ਵਿਭਾਗ ਦਾ ਕੰਮ ਹੈ, ਜੋ ਸਿੱਧੇ ਮੁੱਖ ਮੰਤਰੀ ਦੇ ਕੰਟਰੋਲ ਹੇਠ ਹਨ। ਇਨ੍ਹਾਂ ਕੇਸਾਂ ਦੀ ਪ੍ਰਗਤੀ ਬਾਰੇ ਮੁੱਖ ਮੰਤਰੀ ਹੀ ਦੱਸ ਸਕਦੇ ਹਨ। ਇੱਕ ਤਰੀਕੇ ਨਾਲ ਇਨ੍ਹਾਂ ਵਜ਼ੀਰਾਂ ਨੇ ਮੁੱਖ ਮੰਤਰੀ ’ਤੇ ਸਾਰੀ ਗੱਲ ਸੁੱਟ ਦਿੱਤੀ ਹੈ। ਪੱਤਰ ’ਚ ਲਿਖਿਆ ਹੈ ਕਿ ਕੁਝ ਪੁਲੀਸ ਤੇ ਸਿਵਲ ਅਧਿਕਾਰੀਆਂ ਰਾਹੀਂ ਵੀ ਮੁੱਖ ਮੰਤਰੀ ਨਾਲ ਉਹ (ਮੰਡ) ਸੰਪਰਕ ਵਿੱਚ ਸਨ। ਵਜ਼ੀਰਾਂ ਨੇ ਕਿਹਾ ਕਿ ਮੰਡ ਦੇ ਨੇੇੜਲੇ ਸਾਥੀ ਬਲਜੀਤ ਸਿੰਘ ਦਾਦੂਵਾਲ ਬਹੁਤ ਵਾਰੀ ਜਨਤਕ ਤੌਰ ’ਤੇ ਗੱਲ ਆਖ ਚੁੱਕੇ ਹਨ ਕਿ ਬਰਗਾੜੀ ਮੋਰਚਾ ਸਮਾਪਤ ਕਰਨ ਤੋਂ ਪਹਿਲਾਂ ‘ਆਪ ਜੀ’ (ਮੰਡ) ਨੇ ਮੁੱਖ ਮੰਤਰੀ ਨਾਲ ਸਿੱਧੀ ਗੱਲਬਾਤ ਵੀ ਕੀਤੀ ਸੀ।

ਵਜ਼ੀਰਾਂ ਤੇ ਵਿਧਾਇਕਾਂ ਨੇ ਪੱਤਰ ’ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ, ਨਾਂਦੇੜ ਅਤੇ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਸਮੇਤ ਸਿੱਖ ਪੰਥ ਦੀਆਂ ਸਾਰੀਆਂ ਚੁਣੀਆਂ ਹੋਈਆਂ ਸੰਸਥਾਵਾਂ ਵੱਲੋਂ ਆਪ ਜੀ (ਮੰਡ) ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਮਾਨਤਾ ਨਹੀਂ ਦਿੱਤੀ ਗਈ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਅਕਾਲ ਤਖ਼ਤ ਉੱਤੇ ਕੋਈ ਵੀ ਮੀਟਿੰਗ ਕਰਨ ਸਮੇਂ ਸ਼੍ੋਮਣੀ ਕਮੇਟੀ ਨਾਲ ਝਗੜਾ ਹੋਣ ਦਾ ਖਦਸ਼ਾ ਹੈ। ਸਿੱਖ ਪੰਥ ਵਿੱਚ ਮੁੜ ਇਸ ਮਾਮਲੇ ’ਤੇ ਬਖੇੜਾ ਖੜ੍ਹਾ ਹੋ ਸਕਦਾ ਹੈ, ਜਿਸ ਤੋਂ ਬਚਣਾ ਚਾਹੀਦਾ ਹੈ।’

ਵਜ਼ੀਰਾਂ ਨੇ ਕਿਹਾ ਹੈ, ‘ਜੇਕਰ ਬਰਗਾੜੀ ਮੋਰਚੇ ਦੀਆਂ ਮੰਗਾਂ ਬਾਰੇ ਭਾਈ ਮੰਡ ਉਨ੍ਹਾਂ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਸਿੱਖ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਅਕਾਲ ਤਖ਼ਤ ਦੇ ਸਨਮੁਖ ਹਾਜ਼ਰ ਹੋ ਕੇ ਸਪੱਸ਼ਟੀਕਰਨ ਦੇਣ ਲਈ ਬੁਲਾਉਣ ਨਾਲੋਂ ਸਾਡੇ ਨਾਲ ਚੰਡੀਗੜ੍ਹ ਜਾਂ ਕਿਸੇ ਹੋਰ ਥਾਂ ਉੱਤੇ ਗੱਲਬਾਤ ਕਰ ਸਕਦੇ ਹਨ।’ ਚੇਤੇ ਰਹੇ ਕਿ ਭਾਈ ਮੰਡ ਵੱਲੋਂ ਉਕਤ ਕਾਂਗਰਸੀ ਵਜ਼ੀਰਾਂ ਤੇ ਵਿਧਾਇਕਾਂ ਨੂੰ 11 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਭਾਈ ਮੰਡ ਵੱਲੋਂ ਵਜ਼ੀਰਾਂ ਦਾ ਪੱਤਰ ਰੱਦ

ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਉਹ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਹਨ, ਜਿਸ ਕਰਕੇ ਇਨ੍ਹਾਂ ਵਜ਼ੀਰਾਂ ਨੇ ਜੋ ਵੀ ਸਪੱਸ਼ਟੀਕਰਨ ਦੇਣਾ ਹੈ, ਉਹ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਦੇਣ। ਉਨ੍ਹਾਂ ਕਿਹਾ, ‘ਇਨ੍ਹਾਂ ਵਜ਼ੀਰਾਂ ਦੀ ਕੋਈ ਸਿਆਸੀ ਮਜਬੂਰੀ ਹੋ ਸਕਦੀ ਹੈ ਪਰ ਉਨ੍ਹਾਂ ਦੀ ਨਹੀਂ ਹੈ। ਉਹ ਤਾਂ ਸਿੱਖ ਕੌਮ ਦਾ ਫਰਜ਼ ਨਿਭਾ ਰਹੇ ਹਨ ਅਤੇ ਅਕਾਲ ਤਖ਼ਤ ਸਾਹਿਬ ਦੀ ਇੱਕ ਮਰਿਯਾਦਾ ਹੈ, ਜਿਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਡੀਗੜ੍ਹ ਲਈ ਪ੍ਰਸ਼ਾਸਕ ਨਿਯੁਕਤ ਕਰਨ ਦੀ ਤਜਵੀਜ਼ ਦਾ ਅਕਾਲੀ ਦਲ ਵੱਲੋਂ ਵਿਰੋਧ
Next articleਭਗਵਾਨਪੁਰੀਆ ਨੇ ਲਈ ਰਾਣਾ ਦੇ ਕਤਲ ਦੀ ਜ਼ਿੰਮੇਵਾਰੀ