ਸਿੱਖਿਆ ਕ੍ਰਾਂਤੀ ਤਹਿਤ ਵੱਖ-ਵੱਖ ਸਕੂਲਾਂ ਵਿਚ ਵਿਕਾਸ ਕਾਰਜ ਕੀਤੇ ਲੋਕ ਅਰਪਿਤ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਦਿਆਰਥੀਆਂ ਲਈ ਚੰਗਾ ਵਿੱਦਿਅਕ ਮਾਹੌਲ ਤਿਆਰ ਕਰਕੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਇਹ ਪ੍ਰਗਟਾਵਾ ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਉੱਪ ਚੇਅਰਮੈਨ ਲਲਿਤ ਮੋਹਨ ਪਾਠਕ ਬੱਲੂ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹਲਕਾ ਨਵਾਂਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜ ਲੋਕ ਅਰਪਿਤ ਕਰਨ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਬਰਨਾਲਾ ਕਲਾਂ, ਰਾਮਰਾਏਪੁਰ, ਨਾਈ ਮਜਾਰਾ, ਦੌਲਤਪੁਰ ਅਤੇ ਕਰਿਆਮ ਸਕੂਲਾਂ ਵਿਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਖੇਤਰ ਵਿਚ ਸੁਧਾਰ ਅਤੇ ਵਿਦਿਆਰਥੀਆਂ ਲਈ ਬਿਹਤਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ‘ਚ ਸਿਖਲਾਈ, ਨਵੇਂ ਸਕੂਲ ਆਫ਼ ਐਮੀਨੈਂਸ, ਕਿੱਤਾਮੁਖੀ ਸਿੱਖਿਆ ਅਤੇ ਅਧਿਆਪਕਾਂ ਦੀ ਨਵੀਂ ਭਰਤੀ ਨਾਲ ਸਕੂਲਾਂ ‘ਚ ਸੁਰੱਖਿਆ ਤੇ ਸਿੱਖਿਆ ਦਾ ਵਾਤਾਵਰਨ ਬਣਿਆ ਹੈ ਅਤੇ ਬੱਚੇ ਸਿੱਖਿਆ ਸਮੇਤ ਹੋਰ ਸਹਿ-ਵਿੱਦਿਅਕ ਖੇਤਰਾਂ ‘ਚ ਮੱਲਾਂ ਮਾਰ ਰਹੇ ਹਨ। ਇਸ ਮੌਕੇ ਸਬੰਧਿਤ ਇਲਾਕਿਆਂ ਦੇ ਮੋਹਤਬਰ ਵਿਅਕਤੀ, ਸਕੂਲ ਮੁਖੀ, ਅਧਿਆਪਕ, ਵਿਦਿਆਰਥੀ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।