ਪੰਜਾਬ ਸਰਕਾਰ ਵੱਲੋਂ ਕੋਵਿਡ ਪਾਬੰਦੀਆਂ ਵਿੱਚ ਢਿੱਲ

 

  • ਸਕੂਲ ਕਾਲਜ ਬੰਦ ਰਹਿਣਗੇ
  • ਵਾਇਰਸ ਦੇ ਬ੍ਰਾਜ਼ੀਲ ਸਰੂਪ ਤੋਂ ਸਰਕਾਰ ਫ਼ਿਕਰਮੰਦ

ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਕਰੋਨਾਵਾਇਰਸ ਦਾ ਅਸਰ ਘਟਣ ਦੇ ਮੱਦੇਨਜ਼ਰ ਅੱਜ ਕੋਵਿਡ ਬੰਦਿਸ਼ਾਂ ’ਚ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਹੈ। ਛੋਟਾਂ ਅਨੁਸਾਰ ਹੁਣ ਰਾਜ ’ਚ ਰੈਸਟੋਰੈਂਟ ਤੇ ਹੋਰ ਖਾਣੇ ਵਾਲੀਆਂ ਥਾਵਾਂ ਦੇ ਨਾਲ ਬੁੱਧਵਾਰ ਤੋਂ 50 ਫੀਸਦੀ ਸਮਰੱਥਾ ਨਾਲ ਸਿਨੇਮਾ ਤੇ ਜਿਮ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਵਿਆਹ ਅਤੇ ਸਸਕਾਰ ਸਮੇਤ ਸਮਾਜਿਕ ਇਕੱਠਾਂ ’ਤੇ 50 ਤੱਕ ਵਿਅਕਤੀਆਂ ਦਾ ਇਕੱਠ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਵਿਦਿਅਕ ਅਦਾਰਿਆਂ ਸਕੂਲਾਂ ਤੇ ਕਾਲਜਾਂ ਨੂੰ ਫ਼ਿਲਹਾਲ ਬੰਦ ਰੱਖਣ ਦਾ ਹੀ ਫੈਸਲਾ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਉੱਚ ਪੱਧਰੀ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ’ਚ ਕਿਹਾ ਕਿ ਨਵੀਆਂ ਹਦਾਇਤਾਂ 25 ਜੂਨ ਤੱਕ ਲਾਗੂ ਰਹਿਣਗੀਆਂ। ਉਸ ਮਗਰੋਂ ਮੁੜ ਸਮੀਖਿਆ ਕਰਕੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਹੋਟਲਾਂ ਸਮੇਤ ਸਾਰੇ ਰੈਸਟੋਰੈਂਟ, ਕੈਫੇ, ਕੌਫੀ ਸ਼ੌਪਸ, ਫਾਸਟ ਫੂਡ ਆਊਟਲੈਟ, ਢਾਬੇ, ਸਿਨੇਮਾ, ਜਿਮ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ ਜਦਕਿ ਬਾਰ, ਪੱਬ ਤੇ ਅਹਾਤੇ ਹਾਲੇ ਬੰਦ ਰਹਿਣਗੇ। ਇਨ੍ਹਾਂ ਕਾਰੋਬਾਰੀ ਅਦਾਰਿਆਂ ਨੂੰ ਕਾਮਿਆਂ ਦੇ ਵੈਕਸੀਨ ਦਾ ਘੱਟੋ-ਘੱਟ ਇਕ ਟੀਕਾ ਲੱਗੇ ਹੋਣ ਦੀ ਸ਼ਰਤ ਦਾ ਪਾਲਣ ਕਰਨ ਲਈ ਆਖਿਆ ਗਿਆ ਹੈ। ਏਸੀ ਬੱਸਾਂ ਵੀ ਹੁਣ 50 ਫੀਸਦੀ ਸਮਰੱਥਾ ਨਾਲ ਚਲਾਈਆਂ ਜਾ ਸਕਦੀਆਂ ਹਨ। ਨਵੀਆਂ ਛੋਟਾਂ ਅਨੁਸਾਰ ਪੰਜਾਬ ਵਿਚ ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਅਤੇ ਵੀਕਐਂੱਡ ਕਰਫਿਊ ਸ਼ਨਿਚਰਵਾਰ ਨੂੰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ ਜਦਕਿ ਛੋਟ ਵਾਲੀਆਂ ਗਤੀਵਿਧੀਆਂ ਸਮੇਤ ਜ਼ਰੂਰੀ ਵਸਤਾਂ ਦੀਆਂ ਗਤੀਵਿਧੀਆਂ ਨੂੰ ਕਰਫਿਊ ਬੰਦਿਸ਼ਾਂ ਤੋਂ ਛੋਟ ਰਹੇਗੀ।

ਮੁੱਖ ਮੰਤਰੀ ਨੇ ਗ਼ੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਐਤਵਾਰ ਸਣੇ ਖੋਲ੍ਹਣ ਬਾਰੇ ਸਮਾਂ ਨਿਰਧਾਰਿਤ ਕਰਨ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ’ਤੇ ਛੱਡ ਦਿੱਤਾ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਮੌਕੇ ਦੱਸਿਆ ਕਿ ਰਿਪੋਰਟ ਅਨੁਸਾਰ ਸਾਰੇ ਜ਼ਿਲ੍ਹਿਆਂ ਵਿੱਚ ਨਵੇਂ ਕੇਸ ਹੇਠਾਂ ਵੱਲ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੂਜੀ ਲਹਿਰ ਦਾ ਸਿਖ਼ਰ 8 ਮਈ ਨੂੰ ਹੋ ਗਿਆ ਸੀ। ਮੀਟਿੰਗ ਵਿਚ ਕੁਝ ਗਤੀਵਿਧੀਆਂ ਅਤੇ ਸੰਸਥਾਨਾਂ ਨੂੰ ਸ਼ਰਤਾਂ ਸਮੇਤ ਕੋਵਿਡ ਪਾਬੰਦੀਆਂ ਤੋਂ ਮੁਕਤ ਵੀ ਕੀਤਾ ਗਿਆ ਹੈ ਜਿਨ੍ਹਾਂ ’ਚ ਮੈਡੀਕਲ, ਜ਼ਰੂਰੀ ਵਸਤਾਂ ਦੀਆਂ ਦੁਕਾਨਾਂ, ਸਨਅਤੀ ਸਾਮਾਨ ਵਿਕਰੇਤਾ, ਯਾਤਰੀਆਂ, ਖੇਤੀ ਦੇ ਕੰਮ, ਈ-ਕਾਮਰਸ, ਸੰਚਾਰ ਸੇਵਾਵਾਂ, ਨਿੱਜੀ ਸੁਰੱਖਿਆ ਸੇਵਾਵਾਂ, ਬੈਕਿੰਗ ਸ਼ਾਮਲ ਹਨ।

ਮੁੱਖ ਮੰਤਰੀ ਨੇ ਵੱਧ ਰਹੇ ਬ੍ਰਾਜ਼ੀਲ ਵਾਇਰਸ ਦੇ ਰੂਪ ’ਤੇ ਫ਼ਿਕਰ ਜ਼ਾਹਿਰ ਕਰਦਿਆਂ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰ ਸਮੂਹ ਨੂੰ ਕਰੋਨਾ ਦੇ ਨਵੇਂ ਰੂਪ ਦੇ ਸੰਦਰਭ ਵਿਚ ਵੈਕਸੀਨ ਦੇ ਅਸਰ ਦਾ ਅਧਿਐਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਬ੍ਰਾਜ਼ੀਲ ਵਾਇਰਸ ਦਾ ਰੂਪ ਅਪਰੈਲ ਵਿਚ ਇਕ ਫੀਸਦੀ ਤੋਂ ਵਧਣਾ ਸ਼ੁਰੂ ਹੋਇਆ ਜੋ ਹੁਣ 8 ਫੀਸਦ ’ਤੇ ਹੈ। ਮੁੱਖ ਮੰਤਰੀ ਨੇ ਕੋਵਿਡ ਦੀ ਤੀਜੀ ਲਹਿਰ ਦੇ ਟਾਕਰੇ ਲਈ ਤਿਆਰੀ ਵਜੋਂ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਇਕ ਦਿਨ ਵਿਚ ਕਰੀਬ 50,000 ਟੈਸਟਿੰਗ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਨੇ ਬਲੈਕ ਫੰਗਸ ਦੇ ਸਾਰੇ ਕੇਸ ਘੋਖਣ ਦੇ ਹੁਕਮ ਦਿੱਤੇ। ਸਲਾਹਕਾਰ ਡਾ. ਕੇ.ਕੇ. ਤਲਵਾੜ ਨੇ ਦੱਸਿਆ ਕਿ ਦੂਜੀ ਲਹਿਰ ਦੌਰਾਨ ਵੈਂਟੀਲੈਂਟਰ ਉਤੇ ਰਹੇ ਮਰੀਜ਼ਾਂ ਦੇ ਆਡਿਟ ਦਾ ਅਧਿਐਨ ਕਰਨ ਲਈ ਮਾਹਿਰਾਂ ਦੇ ਗਰੁੱਪ ਦਾ ਗਠਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ‘ਕਰੋਨਾ ਮੁਕਤ ਪੇਂਡੂ ਅਭਿਆਨ’ ਤਹਿਤ ਕਰੀਬ 1.6 ਕਰੋੜ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ 6982 ਵਿਅਕਤੀ ਪਾਜ਼ੇਟਿਵ ਪਾਏ ਗਏ। ਮੁੱਖ ਮੰਤਰੀ ਨੇ ਵਿਭਾਗਾਂ ਨੂੰ ਭਰਤੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ।

ਅਧਿਆਪਕਾਂ ਦਾ ਟੀਕਾਕਰਨ 21 ਜੂਨ ਤੋਂ

ਪੰਜਾਬ ਵਿਚ 21 ਜੂਨ ਤੋਂ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਦਾ ਟੀਕਾਕਰਨ ਸ਼ੁਰੂ ਹੋਵੇਗਾ ਜਿਸ ਸਬੰਧੀ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ ਤਾਂ ਜੋ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਵੱਲ ਕਦਮ ਪੁੱਟਿਆ ਜਾ ਸਕੇ। ਸਹਿ-ਰੋਗਾਂ ਵਾਲੇ ਅਤੇ ਦਿਵਿਆਂਗ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਦਾ ਪਹਿਲ ਦੇ ਆਧਾਰ ’ਤੇ ਟੀਕਾਕਰਨ ਕੀਤਾ ਜਾਵੇਗਾ। ਇਸੇ ਤਰ੍ਹਾਂ ਪ੍ਰਾਹੁਣਚਾਰੀ ਉਦਯੋਗ, ਪਾਰਲਰ ਅਤੇ ਦੁਕਾਨਾਂ, ਰੈਸਟੋਰੈਂਟ, ਜਿਮ ਸਮੇਤ ਸਰਵਿਸ ਆਊਟਲੈਟਾਂ ਆਦਿ ਦੇ ਸਟਾਫ਼ ਦਾ ਵੀ ਜਲਦੀ ਟੀਕਾਕਰਨ ਕੀਤਾ ਜਾਵੇਗਾ। ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਨੂੰ ਵੀ ਟੀਕਾਕਰਨ ਲਈ ਪਹਿਲ ਦੇਣ ਲਈ ਕਿਹਾ ਗਿਆ ਹੈ।

Previous articleਨਵੇਂ ਨਰੋਏ ਲੀਡਰ
Next articleਫ਼ੌਜ ਨੇ ‘ਗਲਵਾਨ ਦੇ ਸ਼ਹੀਦਾਂ’ ਨੂੰ ਯਾਦ ਕੀਤਾ