ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਰਤੀ ਕਿਸਾਨ ਯੂਨੀਅਨ ਰਜਿ: 283 ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦਿੱਤੇ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਪਸ ਵਿੱਚ ਮਿਲ ਕੇ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਪੁਲਿਸ ਦੇ ਦਮਨ ਰਾਹੀਂ ਦਬਾਉਣ ਤੇ ਲੱਗੀਆਂ ਹੋਈਆਂ ਹਨ । ਪਹਿਲਾਂ ਐਸ.ਕੇ.ਐਮ ਦੁਆਰਾ 5 ਮਾਰਚ ਨੂੰ ਚੰਡੀਗੜ੍ਹ ਵਿਖੇ ਇੱਕ ਵੱਡਾ ਧਰਨਾ ਲਗਾਇਆ ਜਾ ਰਿਹਾ ਸੀ ਜਿਸ ਦੀ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਦਿੱਤੀ ਗਈ ਸੀ ਪਰ ਸਰਕਾਰ ਨੇ ਐੱਸ.ਕੇ.ਐਮ ਦੇ ਆਗੂਆਂ ਨੂੰ ਪੰਜ ਮਾਰਚ ਤੋਂ ਪਹਿਲਾਂ ਹੀ ਘਰਾਂ ਤੇ ਰਸਤਿਆਂ ਵਿੱਚੋਂ ਹੀ ਗ੍ਰਿਫਤਾਰ ਕਰਨਾ ਸੂਰੂ ਕਰ ਦਿੱਤਾ । ਕਈ ਕਿਸਾਨ ਆਗੂ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤੇ ਗਏ, ਕਈਆਂ ਨੂੰ ਜ਼ੇਲ੍ਹਾਂ ਵਿੱਚ ਵੀ ਸੁੱਟਿਆ ਗਿਆ। ਆਪਣੀਆਂ ਹਕੀਕੀ ਮੰਗਾਂ ਲਈ ਐਸ.ਕੇ.ਐਮ ਨੇ ਪੰਜਾਬ ਸਰਕਾਰ ਨਾਲ 5 ਮਾਰਚ ਦੇ ਧਰਨੇ ਤੋਂ ਪਹਿਲਾਂ ਪੰਜਾਬ ਭਵਨ ਮੀਟਿੰਗ ਵੀ ਕੀਤੀ ਜਿਸ ਵਿੱਚ ਮੁੱਖ ਮੰਤਰੀ ਦਾ ਵਤੀਰਾ ਪੁਰੀ ਤਰ੍ਹਾਂ ਕਿਸਾਨਾਂ ਤੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਅੜੀਅਲ ਰਿਹਾ । ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਿੱਧੀ ਧਮਕੀ ਦਿੰਦੇ ਹੋਏ ਇਥੋਂ ਤੱਕ ਕਹਿ ਦਿੱਤਾ ਕਿ ਤੁਹਾਡੀਆਂ ਮੰਗਾਂ ਮੰਨਣ ਯੋਗ ਨਹੀਂ ਹਨ, ਤੁਹਾਥੋਂ ਜੋ ਕੁਝ ਵੀ ਹੁੰਦਾ ਹੈ ਉਹ ਤੁਸੀਂ ਕਰ ਲਓ, ਜੋ ਮੇਰੇ ਤੋਂ ਹੋਏਗਾ ਉਹ ਮੈਂ ਕਰਾਂਗਾ। ਉਸ ਤੋਂ ਬਾਅਦ ਜਿਸ ਤਰ੍ਹਾਂ ਸਰਕਾਰ ਨੇ ਪੰਜਾਬ ਪੁਲਿਸ ਨੂੰ ਖੁੱਲ੍ਹੀ ਛੋਟ ਦੇ ਕੇ ਕਿਸਾਨਾਂ ਨੂੰ 5 ਮਾਰਚ ਚੰਡੀਗੜ੍ਹ ਦੇ ਧਰਨੇ ਤੋਂ ਆਉਣ ਲਈ ਰੋਕਿਆ ਗਿਆ ਪੂਰੀ ਤਰ੍ਹਾਂ ਗੈਰ ਜਮਹੂਰੀ ਤੇ ਲੋਕਾਂ ਦੇ ਮੌਲਿਕ ਹੱਕਾਂ ਦਾ ਘਾਣ ਹੈ। ਦੇਸ਼ ਅੰਦਰ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਹੱਕ ਦਿੰਦਾ ਹੈ ਕਿ ਉਹ ਆਪਣੇ ਮੰਗਾਂ ਲਈ ਧਰਨੇ ਪ੍ਰਦਰਸ਼ਨ ਕਰ ਸਕਦੇ ਹਨ। ਆਪਣੀਆਂ ਮੰਗਾਂ ਲਈ ਆਵਾਜ਼ ਉਠਾ ਸਕਦੇ ਹਨ। ਇਹ ਸਾਰੇ ਉਹਨਾਂ ਦੇ ਮੌਲਿਕ ਅਧਿਕਾਰ ਹੇਠ ਆਉਂਦੇ ਹਨ ਪਰ ਸਰਕਾਰ ਨੇ ਧਰਨੇ ਨੂੰ ਰੋਕਣ ਲਈ ਇੱਕ ਤਰ੍ਹਾਂ ਨਾਲ ਪੰਜਾਬ ਸੂਬੇ ਨੂੰ ਖੁੱਲ੍ਹੀ ਜ਼ੇਲ੍ਹ ਵਿੱਚ ਤਬਦੀਲ ਕਰਕੇ ਕਿਸਾਨਾਂ ਤੇ ਕਿਸਾਨ ਆਗੂਆਂ ਨੂੰ ਨਜ਼ਰਬੰਦ ਕੀਤਾ ਜਿਹੜਾ ਕਿ ਇਸ ਤੋਂ ਪਹਿਲਾਂ ਕਦੇ ਵੀ ਪੰਜਾਬ ਵਿੱਚ ਨਹੀਂ ਹੋਇਆ। ਲੱਖੋਵਾਲ ਨੇ ਦੱਸਿਆ ਕਿ ਇਸੇ ਤਰ੍ਹਾਂ ਜੋ ਕਿਸਾਨਾਂ ਦੁਆਰਾ ਸਭ ਤੇ ਘਨੌਰੀ ਬਾਰਡਰ ਤੇ ਧਰਨਾ ਪਿਛਲੇ ਲਗਭਗ ਸਵਾ ਸਾਲ ਤੋਂ ਲਗਾਤਾਰ ਲਗਾਇਆ ਜਾ ਰਿਹਾ ਸੀ ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ ਪਰ ਹਰਿਆਣਾ ਸਰਕਾਰ ਨੇ ਵੱਡੀ ਬੈਰੀਗੇਟਿੰਗ ਕਰਕੇ ਉਹਨਾਂ ਨੂੰ ਉਥੇ ਹੀ ਰੋਕ ਲਿਆ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ, ਕਿਸਾਨਾਂ ਨੇ ਉਥੇ ਹੀ ਸ਼ਾਂਤੀ ਪੂਰਵਕ ਧਰਨਾ ਲਗਾ ਦਿੱਤਾ ਪਰ 19 ਮਾਰਚ ਨੂੰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਪਹਿਲਾਂ ਤਾਂ ਉਨ੍ਹਾਂ ਨੂੰ ਮੀਟਿੰਗ ਦੇ ਬਹਾਨੇ ਚੰਡੀਗੜ੍ਹ ਬੁਲਾਇਆ, ਮੀਟਿੰਗ ਵਿੱਚ ਕੇਂਦਰੀ ਅਫਸਰ ਤੇ ਪੰਜਾਬ ਦੇ ਮੰਤਰੀ ਵੀ ਸ਼ਾਮਲ ਰਹੇ। ਗੱਲਬਾਤ ਕਰਕੇ ਵਾਪਸ ਜਾ ਰਹੇ ਕਿਸਾਨ ਆਗੂਆਂ ਨੂੰ ਪਹਿਲਾਂ ਤਾਂ ਰਸਤੇ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਤੇ ਬਲਡੋਜਰ ਲੈ ਕੇ ਸੰਭੂ ਤੇ ਘਨੌਰੀ ਬਾਰਡਰ ਤੇ ਕਿਸਾਨਾਂ ਦਾ ਧਰਨਾ ਜਬਰੀ ਉਠਾ ਦਿੱਤਾ ਗਿਆ । ਟਰੈਕਟਰ ਟਰਾਲੀਆਂ ਸਮੇਤ ਕਿਸਾਨਾਂ ਦੇ ਸਾਜੋ ਸਮਾਨ ਦੀ ਭੰਨ ਤੋੜ ਕੀਤੀ ਗਈ। ਵੱਡੀ ਪੱਧਰ ਤੇ ਕਿਸਾਨਾਂ ਦਾ ਸਮਾਨ ਵੀ ਚੋਰੀ ਹੋਇਆ। ਜਿਸ ਦੀਆਂ ਰਿਪੋਰਟਾਂ ਅਖ਼ਬਾਰਾਂ ਵਿੱਚ ਲਗਾਤਾਰ ਆ ਰਹੀਆਂ ਹਨ ਕਿਸਾਨਾਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ। ਬਜ਼ੁਰਗ ਮਾਤਾਵਾਂ ਭੈਣਾਂ ਤੇ ਬੱਚਿਆਂ ਤੱਕ ਨੂੰ ਵੀ ਨਹੀਂ ਬਖਸਿਆ ਗਿਆ ਕਿਸਾਨ ਸਾਰੀ ਰਾਤ ਸੜਕਾਂ ਤੇ ਰੁਲਦੇ ਰਹੇ ਤੇ ਪੰਜਾਬ ਦੀ ਪੁਲਿਸ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਦੇ ਬਾਵਜੂਦ ਬੁਲਡੋਜਰਾਂ ਨਾਲ ਕਿਸਾਨਾਂ ਦੇ ਰਹਿਣ ਬਸੇਰੇ ਢਾਉਂਦੀ ਰਹੀ । ਮੁੱਖ ਮੰਤਰੀ ਭਗਵੰਤ ਮਾਨ ਦੀ ਹੈਂਕੜਬਾਜੀ ਦਰਸਾਉਂਦੀ ਹੈ ਸੂਬੇ ਦੀ ਪੁਲਿਸ ਇਸ ਕਦਰ ਅੰਨ੍ਹੀ ਹੋ ਚੁੱਕੀ ਹੈ ਜਿਸ ਦੀ ਇੱਕ ਹੋਰ ਉਦਾਹਰਣ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਹੋਈ ਪੁਲਿਸ ਦੁਆਰਾ ਕੀਤੀ ਗਈ ਸ਼ਰੇਆਮ ਕੁੱਟਮਾਰ ਹੈ ਪੁਲਿਸ ਇਸ ਕਦਰ ਸੂਬੇ ਵਿੱਚ ਹਾਵੀ ਹੋ ਚੁੱਕੀ ਹੈ ਕਿ ਲੋਕਾਂ ਦੇ ਘਰਾਂ ਦੁਕਾਨਾਂ ਨੂੰ ਬੁਲਡੋਜਰਾਂ ਰਾਹੀਂ ਢਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਅੱਜ ਐੱਸ.ਕੇ.ਐੱਮ ਤੇ ਪੰਜਾਬ ਦੀਆਂ ਜਮੂਹਰੀ ਜਥੇਬੰਦੀਆਂ ਦੇ ਸੱਦੇ ਤੇ ਪੂਰੇ ਪੰਜਾਬ ਅੰਦਰ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨਾ ਦਿੱਤਾ ਗਿਆ। ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਪੁਲਿਸ ਵੱਲੋਂ ਵਰਤੀ ਜਾ ਰਹੀ ਅੰਨੀ ਤਾਕਤ ਨੂੰ ਨੱਥ ਪਾਈ ਜਾਵੇ ਤੇ ਲੋਕਾਂ ਦੇ ਜਮੂਹਰੀ ਹੱਕਾਂ ਨੂੰ ਬਹਾਲ ਕੀਤਾ ਜਾਵੇ ਜਿਹੜੇ ਵੀ ਕਿਸਾਨ ਚਾਹੇ ਉਹ ਚੰਡੀਗੜ੍ਹ ਧਰਨਾ ਲਾਉਣ ਲਈ ਜਾ ਰਹੇ ਸਨ ਜਾਂ ਸੰਭੂ ਬਾਰਡਰ ਤੇ ਗਿਰਫ਼ਤਾਰ ਕੀਤੇ ਹਨ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਉਹਨਾਂ ਤੇ ਦਰਜ ਕੀਤੇ ਕੇਸ ਬਿਨਾਂ ਸ਼ਰਤ ਰੱਦ ਕੀਤੇ ਜਾਣ ਤੇ ਸੰਭੂ ਬਾਰਡਰ ਤੇ ਹੋਏ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਖੁਦ ਕਰੇ। ਕਿਸਾਨਾਂ ਦੇ ਟਰੈਕਟਰ ਟਰਾਲੀਆਂ ਤੇ ਕੀਮਤੀ ਸਮਾਨ ਉਹਨਾਂ ਨੂੰ ਸਰਲ ਤਰੀਕੇ ਨਾਲ ਛੇਤੀ ਤੋਂ ਛੇਤੀ ਵਾਪਸ ਕੀਤਾ ਜਾਵੇ ਤੇ ਡੱਲੇਵਾਲ ਸਾਹਿਬ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ । ਕਿਸਾਨਾਂ ਨੂੰ ਆਪਣੀਆਂ ਹਕੀਕੀ ਮੰਗਾਂ ਲਈ ਸੰਘਰਸ਼ ਕਰਨ ਦੀ ਖੁੱਲ ਹੋਵੇ। ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਰਾਹਤ ਦੇਵੇ। ਅਸੀਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਜਲਦ ਤੋਂ ਜਲਦ ਧਿਆਨ ਦੇ ਕੇ ਉਨ੍ਹਾਂ ਨੂੰ ਪੂਰਾ ਕਰੇਗੀ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਐਸ.ਕੇ.ਐਮ ਤੇ ਹੋਰ ਸਾਰੀਆਂ ਜਥੇਬੰਦੀਆਂ ਮਿਲ ਕੇ ਅਗਲੇ ਸੰਘਰਸ਼ ਲੜਨ ਲਈ ਮਜਬੂਰ ਹੋਣਗੀਆਂ । ਸਰਕਾਰਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਅੱਜ ਸੱਤਾ ਤੁਹਾਡੇ ਹੱਥ ਵਿੱਚ ਹੈ ਸੱਤਾ ਤੋਂ ਉਤਾਰਨਾ ਵੀ ਲੋਕਾਂ ਨੂੰ ਆਉਂਦਾ ਹੈ ਤੇ ਸੱਤਾ ਉੱਪਰ ਬਿਠਾਉਣਾ ਵੀ ਲੋਕਾਂ ਨੇ ਹੀ ਹੈ ਇਸ ਲਈ ਸਰਕਾਰ ਲੋਕ ਭਲਾਈ ਦੇ ਫੈਸਲੇ ਲਵੇ ਤੇ ਕਿਸਾਨਾਂ ਨਾਲ ਵੈਰ ਕਮਾਉਣਾ ਬੰਦ ਕਰ ਦੇਵੇ। ਅੱਜ ਦੇ ਧਰਨੇ ਵਿੱਚ ਜੋਗਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਢੀਂਡਸਾ, ਗੁਰਵਿੰਦਰ ਸਿੰਘ ਕੂੰਮ ਕਲਾਂ, ਪਮਨਦੀਪ ਮੋਹਲੋਂ, ਗੁਰਪ੍ਰੀਤ ਸਿੰਘ ਸਾਹਾਬਾਣਾ, ਕਾਲਾ ਭਰਥਲਾ, ਗਿਆਨ ਮੰਡ, ਦਰਸ਼ਨ ਸਿੰਘ, ਰਘੁਬੀਰ ਕੂੰਮ ਕਲਾਂ, ਜੋਲੀ ਜੰਡਿਆਲੀ, ਦਰਸ਼ਨ ਸਿੰਘ, ਹਰਪ੍ਰੀਤ ਸਿੰਘ, ਗੁਰਸੇਵਕ ਸਿੰਘ,ਅੰਮ੍ਰਿਤ ਰਾਜੇਵਾਲ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj