ਪੰਜਾਬ ਸਰਕਾਰ ਤਹਿਸੀਲ ਕੰਪਲੈਕਸ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਵੇ ਅਤੇ ਸੜਕਾਂ ਦੀ ਹਾਲਤ ਵੀ ਸੁਧਾਰੇ – ਭਾਟੀਆ, ਗੈਂਦ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਥਾਨਕ ਤਹਿਸੀਲ ਕੰਪਲੈਕਸ ਵਿੱਚ ਥੋੜੀ ਜਿਹੀ ਬਰਸਾਤ ਕਾਰਨ ਕੰਪਲੈਕਸ ਵਿੱਚ ਥਾਂ-ਥਾਂ ਪਾਣੀ ਖੜ੍ਹਾ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਅਤੇ ਜ਼ਿਲ੍ਹਾ ਸਕੱਤਰ ਅਸ਼ਵਨੀ ਗੈਂਦ ਨੇ ਕਿਹਾ ਕਿ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ਨੂੰ ਜਾਂਦੀ ਸੜਕ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਦਾ ਇੱਥੋਂ ਪੈਦਲ ਲੰਘਣਾ ਵੀ ਮੁਸ਼ਕਲ ਹੈ। ਭਾਟੀਆ ਅਤੇ ਗੈਂਦ ਨੇ ਦੱਸਿਆ ਕਿ ਇੱਥੇ ਸਾਈਕਲ ਸਟੈਂਡ ਵਿੱਚ ਆਪਣੇ ਵਾਹਨ ਪਾਰਕ ਕਰਨ ਦੀ ਬਜਾਏ ਲੋਕ ਤਹਿਸੀਲ ਦੀ ਹਦੂਦ ਤੋਂ ਬਾਹਰ ਆਪਣੇ ਵਾਹਨ ਪਾਰਕ ਕਰਨ ਲਈ ਮਜਬੂਰ ਹਨ। ਜਿਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈ ਰਿਹਾ ਹੈ। ਸਾਇਕਲ ਸਟੈਂਡ ਮਾਲਕ ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਥੋੜੀ ਜਿਹੀ ਬਰਸਾਤ ਕਾਰਨ ਹੀ ਇੰਨਾ ਚਿੱਕੜ ਹੋ ਜਾਂਦਾ ਹੈ, ਕਿ ਕੋਈ ਵੀ ਆਪਣਾ ਦੋਪਹੀਆ ਵਾਹਨ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਵਿੱਚ ਨਹੀਂ ਖੜਾ ਕਰਦਾ। ਜਿਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਵਿੱਚ ਆਉਣ-ਜਾਣ ਵਾਲੇ ਲੋਕ ਇਸ ਚਿੱਕੜ ਵਿੱਚ ਡਿੱਗ ਜਾਂਦੇ ਹਨ ਅਤੇ ਆਪਣੇ ਮਾਪਿਆਂ ਨਾਲ ਆਉਣ ਵਾਲੇ ਬੱਚੇ ਤੇ ਕਈ ਬਜ਼ੁਰਗ ਵੀ ਡਿੱਗ ਚੁੱਕੇ ਹਨ।
ਭਾਟੀਆ ਅਤੇ ਗੈਂਦ ਨੇ ਦੱਸਿਆ ਕਿ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦੀ ਹੈ ਪਰ ਜੇਕਰ ਤਹਿਸੀਲ ਦੀ ਇਹ ਹਾਲਤ ਹੈ ਜਿਸ ਤੋਂ ਪੰਜਾਬ ਸਰਕਾਰ ਨੂੰ ਸਭ ਤੋਂ ਵੱਧ ਆਮਦਨ ਹੁੰਦੀ ਹੈ ਤਾਂ ਬਾਕੀ ਵਾਅਦੇ ਆਪਣੇ-ਆਪ ਖੋਖਲੇ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਨਾਲ ਕਈ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ, ਜਿਨ੍ਹਾਂ ਦਾ ਸੜਕ ਦੀ ਇਸ ਮਾੜੀ ਹਾਲਤ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ, ਇਸ ਲਈ ਉਨ੍ਹਾਂ ਪੰਜਾਬ ਸਰਕਾਰ ਅਤੇ ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਅਪੀਲ ਕੀਤੀ ਹੈ ਕਿ ਇਸ ਨਵੇਂ ਬਣੇ ਤਹਿਸੀਲ ਕੰਪਲੈਕਸ ਨੂੰ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਵੇ ਅਤੇ ਸੜਕ ਦੀ ਹਾਲਤ ਵੀ ਸੁਧਾਰੀ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਈ ਘਨ੍ਹੱਈਆ ਜੀ ਚੈਰੀਟੇਬਲ ਬਲੱਡ ਸੈਂਟਰ ਮਿੱਠਾ ਟਿਵਾਣਾ ਵਿਖੇ ਨਵਾਂ ਬਲੱਡ ਕੰਪੋਨੈਂਟ ਵਿੰਗ ਸਥਾਪਿਤ ਕੀਤਾ
Next articleWorkers will have to come forward for their rights over the resources of the country