ਪੰਜਾਬ ਸਰਕਾਰ ਦੀ ਓ.ਟੀ.ਐਸ ਸਕੀਮ ਦਾ ਵਪਾਰੀ ਚੁੱਕਣ ਵੱਧ ਤੋਂ ਵੱਧ ਲਾਭ – ਅਨਿਲ ਠਾਕੁਰ

ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਜਲਦ ਹੱਲ ਦਾ ਦਿੱਤਾ ਭਰੋਸਾ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਪੰਜਾਬ ਟਰੇਡਰਜ਼ ਕਮਿਸ਼ਨ ਆਬਕਾਰੀ ਤੇ ਕਰ ਵਿਭਾਗ ਦੇ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਇਕ ਮਹੱਤਵਪੂਰਨ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹਾ ਸ਼ਿਕਾਇਤ ਨਿਵਾਰਣ, ਉਦਯੋਗ ਅਤੇ ਵੱਖ-ਵੱਖ ਐਸੋਸੀਏਸ਼ਨਾਂ ਨੂੰ ਓ.ਟੀ.ਐਸ ਸਕੀਮ ਦੇ ਬਾਰੇ ਵਿਚ ਜਾਗਰੂਕ ਕਰਨਾ ਸੀ। ਇਸ ਦੌਰਾਨ ਬੈਕਫਿੰਕ) ਦੇ ਚੇਅਰਮੈਨ ਸੰਦੀਪ ਸੈਣੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਸਹਾਇਕ ਕਮਿਸ਼ਨਰ ਸਟੇਟ ਟੈਕਸ ਜਤਿੰਦਰ ਕੌਰ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਅਨਿਲ ਠਾਕੁਰ ਨੇ ਵਪਾਰੀਆਂ ਨੂੰ ਓ.ਟੀ.ਐਸ ਸਕੀਮ ਦੇ ਲਾਭਾਂ ਅਤੇ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਟਰੇਡ ਯੂਨੀਅਨਾਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਅਤੇ ਉਦਯੋਗਾਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਓ.ਟੀ.ਐਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਵਪਾਰੀਆਂ ਨੂੰ ਇਸ ਯੋਜਨਾ ਦਾ ਸਹੀ ਤਰੀਕੇ ਨਾਲ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਅਸਾਨੀ ਨਾਲ ਕਰ ਸਕਣ। ਇਸ ਮੌਕੇ ਉਨ੍ਹਾਂ ਵਪਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਣ ਦਾ ਵੀ ਯਤਨ ਕੀਤਾ।
ਅਨਿਲ ਠਾਕੁਰ ਨੇ ਕਿਹਾ ਕਿ ਇਹ ਮੀਟਿੰਗ ਵਪਾਰੀਆਂ ਅਤੇ ਉਦਯੋਗਪਤੀਆਂ ਵਿਚਾਲੇ ਸਿੱਧਾ ਸੰਚਾਰ ਸਥਾਪਿਤ ਕਰਨ ਲਈ ਆਯੋਜਿਤ ਕੀਤੀ ਗਈ ਸੀ, ਜਿਸ ਨਾਲ ਉਹ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਪ੍ਰਤੀ ਬਿਹਤਰ ਤਰੀਕੇ ਨਾਲ ਜਾਣੂ ਹੋ ਸਕਣ ਅਤੇ ਆਪਣੇ ਕਾਰੋਬਾਰ ਦੀਆਂ ਸਮੱਸਿਆਵਾਂ  ਦਾ ਹੱਲ ਪ੍ਰਾਪਤ ਕਰ ਸਕਣ।
ਸਹਾਇਕ ਕਮਿਸ਼ਨਰ ਸਟੇਟ ਟੈਕਸ ਜਤਿੰਦਰ ਕੌਰ ਨੇ ਵਪਾਰੀਆਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਓ.ਟੀ.ਐਸ ਸਕੀਮ ਦੀ ਆਖਰੀ ਮਿਤੀ 16 ਅਕਤੂਬਰ 2024 ਹੈ। ਉਨ੍ਹਾਂ ਨੇ ‘ਮੇਰਾ ਬਿੱਲ’ ਐਪ ਸਕੀਮ ਦੇ ਬਾਰੇ ਵਿਚ ਅਤੇ ਵਿਭਾਗ ਦੇ ਮਾਲੀਏ ਬਾਰੇ ਵਿਚ ਵੀ ਸੰਖੇਪ ਰੂਪ ਨਾਲ ਟਰੇਡ ਐਸੋਸੀਏਸ਼ਨਾਂ ਅਤੇ ਵਪਾਰੀਆਂ  ਨੂੰ ਦੱਸਿਆ।
ਜ਼ਿਲ੍ਹਾ ਹੁਸ਼ਿਆਰਪੁਰ ਵਪਾਰ ਮੰਡਲ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਇਸ ਦੌਰਾਨ ਟਰੇਡ ਲਾਇਸੰਸ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਰਾਹੀਂ ਟਰੇਡ ਲਾਇਸੰਸ ਦੇਣ ਸਬੰਧੀ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਸ ਨੂੰ ਲਾਗੂ ਨਾ ਕੀਤਾ ਜਾਵੇ। ਮੀਟਿੰਗ ਵਿਚ ਕੰਪਿਊਟਰ ਐਸੋਸੀਏਸ਼ਨ ਵੱਲੋਂ ਕੰਪਿਊਟਰ ਸਬੰਧੀ ਵਸਤੂਆਂ ਦੀ ਸਲੈਬ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਸਬੰਧੀ ਵੀ ਮੈਮੋਰੰਡਮ ਚੇਅਰਮੈਨ ਅਨਿਲ ਠਾਕੁਰ ਨੂੰ ਦਿੱਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੀ.ਏ.ਯੂ. – ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿਖੇ ਲਾਇਬ੍ਰੇਰੀ ਦੀ ਵਰਤੋਂ ਸਬੰਧੀ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Next articleਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਕਾਬੂ, ਮੁਕੱਦਮਾ ਦਰਜ