ਪੰਜਾਬ ਸਰਕਾਰ ਨੇ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ’ਚ ਪੁੱਟੀਆ ਵੱਡੀਆ ਪੁਲਾਂਘਾਂ – ਡਾ. ਰਵਜੋਤ ਸਿੰਘ

ਸਿਵਲ ਹਸਪਤਾਲ ਵਿਖੇ ਨਵੇਂ ਹਾਊਸ ਸਰਜਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਰਾਜ ਸਰਕਾਰ ਵਲੋਂ ਨਿਯੁਕਤ ਕੀਤੇ 24 ਐਮ.ਬੀ.ਬੀ.ਐਸ. ਡਾਕਟਰਾਂ ਨੂੰ ਹਾਊਸ ਸਰਜਨ ਵਜੋਂ ਨਿਯੁਕਤੀ ਪੱਤਰ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਰਕਾਰ ਨੇ ਸੂਬੇ ਅੰਦਰ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ਵਿਚ ਨਵੇਂ  ਦਿਸਹੱਦੇ ਸਥਾਪਿਤ ਕੀਤੇ ਹਨ। ਸਥਾਨਕ ਸਿਵਲ ਹਸਪਤਾਲ ਵਿਖੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਸਮੇਤ ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਲੋਕਲ ਬਾਡੀਜ਼ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਨਿਯੁਕਤੀ ਨਾਲ ਸਿਵਲ ਹਸਪਤਾਲ ਅਤੇ ਸਬ-ਡਵੀਜ਼ਨਾਂ ਵਿਖੇ ਸਰਕਾਰੀ ਹਸਪਤਾਲਾਂ ਵਿਚ ਹੋਰ ਵੀ ਬਿਹਤਰ ਢੰਗ ਨਾਲ  ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ 24 ਡਾਕਟਰਾਂ ਵਿਚੋਂ 8 ਸਿਵਲ ਹਸਪਤਾਲ ਹੁਸ਼ਿਆਰਪੁਰ, 4 ਸਬ-ਡਵੀਜ਼ਨ ਹਸਪਤਾਲ ਗੜ੍ਹਸ਼ੰਕਰ, 5 ਦਸੂਹਾ ਅਤੇ 2 ਮੁਕੇਰੀਆਂ ਵਿਖੇ ਤਾਇਨਾਤ ਹੋਣਗੇ ਤਾਂ ਜੋ ਲੋਕਾਂ ਨੂੰ ਲੋੜੀਂਦੇ ਇਲਾਜ ਦੇ ਨਾਲ-ਨਾਲ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਿਹਤ ਸੇਵਾਵਾਂ ਦੇ ਖੇਤਰ ਵਿਚ ਪੰਜਾਬ ਨੇ ਵੱਡੀਆਂ ਪੁਲਾਂਘਾਂ ਪੁੱਟਦਿਆਂ ਬਾਕੀ ਸੂਬਿਆਂ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਵੀ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ ਅਤੇ ਪਿਛਲੇ ਢਾਈ ਸਾਲ ਦੌਰਾਨ 50 ਹਜ਼ਾਰ ਦੇ ਕਰੀਬ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿਚ ਭਰਤੀ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪਣੇ ਵਲੋਂ ਇਨ੍ਹਾਂ ਡਾਕਟਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੇ ਸੱਦਾ ਦਿੱਤਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ, ਮਿਹਨਤ, ਲਗਨ ਅਤੇ ਮੁਹਾਰਤੀ ਵਚਨਬੱਧਤਾ ਨਾਲ ਕਰਨ ਤਾਂ ਜੋ ਆਮ ਲੋਕਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 900 ਦੇ ਕਰੀਬ ਆਮ ਆਦਮੀ ਕਲੀਨਿਕ ਸਥਾਪਿਤ ਕਰਕੇ ਕਰੋੜਾਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਮੁਢਲੀਆਂ ਸਿਹਤ ਸੇਵਾਵਾਂ ਦੀ ਸਹੂਲਤ ਮੁਹੱਈਆ ਕਰਵਾ ਕੇ ਸਿਹਤ ਖੇਤਰ ਵਿਚ ਵੱਡੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਹਸਪਤਾਲ ਵਿਖੇ ਬਨਣ ਵਾਲੀ ਨਵੀਂ ਲੈਬਾਰਟਰੀ ਰਾਹੀਂ ਲੋਕਾਂ ਨੂੰ 80 ਦੇ ਕਰੀਬ ਵੱਖ-ਵੱਖ ਟੈਸਟਾਂ ਦੀ ਮੁਫ਼ਤ ਸਹੂਲਤ ਮਿਲੇਗੀ। ਨਵੇਂ ਤਾਇਨਾਤ ਕੀਤੇ ਹਾਊਸ ਸਰਜਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਸਮਰਪਣ ਭਾਵਨਾ ਨਾਲ ਸਿਹਤ ਸੇਵਾਵਾਂ ਦੇਣਾ ਯਕੀਨੀ ਬਣਾਉਣਗੇ। ਇਸ ਮੌਕੇ ਸਿਵਲ ਸਰਜਨ ਡਾ. ਪਵਨ ਸ਼ਗੋਤਰਾ, ਸਹਾਇਕ ਸਿਵਲ ਸਰਜਨ ਡਾ. ਕਮਲੇਸ਼, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਡੀ.ਆਈ.ਓ ਸੀਮਾ ਗਰਗ, ਡੀ.ਐਫ.ਪੀ.ਓ ਡਾ. ਅਨੀਤਾ, ਡੀ.ਐਚ.ਓ. ਡਾ. ਜਤਿੰਦਰ ਭਾਟੀਆ, ਐਸ.ਐਮ.ਓਜ਼ ਡਾ. ਸਵਾਤੀ ਅਤੇ ਡਾ. ਕੁਲਦੀਪ ਸਿੰਘ ਆਦਿ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ…ਡੱਲੇਵਾਲ ਦੀ ਪੁਲੀਸ ਹਿਰਾਸਤ ਨੂੰ ਲੈ ਕੇ ਮਾਹੌਲ ਤਣਾਅਪੂਰਨ; ਖਨੌਰੀ-ਸ਼ੰਭੂ ਸਰਹੱਦ ‘ਤੇ ਕਿਸਾਨਾਂ ਦੀ ਭੀੜ ਵਧੀ
Next articleਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਨੂੰ ਮਨਜ਼ੂਰੀ, ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਕੀਤਾ ਸਮਝੌਤਾ, 14 ਮਹੀਨਿਆਂ ਤੋਂ ਚੱਲ ਰਹੀ ਜੰਗ ਖਤਮ ਹੋਵੇਗੀ