ਸਮਾਜ ਵੀਕਲੀ ਯੂ ਕੇ-
ਫਿਲੌਰ/ਅੱਪਰਾ (ਜੱਸੀ)- ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ.ਐੱਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਮਜ਼ਦੂਰਾਂ ਦੀਆਂ ਉੱਜਰਤਾਂ ਵਿੱਚ ਨਿਗੁਣਾ ਵਾਧਾ ਕਰਦਿਆਂ ਕਿਰਤ ਦਾ ਮੁੱਲ ਤੈਅ ਕਰਨ ਲਈ ਨਵੀਂ ਘੱਟੋ-ਘੱਟ ਉੱਜਰਤ ਸੂਚੀ ਜਾਰੀ ਕੀਤੀ ਗਈ ਹੈ। ਇਹ ਸੂਚੀ ਕਰੀਬ 3 ਮਹੀਨੇ ਦੇਰੀ ਨਾਲ ਜਾਰੀ ਹੋਈ ਜਦਕਿ ਸਤੰਬਰ 2024 ਵਿੱਚ ਜਾਰੀ ਹੋਣੀ ਸੀ। ਇਸੇ ਤਰ੍ਹਾਂ ਮਾਰਚ 2024 ਦੌਰਾਨ ਜਾਰੀ ਹੋਣ ਵਾਲੀ ਸੂਚੀ ਵੀ 6 ਮਹੀਨੇ ਦੇਰੀ ਨਾਲ ਜਾਰੀ ਕੀਤੀ ਗਈ ਸੀ।
ਬਲਦੇਵ ਭਾਰਤੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਰਤ ਵਿਭਾਗ ਦੀ ਅੰਕੜਾ ਸ਼ਾਖਾ ਵਲੋਂ ‘ਘੱਟੋ-ਘੱਟ ਉੱਜਰਤ ਕਾਨੂੰਨ-1948’ ਅਧੀਨ ਵਿੱਤੀ ਸਾਲ ਦੌਰਾਨ ਮਾਰਚ ਅਤੇ ਸਤੰਬਰ ਮਹੀਨਿਆਂ ਦੇ ਸ਼ੁਰੂ ਵਿੱਚ 2 ਵਾਰ ਵੱਖ ਵੱਖ ਖੇਤਰਾਂ ਵਿੱਚ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕੀਤੇ ਜਾਣ ਸਬੰਧੀ ਸੂਚੀ ਜਾਰੀ ਕੀਤੀ ਜਾਂਦੀ ਹੈ। ਇਸ ਸੂਚੀ ਵਿੱਚ ਖੇਤੀਬਾੜੀ, ਭੱਠਾ ਸਨਅਤ, ਉਦਯੋਗਾਂ ਅਤੇ ਹੋਰ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰਦੇ ਅਣ-ਸਿੱਖਿਅਕ, ਅਰਧ-ਸਿੱਖਿਅਕ ਅਤੇ ਸਿੱਖਿਅਕ ਮਜ਼ਦੂਰਾਂ ਦੀ ਮਜ਼ਦੂਰੀ ਤੈਅ ਕੀਤੀ ਹੁੰਦੀ ਹੈ। ਇਸ ਸੂਚੀ ਵਿੱਚ ਤੈਅ ਕੀਤੀ ਗਈ ਮਜ਼ਦੂਰੀ ਤੋਂ ਘੱਟ ਮਜ਼ਦੂਰੀ ਦੇਣਾ ਕਾਨੂੰਨੀ ਜੁਰਮ ਹੈ।
ਉਨ੍ਹਾਂ ਇਸ ਨਵੀਂ ਘੱਟੋ-ਘੱਟ ਉੱਜਰਤ ਸੂਚੀ ਦੇ ਹਵਾਲੇ ਨਾਲ ਦੱਸਿਆ ਕਿ 01 ਸਤੰਬਰ 2024 ਤੋਂ ਅਣ-ਸਿੱਖਿਅਤ ਕਾਮਿਆਂ ਲਈ 422.92 ਰੁਪਏ, ਅਰਧ ਸਿੱਖਿਅਕ ਕਾਮਿਆਂ ਲਈ 452.92 ਰੁਪਏ, ਸਿੱਖਿਅਕ ਕਾਮਿਆਂ ਲਈ 487.42 ਰੁਪਏ, ਉੱਚ ਸਿੱਖਿਅਕ ਕਾਮਿਆਂ ਲਈ 527.11 ਰੁਪਏ, ਖੇਤੀਬਾੜੀ ਕਾਮਿਆਂ ਲਈ ਖਾਣੇ ਸਮੇਤ 396.77 ਰੁਪਏ ਅਤੇ ਬਗੈਰ ਖਾਣੇ ਤੋਂ 441.12 ਰੁਪਏ ਰੋਜ਼ਾਨਾ ਦਿਹਾੜੀ ਤੈਅ ਕੀਤੀ ਗਈ ਹੈ।