(ਸਮਾਜ ਵੀਕਲੀ) ਅਜੋਕੀ ਰਾਜਨੀਤਕ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਸਿੱਖਿਆ ਅਤੇ ਰੁਜ਼ਗਾਰ ਦੇ ਮੁੱਦੇ ਨੂੰ ਲੈ ਕੇ ਸੱਤਾ ਵਿੱਚ ਆਈ ਸੀ। ਸਿੱਖਿਆ ਦੇ ਖੇਤਰ ਵਿੱਚ ਕੁੱਝ ਕੁ ਕੰਮ ਸਰਕਾਰ ਨੇ ਵਧੀਆ ਵੀ ਕੀਤੇ, ਪਰ ਪੂਰੇ ਪੰਜਾਬ ਦੇ ਅੰਦਰ ਨਹੀਂ ਕੀਤੇ। ਇਸ ਦੇ ਕਈ ਉਦਾਹਰਨ ਦੇਖਣ ਨੂੰ ਮਿਲ ਜਾਣਗੇ। ਜਿਵੇਂ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਲਾਇਬ੍ਰਰੇਰੀਆਂ ਦਾ ਖੁੱਲਣਾ ਆਦਿ। ਇਸ ਤੋਂ ਇਲਾਵਾਂ ਹੋਰ ਜਿਲ੍ਹਿਆ ਦੇ ਅੰਦਰ ਵੀ ਲਾਇਬ੍ਰਰੇਰੀਆਂ ਦਾ ਨਿਰਮਾਣ ਸਰਕਾਰ ਵੱਲੋਂ ਕੀਤਾ ਗਿਆ ਹੈ। ਪਰ ਸਰਹੱਦੀ ਜਿਲ੍ਹੇ ਫਾਜਿਲਕਾ ਅਤੇ ਫਿਰੋਜਪੁਰ ਦੇ ਅੰਦਰ ਇੱਕ ਵੀ ਲਾਇਬ੍ਰਰੇਰੀ ਦਾ ਨਿਰਮਾਣ ਨਹੀਂ ਕੀਤਾ ਗਿਆ ਹੈ, ਜਿੱਥੇ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਪੜ੍ਹ ਕੇ ਆਪਣਾ ਭਵਿੱਖ ਬਣਾ ਸਕਣ। ਕੀ ਇਹਨਾਂ ਜਿਲ੍ਹਿਆਂ ਦੇ ਵਸਨੀਕ ਪੰਜਾਬ ਦੇ ਵੋਟਰ ਨਹੀਂ ਹਨ ਜਾਂ ਜਿਨ੍ਹਾਂ ਜਿਲ੍ਹਿਆਂ ਵਿੱਚ ਲਾਇਬ੍ਰਰੇਰੀਆਂ ਖੋਲ੍ਹੀਆਂ ਗਈਆਂ ਹਨ ਜਾਂ ਉਥੋਂ ਦੇ ਮੰਤਰੀਆਂ ਦੇ ਕਹਿਣ ਤੇ ਇਹ ਕੰਮ ਹੋਇਆ ਹੈ। ਇਹ ਤਾਂ ਸਾਫ ਹੀ ਪਤਾ ਚੱਲ ਰਿਹਾ ਹੈ ਕਿ ਸਰਹੱਦੀ ਜਿਲ੍ਹਿਆ ਨੂੰ ਬਿਲਕੁੱਲ ਹੀ ਅਣਗੌਲਿਆ ਕੀਤਾ ਗਿਆ ਹੈ। ਇਹਨਾਂ ਸਰਹੱਦੀ ਜਿਲ੍ਹਿਆਂ ਦੇ ਵਿਦਿਆਰਥੀਆਂ ਤਾਂ ਪਹਿਲਾਂ ਹੀ ਸਿੱਖਿਆਂ ਦੇ ਪੱਖੋਂ ਕਾਫੀ ਪਿੱਛੇ ਹਨ ਅਤੇ ਉੱਪਰੋਂ ਇਸ ਤਰ੍ਹਾਂ ਇਹਨਾਂ ਨੂੰ ਅਣਗੌਲਿਆ ਕਰ ਕੇ ਸਰਕਾਰ ਕੀ ਪੇਸ਼ ਕਰਨਾ ਚਾਹੁੰਦੀ ਹੈ ਜਾਂ ਸਰਕਾਰ ਦੀ ਇਹ ਮਨਸ਼ਾ ਹੈ ਕਿ ਇਹ ਲੋਕ ਕਦੇ ਉੱਪਰ ਆ ਹੀ ਨਾ ਸਕਣ ਤਾਂ ਜੋ ਇਹਨਾਂ ਕੋਲ ਹਰ ਵਾਰ ਵੋਟਾਂ ਲੈਣ ਦਾ ਬਹਾਨਾ ਬਣਿਆ ਰਹੇ। ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਅਗਰ ਇਹ ਲੋਕ ਪੜ੍ਹ ਲਿਖ ਕੇ ਕੁੱਝ ਬਣ ਗਏ ਤਾਂ ਫਿਰ ਇਹ ਲੋਕ ਹੀ ਸਾਨੂੰ ਸਵਾਲ ਕਰਨਗੇ। ਬੜ੍ਹੇ ਹੀ ਅਫਸੋਸ ਦੀ ਗੱਲ ਹੈ ਕਿ ਇਹਨਾਂ ਜਿਲ੍ਹਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਇਹਨਾਂ ਜਿਲ੍ਹਿਆਂ ਦੇ ਵਿੱਚੋਂ ਕਿਸੇ ਵੀ ਵਿਧਾਇਕ ਨੇ ਅਜੇ ਤੱਕ ਇਹ ਮੰਗ ਵਿਧਾਨ ਸਭਾ ਵਿੱਚ ਨਹੀਂ ਰੱਖੀ ਕਿ ਸਾਡੇ ਇਹਨਾਂ ਸਰਹੱਦੀ ਜਿਲ੍ਹਿਆਂ ਦੇ ਹਰ ਇੱਕ ਕਸਬੇ ਵਿੱਚ ਲਾਇਬ੍ਰਰੇਰੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਰਹੱਦੀ ਇਹਨਾਂ ਜਿਲ੍ਹਿਆਂ ਦੇ ਵਿਦਿਆਰਥੀ ਪੜ੍ਹ ਕੇ ਕੋਈ ਵੱਡੇ ਅਫਸਰ ਬਣ ਸਕਣ ਅਤੇ ਆਪਣੇ ਮਾਪਿਆਂ ਦਾ ਸਹਾਰਾ ਬਣ ਸਕਣ। ਕੀ ਇਹ ਵਿਧਾਇਕ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਣ ਤੱਕ ਹੀ ਸੀਮਤ ਹਨ, ਜੇ ਇਹਨਾਂ ਨੂੰ ਵਿਦਿਆਰਥੀਆਂ ਦੇ ਭਵਿੱਖ ਦੀ ਚਿੰਤਾਂ ਹੁੰਦੀ ਤਾਂ ਹੁਣ ਤੱਕ ਇਹਨਾਂ ਪੱਛੜੇ ਜਿਲ੍ਹਿਆਂ ਵਿੱਚ ਵੀ ਲਾਇਬ੍ਰਰੇਰੀਆਂ ਦਾ ਪ੍ਰਬੰਧ ਹੋਣਾ ਸੀ। ਸਰਕਾਰ ਵਾਅਦੇ ਤਾਂ ਬਹੁਤ ਵੱਡੇ ਵੱਡੇ ਕਰਦੀ ਹੈ, ਪਰ ਨਿਭਾਉਂਦੀ ਕਿੰਨੇ ਕੁ ਹੈ ਇਹ ਤਾਂ ਸਭ ਜ਼ਮੀਨੀ ਪੱਧਰ ਤੇ ਦਿਖ ਹੀ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਕੰਨਾਂ ਤੱਕ ਕਦੋਂ ਆਵਾਜ਼ ਪਹੁੰਚਦੀ ਹੈ ਤਾਂ ਜੋ ਇਹਨਾਂ ਦੀ ਜ਼ਮੀਰ ਜਾਗ ਸਕੇ ਅਤੇ ਇਹਨਾਂ ਸਰਹੱਦੀ ਜਿਲ੍ਹਿਆਂ ਦੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰਾਂ ਹੋ ਸਕੇ ਜਾਂ ਇਹ ਵਿਦਿਆਰਥੀ ਹਮੇਸ਼ਾਂ ਪੱਛੜੇ ਹੀ ਰਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾਂ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj