ਚੰਡੀਗੜ੍ਹ, (ਸਮਾਜ ਵੀਕਲੀ): ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਚੋਣਾਂ ਬਾਰੇ ਭਲਕੇ 17 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਭਾਜਪਾ ਆਪਣੇ ਨਵੇਂ ਸਿਆਸੀ ਭਾਈਵਾਲਾਂ ਨਾਲ ਸੀਟਾਂ ਦੀ ਵੰਡ ’ਤੇ ਮੋਹਰ ਲਾਵੇਗੀ| ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜਨਰਲ ਸਕੱਤਰ ਬੀਐੱਸ ਸੰਤੋਸ਼ ਨਾਲ ਪੰਜਾਬ ਭਾਜਪਾ ਦੀ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ’ਚ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਸੀਟਾਂ ਦੀ ਵੰਡ ਅਤੇ ਭਾਜਪਾ ਉਮੀਦਵਾਰਾਂ ਬਾਰੇ ਫ਼ੈਸਲਾ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਭਾਜਪਾ ਭਲਕੇ ਇਹ ਫ਼ੈਸਲਾ ਕਰੇਗੀ ਕਿ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਕਿੰਨੀਆਂ ਅਤੇ ਕਿਹੜੀਆਂ ਸੀਟਾਂ ਦੇਣੀਆਂ ਹਨ|
ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਦੀ ਲੰਘੇ ਕੱਲ੍ਹ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ 117 ਹਲਕਿਆਂ ਤੋਂ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ ਸੀ| ਪੰਜਾਬ ਭਾਜਪਾ ਨੇ 117 ਹਲਕਿਆਂ ਤੋਂ ਭਾਜਪਾ ਉਮੀਦਵਾਰਾਂ ਬਾਰੇ ਖਾਕਾ ਤਿਆਰ ਕੀਤਾ ਹੈ|
ਕਰੀਬ ਚਾਰ ਉਮੀਦਵਾਰਾਂ ਨੇ ਟਿਕਟਾਂ ਲਈ ਪਹੁੰਚ ਕੀਤੀ ਹੈ| ਪੰਜਾਬ ਭਾਜਪਾ ਦੀ ਚੋਣ ਕਮੇਟੀ ਨੇ ਹਰ ਹਲਕੇ ਤੋਂ ਤਿੰਨ-ਤਿੰਨ ਉਮੀਦਵਾਰਾਂ ਦਾ ਇੱਕ ਪੈਨਲ ਬਣਾਇਆ ਹੈ | ਸੂਤਰਾਂ ਅਨੁਸਾਰ ਭਲਕੇ ਮੀਟਿੰਗ ਵਿੱਚ ਸੀਟਾਂ ਦੀ ਵੰਡ ਦੇ ਮਾਮਲੇ ਤੋਂ ਇਲਾਵਾ ਜੋ ਭਾਜਪਾ ਉਮੀਦਵਾਰਾਂ ਦੇ ਨਾਂ ਫਾਈਨਲ ਹੋਣਗੇ, ਉਨ੍ਹਾਂ ਨੂੰ ਭਾਜਪਾ ਦੇ ਕੇਂਦਰੀ ਚੋਣ ਬੋਰਡ ਕੋਲ ਭੇਜਿਆ ਜਾਣਾ ਹੈ ਜਿਸ ਦੀ ਮੋਹਰ ਮਗਰੋਂ ਹੀ ਭਾਜਪਾ ਉਮੀਦਵਾਰਾਂ ਦੀ ਸੂਚੀ ਜਾਰੀ ਹੋਵੇਗੀ| ਭਲਕੇ ਮੀਟਿੰਗ ਵਿੱਚ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਸੁਭਾਸ਼ ਸ਼ਰਮਾ, ਜੀਵਨ ਗੁਪਤਾ, ਦਿਆਲ ਸੋਢੀ ਅਤੇ ਰਾਜੇਸ਼ ਬਾਘਾ ਤੋਂ ਇਲਾਵਾ ਪੰਜਾਬ ਇੰਚਾਰਜ ਗਜੇਂਦਰ ਸ਼ੇਖਾਵਤ ਸ਼ਮੂਲੀਅਤ ਕਰਨਗੇ|
ਕੇਂਦਰੀ ਆਗੂਆਂ ਅੱਗੇ ਪੈਨਲ ਰੱਖਾਂਗੇ: ਸੋਢੀ
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ ਪੰਜਾਬ ਭਾਜਪਾ ਵੱਲੋਂ ਭਲਕੇ ਸੀਟਾਂ ਦੀ ਵੰਡ ਅਤੇ ਉਮੀਦਵਾਰਾਂ ਦੇ ਪੈਨਲ ਕੇਂਦਰੀ ਲੀਡਰਸ਼ਿਪ ਅੱਗੇ ਰੱਖੇ ਜਾਣਗੇ ਅਤੇ ਆਖ਼ਰੀ ਫ਼ੈਸਲਾ ਕੇਂਦਰੀ ਆਗੂ ਕਰਨਗੇ| ਉਨ੍ਹਾਂ ਦੱਸਿਆ ਕਿ ਸੀਟਾਂ ਦੀ ਵੰਡ ਬਾਰੇ ਛੇ ਮੈਂਬਰੀ ਕਮੇਟੀ ਵੱਲੋਂ ਲਿਆ ਗਿਆ ਫ਼ੈਸਲਾ ਕੇਂਦਰੀ ਆਗੂਆਂ ਅੱਗੇ ਰੱਖਿਆ ਜਾਵੇਗਾ| ਉਨ੍ਹਾਂ ਦੱਸਿਆ ਕਿ ਕਰੀਬ ਚਾਰ ਹਜ਼ਾਰ ਉਮੀਦਵਾਰਾਂ ਨੇ ਭਾਜਪਾ ਦੀ ਟਿਕਟ ਲੈਣ ਲਈ ਅਪਲਾਈ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly