ਪੰਜਾਬ ਦੀ ਕਿਸਾਨੀ ਆਖਰ ਸੰਘਰਸ਼ ਦੀ ਰਾਹ ਤੇ ਕਿਓਂ?

ਹਰਜਿੰਦਰ ਸਿੰਘ ਚੰਦੀ
(ਸਮਾਜ ਵੀਕਲੀ) ਪੰਜਾਬ ਦੀ ਭੋਂਇ ਬਹੁਤ ਉਪਜਾਊ ਹੈ ਅਤੇ ਵਾਤਾਵਰਨ ਬਾ ਕਮਾਲ ਪੰਜਾਬ ਪੰਜਾ ਦਰਿਆਵਾਂ ਦੀ ਧਰਤ ਜਿਸ ਨੂੰ ਲਹਿੰਦਾ ਅਤੇ ਚੜਦਾ ਪੰਜਾਬ ਦੋ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੰਜਾਬ ਦੀ ਵਿਰਾਸਤ ਬਹੁਤ ਅਮੀਰ ਹੈ ਇਥੋਂ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪੈਂਦਾ ਹੈ ਅਤੇ ਭਵਿੱਖ ਵਿਚ ਇਹ ਜਾਰੀ ਰਹੇਗਾ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਥੋਂ ਦੇ ਜੰਮਿਆਂ ਨੇ ਜਿੱਧਰ ਪੈਰ ਧਰਿਆ ਸਫਲਤਾ ਕਦਮ ਚੁੰਮਦੀ ਰਹੀ। ਇਨ੍ਹਾਂ ਲੋਕਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਕੱਟੀਆਂ, ਘਾਹ ਫੂਸ ਖਾ ਕੇ ਜੈਕਾਰੇ ਗਜਾਉਂਦੇ ਰਹੇ ਜੰਗਲਾਂ ਵਿਚ ਮੰਗਲ ਲਾਉਣਾ ਇਨ੍ਹਾਂ ਦਾ ਸ਼ੋਕ ਰਿਹਾ। ਇਨ੍ਹਾਂ ਦੀ ਚੜਦੀ ਕਲਾ ਦੀ ਨਿਸ਼ਾਨੀ ਹੈ ਕਿ ਇਨ੍ਹਾਂ ਲੋਕਾਂ ਨੇ ਕਦੇ ਕਿਸੇ ਦੀ ਅਧੀਨਗੀ ਨਹੀਂ ਮੰਨੀ ਇਨ੍ਹਾਂ ਨੇ ਆਪਣੇ ਬਾਹੂ ਬਲ ਨਾਲ ਪੰਜਾਬੀਆ ਦਾ ਵਿਸ਼ਾਲ ਰਾਜ ਕਾਇਮ ਕੀਤਾ। ਅਤੇ ਭਰੋਸੇ ਵਿਚ ਸਭ ਕੁਝ ਗੁਆ ਲਿਆ। ਭਰੋਸਾ ਕਰਨਾ, ਸਰਬੱਤ ਦਾ ਭਲਾ ਮੰਗਣਾ ਇਨ੍ਹਾਂ ਦੇ ਗੁਰੂਆਂ ਦੀ ਬਖਸ਼ਿਸ਼ ਹੈ। ਇਹ ਭਰੋਸਾ ਇਨ੍ਹਾਂ ਦੀ ਕਮਜ਼ੋਰੀ ਵੀ ਰਿਹਾ ਜੋ ਹੁਣ ਤੱਕ ਜਾਰੀ ਹੈ। ਕਿਉਂਕਿ ਇਥੋ ਦੇ 80% ਲੋਕ ਖੇਤੀ ਤੇ ਨਿਰਭਰ ਹਨ ਅਜ਼ਾਦੀ ਤੋਂ ਬਾਅਦ ਅਨਾਜ ਦੀ ਥੁੜ ਅਤੇ ਦੇਸ਼ ਵਿਚੋਂ ਗ਼ੁਰਬਤ ਗਰੀਬੀ ਨੂੰ ਕੱਢਣ ਲਈ ਇਥੋਂ ਦੇ ਹੁਕਮਰਾਨਾਂ ਨੇ ਇਨ੍ਹਾਂ ਕਿਸਾਨਾਂ ਨੂੰ ਵੰਗਾਰਿਆ, ਖੇਤੀ ਦੀ ਨਵੀਂ ਕ੍ਰਾਂਤੀ ਨੇ ਜੁਗ ਪਲਟ ਦਿੱਤਾ ਅਤੇ ਕਿਸਾਨਾਂ ਦੀ ਮਿਹਨਤ ਨੇ ਦੇਸ਼ ਦੀਆਂ ਮੰਡੀਆਂ ਵਿਚ ਫ਼ਸਲ ਦੇ ਅੰਬਾਰ ਲਗਾ ਦਿੱਤੇ। ਕਿਸਾਨ ਨੇ ਤਾਂ ਆਪਣਾ ਫਰਜ਼ ਬਾਖੂਬੀ ਨਿਭਾਇਆ ਅਤੇ ਨਿਭਾ ਰਿਹਾ ਹੈ। ਪਰ ਦੇਸ਼ ਦੇ ਰਹਿਨੁਮਾ ਸ਼ਾਹਿਦ ਆਪਣੇ ਵਾਅਦਿਆਂ ਨੂੰ ਵਫ਼ਾ ਨਾ ਕਰ ਸਕੇ। ਦੇਸ਼ ਦੀ ਸਿਆਸਤ ਪੂੰਜੀ ਪਤੀਆਂ ਦੇ ਹੱਥਾਂ ਵਿਚ ਚਲੀ ਗਈ ਅਤੇ ਰਾਜਨੀਤਕ ਲੋਕ ਉਨ੍ਹਾਂ ਦੀਆਂ ਕਠਪੁਤਲੀਆਂ ਵਾਂਗ ਵਿਚਰਨ ਲੱਗੇ। ਅੱਜ ਦੇਸ਼ ਦੇ ਕਿਸਾਨਾਂ ਦਾ ਭਵਿੱਖ ਦਿਨੋ ਦਿਨ ਧੁੰਦਲਾ ਦਿਸ ਰਿਹਾ ਹੈ। ਇਸ ਲਈ ਆਏ ਦਿਨ ਕਿਸਾਨਾਂ ਵੱਲੋਂ ਖੇਤੀਬਾੜੀ ਨੂੰ ਅਲਵਿਦਾ ਆਖਿਆ ਜਾ ਰਿਹਾ ਹੈ। ਜੋ ਦੇਸ਼ ਲਈ ਲਾਹੇਵੰਦ ਨਹੀਂ ਹੈ,ਬੱਚੇ ਵਿਦੇਸ਼ਾਂ ਦਾ ਰੁਖ਼ ਅਖ਼ਤਿਆਰ ਕਰ ਗਏ ਹਨ। ਕਿਸਾਨ ਨੂੰ ਇਹ ਸਭ ਸੋਚੀ ਸਮਝੀ ਸਾਜ਼ਿਸ਼ ਲਗ ਰਹੀ ਹੈ। ਕਿਉਂਕਿ ਖੁਦ ਦੇਸ਼ ਵਿਚ ਰਾਜ ਸਤਾ ਤੇ ਕਾਬਜ ਲੋਕਾਂ ਨੂੰ ਇਹ ਨਹੀਂ ਪਤਾ ਲਗ ਰਿਹਾ ਕਿ ਖੇਤਾਂ ਵਿਚ ਕੀ ਬੀਜਿਆ ਜਾ ਬਿਜਾਇਆ ਜਾਵੇ ਜੇਕਰ ਗੱਲ ਕਰੀਏ ਮੰਡੀਕਰਨ ਦੀ ਤਾਂ ਸਰਕਾਰ ਵੱਲੋਂ ਕਿਸਾਨਾਂ ਦੀਆਂ ਕਿੰਨੀਆਂ ਫਸਲਾਂ ਨੂੰ ਖਰੀਦਣ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ।ਇਹ ਇਕ ਸਵਾਲੀਆ ਚਿੰਨ੍ਹ ਹੈ। ਜਿਸ ਦਾ ਜਵਾਬ ਸ਼ਹਿਦ ਸਰਕਾਰਾਂ ਕੋਲ ਵੀ ਨਹੀਂ ਹੈ। ਪਸ਼ੂ ਪਾਲਣ ਧੰਦਾ ਫੇਲ, ਮੁਰਗੀ ਪਾਲਣ ਫੇਲ੍ਹ, ਮੱਛੀ ਫਾਰਮ ਫੇਲ, ਸ਼ਹਿਦ ਦੀਆਂ ਮੱਖੀਆਂ ਫੇਲ, ਬਾਗਬਾਨੀ ਫੇਲ੍ਹ, ਸਬਜ਼ੀਆਂ ਦੀ ਕਾਸ਼ਤ ਫੇਲ੍ਹ, ਹੁਣ ਤਾਂ ਯੁਨੀਵਰਸਿਟੀਆਂ ਵੀ ਹੱਥ ਖੜ੍ਹੇ ਕਰ ਰਹੀਆਂ ਹਨ,ਆਖਰ ਕਿਸਾਨ ਨੂੰ ਇਹ ਸਭ ਫੇਲ ਕਿਉਂ ਲਗ ਰਿਹਾ ਹੈ? ਇਸਦੇ ਕਾਰਨਾਂ ਦੀ ਪੜਤਾਲ ਕਰਨੀ ਬਣਦੀ ਹੈ। ਸਰਕਾਰਾਂ ਵੱਲੋਂ ਕਿਸਾਨਾਂ ਨੂੰ ਝੋਨਾ ਲਾਉਣ ਤੋਂ ਵਰਜਿਆ ਜਾ ਰਿਹਾ ਹੈ। ਦੁਹਾਈ ਦਿੱਤੀ ਜਾ ਰਹੀ ਹੈ ਧਰਤੀ ਹੇਠਲੇ ਪਾਣੀ ਦੀ। ਧਰਤੀ ਦਾ ਪਾਣੀ ਮੁੱਕ ਜਾਵੇਗਾ। ਫਿਰ ਇਸ ਦਾ ਬਦਲ ਕੀ ਹੈ , ਕਿਸਾਨ ਸਰਕਾਰ ਨੂੰ ਪੁਛ ਰਿਹਾ ਹੈ। ਝੋਨੇ ਦੀਆਂ ਕਿਸਮਾਂ ਕਿਸ ਨੇ ਸਿਫਾਰਸ਼ ਕੀਤੀਆਂ, ਯੂਨੀਵਰਸਿਟੀ ਨੇ ਇਨ੍ਹਾਂ ਦੀ ਖੋਜ ਕਿਓਂ ਕੀਤੀ। ਅੱਜ ਕਿਸਾਨ ਨੂੰ ਇਹ ਕਿਓਂ ਲਗ ਰਿਹਾ ਹੈ ਕਿ ਉਸ ਦੀਆਂ ਪ੍ਰਮੁੱਖ ਫ਼ਸਲਾਂ ਕਣਕ ਅਤੇ ਝੋਨਾ ਹੀ ਹੈ। ਕਿਉਂਕਿ ਕਿਸਾਨ ਨੂੰ ਕਿਸੇ ਦੂਜੀ ਫਸਲ ਦੀ ਖਰੀਦ ਲਈ ਮੰਡੀਕਰਨ ਦੀ ਸਹੂਲਤ ਨਜ਼ਰ ਨਹੀਂ ਆ ਰਹੀ। ਇਸ ਵਿਚ ਕਸੂਰ ਕਿਸਦਾ ਹੈ? ਕਿਸਾਨ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਫ਼ਸਲ ਜਿਥੇ ਮਰਜੀ ਤੇ ਜਿਸ ਰੇਟ ਤੇ ਮਰਜ਼ੀ ਵੇਚ ਸਕਦਾ ਹੈ। ਕੀ ਇਸ ਤਰਾਂ ਕਿਸਾਨ ਜਾਂ ਦੇਸ਼ ਵਾਸੀਆਂ ਦਾ ਭਵਿੱਖ ਸੁਰੱਖਿਅਤ ਹੈ। ਜੇਕਰ ਹਰ ਕੋਈ ਆਪਣੀ ਮਰਜ਼ੀ ਨਾਲ ਰੇਟ ਵਧਾ ਕੇ ਵੇਚਣ ਲਗ ਪਿਆ ਤਾਂ ਦੇਸ਼ ਦੀ 80% ਤੋਂ ਅਧਿਕ ਗਰੀਬ ਜਨਤਾ ਦਾ ਕੀ ਬਣੇਗਾ। ਅੱਜ ਦੁਧ, ਦਹੀਂ, ਦਾਲਾਂ, ਸਬਜ਼ੀਆਂ, ਅਨਾਜ਼ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ। ਇਸ ਲਈ ਇਸ ਸਮੇਂ ਸਾਡੀਆਂ ਸਰਕਾਰਾਂ ਅਤੇ ਦੇਸ਼ ਦੇ ਕਿਸਾਨ  ਇਕ ਮੇਜ਼ ਤੇ ਬੈਠ ਕੇ ਇਸ ਦਾ ਕੋਈ ਢੁਕਵਾਂ ਹੱਲ ਕਢਣ  , ਅਜੋਕੇ ਸਮੇਂ ਇਸ ਦੀ ਲੋੜ ਹੈ। ਅੱਜ ਪੰਜਾਬ ਵਿਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ, ਆੜਤੀਆਂ ਵੱਲੋਂ ਪਰਚੇਜ ਬੰਦ ਕੀਤੀ ਹੋਈ ਹੈ, ਸੈਲਰ ਮਾਲਕ ਆਪਣੇ ਚੋਲ ਸਰਕਾਰ ਦੁਆਰਾ ਨਾ ਖਰੀਦੇ ਜਾਣ ਦੀ ਦੁਹਾਈ ਦੇ ਕੇ ਝੋਨਾ ਸੈਲਰਾ ਵਿਚ ਲਿਫਟਿੰਗ ਨਹੀਂ ਹੋਣ ਦੇ ਰਹੇ। ਲੈਂਬਰ ਅਤੇ ਟਰਾਂਸਪੋਰਟ ਵਾਲੇ ਅਲੱਗ ਪ੍ਰੇਸ਼ਾਨ ਹਨ। ਮੰਡੀਆਂ ਵਿੱਚ ਝੋਨੇ ਦੇ ਅੰਬਾਰ ਅਸਮਾਨ ਛੂਹ ਰਹੇ ਹਨ। ਅਤੇ ਜੰਨਤਾਂ ਕਿਸਾਨਾਂ ਦੁਆਰਾ ਸੜਕਾਂ ਤੇ ਧਰਨੇ ਲਗਾਉਣ ਅਤੇ ਸੜਕਾਂ , ਰੇਲ ਗੱਡੀਆਂ ਰੋਕਣ ਕਾਰਨ ਪ੍ਰੇਸ਼ਾਨ ਹੋ ਰਹੀ ਹੈ। ਪੰਜਾਬ ਅਤੇ ਸੈਂਟਰ ਸਰਕਾਰ ਨੂੰ ਤੁਰੰਤ ਇਸ ਦੇ ਢੁਕਵੇਂ ਹੱਲ ਲਈ ਅੱਗੇ ਕਦਮ ਵਧਾਉਣਾ ਚਾਹੀਦਾ ਹੈ ਇਹੀ  ਸਰਕਾਰ, ਕਿਸਾਨ, ਅਤੇ ਦੇਸ਼ ਹਿਤ ਵਿਚ ਸਹੀ ਹੋਵੇਗਾ।
ਪੇਸ਼ਕਸ਼:- ਹਰਜਿੰਦਰ ਸਿੰਘ ਚੰਦੀ, ਸੂਬਾ ਪ੍ਰੈੱਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਵੱਛ ਭਾਰਤ ਮਿਸ਼ਨ ਤਹਿਤ ਸਥਾਈ ਲੀਡਰਸ਼ਿਪ ਪ੍ਰੋਗਰਾਮ
Next articleਦਵਿੰਦਰ ਸਤਿਆਰਥੀ ਯਾਦਗਾਰੀ ਲਾਇਬ੍ਰੇਰੀ ਭਦੌੜ(ਬਰਨਾਲਾ) ਲਈ 50 ਪੁਸਤਕਾਂ ਭੇਟ ਕੀਤੀਆਂ