ਕਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸ. ਜਸਵਿੰਦਰ ਸਿੰਘ ਖੋਸਾ, ਮਹਿਫ਼ਲ ਮੀਡੀਆ ਅਤੇ ਸਹਿਯੋਗੀ ਸੰਸਥਾਵਾਂ ਵਲੋਂ ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬ ਡੇਅ ਮੇਲਾ ਟੋਰਂਟੋ ਦੇ ਬੁੱਢਬਾਈਨ ਸੈਂਟਰ ਦੀ ਖੁੱਲੀ ਡੁੱਲੀ ਪਾਰਕਿੰਗ ਵਿਖੇ ਕਰਵਾਇਆ ਗਿਆ । ਹਰ ਇਕ ਲਈ ਮੁਫਤ ਦਾਖਲੇ ਵਾਲੇ ਇਸ ਮੇਲੇ ਵਿੱਚ ਪੰਜਾਬ ਅਤੇ ਪੰਜਾਬੀਅਤ ਦੇ ਕਈ ਪੁਰਾਤਨ ਅਤੇ ਪੇਂਡੂ ਰੰਗ ਦੇਖਣ ਨੂੰ ਮਿਲੇ । ਪੰਜਾਬ ਪੰਜਾਬੀਅਤ ਅਤੇ ਪੰਜਾਬੀ ਬੋਲੀ ਵਿੱਚ ਰੰਗੇ ਇਸ ਮੇਲੇ ਨੇ ਪੰਜਾਬ ਤੋਂ ਇਥੇ ਆ ਕੇ ਵਸੇ ਬਜ਼ੁਰਗਾਂ ਨੂੰ ਪੰਜਾਬ ਵਿੱਚ ਲੱਗਦੇ ਮੇਲਿਆਂ ਦੀ ਯਾਦ ਤਾਜਾ ਕਰਵਾ ਦਿੱਤੀ । ਜਿੱਥੇ ਇੱਕ ਪਾਸੇ ਗਾਇਕ ਆਪਣੀ ਗਾਇਕੀ ਪੇਸ਼ ਕਰ ਰਹੇ ਸਨ ਦੂਜੇ ਪਾਸੇ ਤਾਸ਼ ਦੀਆਂ ਬਾਜੀਆਂ ਲਾ ਰਹੇ ਬਜ਼ੁਰਗਾਂ ਦੀਆਂ ਢਾਣੀਆਂ, ਤੀਜੇ ਪਾਸੇ ਤੀਆਂ ਦੇ ਮਾਹੌਲ ਵਰਗੇ ਇਸ ਮੇਲੇ ਵਿੱਚ ਰੰਗ ਬਿਰੰਗੇ ਸੂਟਾਂ ਘੱਗਰਿਆਂ ਲਹਿੰਗਿਆਂ ਫੁਲਕਾਰੀਆਂ ਸੱਗੀ ਫੁੱਲਾਂ ਤੇ ਕੱਢੀਆਂ ਤਿੱਲੇ ਵਾਲੀਆਂ ਜੁੱਤੀਆਂ ਪਾ ਕੇ ਸੱਜੀਆਂ ਧੱਜੀਆਂ ਮੁਟਿਆਰਾਂ ਜਿੱਥੇ ਇਸ ਮੇਲੇ ਦੀ ਸ਼ਾਨ ਵਿੱਚ ਵਾਧਾ ਕਰ ਰਹੇ ਸਨ, ਉੱਥੇ ਹੀ ਕੁੜਤਾ ਚਾਦਰਾ, ਕੁੜਤੇ ਪਜਾਮਿਆਂ ਵਿੱਚ ਫਿਰਦੇ ਅਤੇ ਭੰਗੜੇ ਪਾਉਂਦੇ ਗੱਭਰੂ ਸੱਚਮੁੱਚ ਹੀ ਪੰਜਾਬ ਦੇ ਕਿਸੇ ਵੱਡੇ ਅਤੇ ਮਸ਼ਹੂਰ ਮੇਲੇ ਦਾ ਆਨੰਦ ਮਾਣਦੇ ਲੱਗ ਰਹੇ ਸਨ। ਮੇਲੇ ਦੌਰਾਨ ਸਟੇਜ ਦੀ ਕਾਰਵਾਈ ਪੁਸ਼ਪਿੰਦਰ ਸੰਧੂ ,ਦਵਿੰਦਰ ਬੈਂਸ, ਅਮਨਦੀਪ ਪੰਨੂ, ਅਤੇ ਕੁਲਵੰਤ ਸੇਖੋਂ ਨੇ ਬਾਖੂਬੀ ਨਿਭਾਈ। ਮੇਲੇ ਨੂੰ ਸਫ਼ਲ ਬਣਾਉਣ ਵਿੱਚ ਮੰਮੂ ਸ਼ਰਮਾ, ਅਵਤਾਰ ਧਾਲੀਵਾਲ, ਗਗਨ ਸੰਧੂ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੇਲੇ ਦੌਰਾਨ ਜਿੱਥੇ ਮਹਿੰਦੀ, ਖਾਣ ਪੀਣ ਅਤੇ ਹੋਰ ਸਟਾਲ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ, ਉੱਥੇ ਹੀ ਨੌਜਵਾਨ ਗਾਇਕ ਕੋਰੇਆਲਾ ਮਾਨ, ਹੈਰੀ ਸੰਧੂ, ਲੋਕ ਦਿਲਾਂ ਦੀ ਧੜਕਣ ਬੁੱਕਣ ਜੱਟ, ਹਰਮਿਲਾਪ ਗਿੱਲ ਲੱਖ ਸੰਧੂ, ਗਿੱਲ ਹਰਦੀਪ ,ਸੁਖਵਿੰਦਰ ਸੁੱਖੀ ਗਾਇਕ ਜੋੜੀ ਹਰਬੰਸ ਸਹੋਤਾ, ਰਮਨ ਸੰਧੂ ਆਦਿ ਨੇ ਕਈ ਘੰਟੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਮੌਕੇ ਮੋਟਰਸਾਈਕਲ ਕਲੱਬ ਨਾਲ ਜੁੜੇ ਹੋਏ ਅਤੇ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਥਾਵਾਂ ਤੇ ਦਸਤਾਰ ਕੈਂਪ ਲਗਾ ਕੇ ਨੌਜਵਾਨਾਂ ਦੀ ਸਿਰਾਂ ਤੇ ਮੁਫ਼ਤ ਵਿੱਚ ਦਸਤਾਰਾਂ ਸਜਾਉਣ ਅਤੇ ਸਿੱਖੀ ਵੱਲ ਪ੍ਰੇਰਿਤ ਕਰਨ ਵਾਲੇ ਸ. ਨਾਜਰ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਅੰਤ ਵਿੱਚ ਸ. ਜਸਵਿੰਦਰ ਸਿੰਘ ਖੋਸਾ ਵਲੋਂ ਮੇਲੇ ਨੂੰ ਸਫ਼ਲ ਬਣਾਉਣ ਲਈ ਸਮੁੱਚੀ ਟੀਮ ਅਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly