(ਸਮਾਜ ਵੀਕਲੀ)
ਜਲੰਧਰ 13ਅਕਤੂਬਰ (ਜਸਵਿੰਦਰ ਬੱਲ)- ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ) ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਐਡਵੋਕੇਟ ਹਰਭਜਨ ਸਾਂਪਲਾ ਦੀ ਪ੍ਰਧਾਨਗੀ ਹੇਠ ਹੋਈ ਅਤੇ ਮਤਾ ਪਾਸ ਕਰਕੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸ੍ਰੀ ਰਜਿਦਰ ਪਾਲ ਗੌਤਮ ਨਾਲ ਇਕਜੁਟਤਾ ਵਿਖਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਬੋਧੀ ਭਾਈਚਾਰਾ ਸਾਰੇ ਧਰਮਾਂ ਦਾ ਆਦਰ ਅਤੇ ਸਤਿਕਾਰ ਕਰਦਾ ਹੈ ਪਰ ਬੁੱਧ ਧੰਮ ਦੀ ਦੀਕਸ਼ਾ ਲੈਂਦੇ ਸਮੇਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਦਿਤਿਆਂ 22 ਪ੍ਰਤਿਗਿਆ ਨੂੰ ਵੀ ਗ੍ਰਹਿਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਕਿਸੇ ਵੀ ਧਰਮ ਦੀ ਮਰਿਆਦਾ ਭੰਗ ਨਹੀਂ ਹੁੰਦੀ।
ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ 14 ਅਕਤੂਬਰ 1956 ਨੂੰ ਬੁੱਧ ਧੰਮ ਗ੍ਰਹਿਣ ਕੀਤਾ ਅਤੇ 22 ਪ੍ਰਤਿਗਿਆਵਾਂ ਵੀ ਗ੍ਰਹਿਣ ਕੀਤੀਆਂ ਸਨ ਅਤੇ ਲੱਖਾਂ ਸ਼ਰਧਾਲੂਆਂ ਨੂੰ ਨਾਗਪੁਰ ਵਿਖੇ 22 ਪ੍ਰਤਿਗਿਆਵਾਂ ਦਿੱਤੀਆਂ ਸਨ। ਉਸ ਸਮੇਂ ਤੋਂ ਹਰ ਸਾਲ ਦੀਕਸ਼ਾ ਭੂਮੀ ਨਾਗਪੁਰ ਅਤੇ ਕਈ ਸੂਬਿਆਂ ਵਿੱਚ ਹਰ ਸਾਲ ਬੁੱਧ ਧੰਮ ਦੀ ਦੀਕਸ਼ਾ ਲੈਂਦੇ ਸਮੇਂ 22 ਪ੍ਰਤਿਗਿਆਵਾਂ ਵੀ ਦੁਹਰਾਈਆਂ ਜਾਂਦੀਆਂ ਹਨ। ਇਸ ਨਾਲ ਕਿਸੇ ਵੀ ਧਰਮ ਦੇ ਅੱਨੁਯਾਈਆਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਲੱਗਦੀ ਅਤੇ ਨਾ ਹੀ ਠੇਸ ਪੰਹੁਚਾਣ ਦੀ ਕੋਈ ਭਾਵਨਾ ਹੁੰਦੀ ਹੈ। ਗੁਜਰਾਤ ਚ ਵਿਧਾਨ ਸਭਾ ਚੋਣਾਂ ਕਰਕੇ ਕੁੱਝ ਪਾਰਟੀਆਂ ਇਸ ਮੁੱਦੇ ਨੂੰ ਭੜਕਾ ਰਹੀਆਂ ਹਨ ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਥਾਗਤ ਬੁੱਧ ਦੀਆਂ ਸਿੱਖਿਆਵਾਂ ਅਨੁਸਾਰ ਸਾਨੂੰ ਆਪਣਾ ਭਾਈਚਾਰਾ ਮਜ਼ਬੂਤ ਕਰਨਾ ਚਾਹੀਦਾ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਭਾਰਤ ਸਰਕਾਰ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ 17ਵੇਂ ਵੋਲੀਅਮ ਵਿੱਚ ਇਨ੍ਹਾਂ 22 ਪ੍ਰਤਿਗਿਆਵਾਂ ਨੂੰ ਛਾਪਿਆ ਹੈ ਅਤੇ ਸਾਰੇ ਭਾਰਤ ਵਿੱਚ ਵੰਡਿਆ ਗਿਆ ਹੈ। ਦਿਕਸ਼ਾ ਭੂਮੀ ਨਾਗਪੁਰ ਵਿਖੇ ਸੰਗਮਰਮਰ ਦੇ ਪੱਥਰ ਉੱਪਰ ਇਹ 22 ਪ੍ਰਤਿਗਿਆਵਾਂ ਉਕਰਿਆ ਗਈਆਂ ਹਨ ਜਿਸ ਦਾ ਉਦਘਾਟਨ ਵੀ ਮਹਾਰਾਸ਼ਟਰ ਵਿਚ ਬੀ ਜੇ ਪੀ ਦੇ ਉਸ ਵੇਲੇ ਦੇ ਮੁੱਖ ਮੰਤਰੀ ਫੜਨਿਸ਼ਵਾਲ ਜੀ ਨੇ ਕੀਤਾ ਸੀ। ਇਸ ਲਈ ਦਿੱਲੀ ਦੇ ਸਾਬਕਾ ਮੰਤਰੀ ਸ੍ਰੀ ਰਜਿੰਦਰ ਪਾਲ ਗੌਤਮ ਜੀ ਨੂੰ ਭੰਡਣਾ ਗਲਤ ਹੋਵੇਗਾ ਤੇ ਬੀਜੇਪੀ ਦੇ ਲੀਡਰਾਂ ਨੂੰ ਇਹ ਮੁੱਦਾ ਉਛਾਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।