ਕਿਸਾਨਾਂ ਵੱਲੋਂ ਪੰਜਾਬ ਬੰਦ ਨੂੰ ਹੁੰਗਾਰਾ ਮਿਲਿਆ ਪਰ ਜੋ ਗੱਲਾਂ ਬਾਤਾਂ ਸਾਹਮਣੇ ਆਈਆਂ ਉਹ ਨਿਰਾਸ਼ਾਜਨਕ

(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਨਾਲ ਸਬੰਧਤ ਮੰਗਾਂ ਦੇ ਸਬੰਧ ਵਿੱਚ ਧਰਨਾ ਪ੍ਰਦਰਸ਼ਨ ਲੰਮੇ ਸਮੇਂ ਤੋਂ ਚਲਦੇ ਆ ਰਹੇ ਹਨ ਚਾਰ ਪੰਜ ਕੁ ਸਾਲ ਪਹਿਲਾਂ ਜਦੋਂ ਕੇਂਦਰ ਵਿਚਲੀ ਭਾਜਪਾ ਦੀ ਮੋਦੀ ਸਰਕਾਰ ਨੇ ਖੇਤੀ ਸਬੰਧੀ ਕਾਲੇ ਕਾਨੂੰਨ ਲਿਆਂਦੇ ਸਨ ਤਾਂ ਸਭ ਤੋਂ ਪਹਿਲਾਂ ਸੰਘਰਸ਼ਸ਼ੀਲ ਵਿਰੋਧ ਪੰਜਾਬ ਤੋਂ ਸ਼ੁਰੂ ਹੋਇਆ ਤੇ ਅਖੀਰ ਨੂੰ ਸਾਰੇ ਦੇਸ਼ ਦੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਦੀਆਂ ਬਰੂਹਾਂ ਉੱਤੇ ਜਾ ਕੇ ਵਿਸਾਲ ਕਿਸਾਨ ਸੰਘਰਸ਼ ਮੋਰਚਾ ਲੱਗਿਆ ਜੋ ਲਗਾਤਾਰ ਇਕ ਸਾਲ ਲੰਮਾ ਚੱਲਿਆ ਜਿਸ ਵਿੱਚ ਕਿਸਾਨਾਂ ਦੀਆਂ ਮੌਤਾਂ ਹੋਈਆਂ ਹੋਰ ਬੜਾ ਕੁਝ ਸਾਹਮਣੇ ਆਇਆ ਇੱਕ ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਨਾਟਕ ਕੀਤਾ ਪਰ ਇਹ ਮੰਗਾਂ ਨਾ ਮੰਗੀਆਂ ਮੰਨੀਆਂ ਗਈਆਂ। ਕਿਸਾਨ ਸਰਕਾਰ ਤੱਕ ਮੰਗ ਪੱਤਰ ਦਿੰਦੇ ਰਹੇ ਹੋਰ ਬੜਾ ਕੁਝ ਹੋਇਆ ਪਰ ਜਦੋਂ ਕਿਸਾਨਾਂ ਪੱਲੇ ਕੁਝ ਨਾ ਪਿਆ ਤਾਂ ਅਖੀਰ ਨੂੰ ਹੁਣ ਤੋਂ ਅੱਠ ਨੌ ਮਹੀਨੇ ਪਹਿਲਾਂ ਫਿਰ ਪੰਜਾਬ ਨਾਲ ਸੰਬੰਧਿਤ ਡੱਲੇਵਾਲ ਤੇ ਪੰਧੇਰ ਕਿਸਾਨ ਯੂਨੀਅਨ ਵੱਲੋਂ ਇੱਕ ਕਿਸਾਨ ਮੋਰਚਾ ਸ਼ੁਰੂ ਕੀਤਾ ਗਿਆ ਜੋ ਸ਼ੰਭੂ ਖਨੌਰੀ ਬਾਰਡਰਾਂ ਉੱਤੇ ਪੁੱਜਾ ਪਰ ਦਿੱਲੀ ਜਾਣ ਲਈ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਇੱਕ ਇੰਚ ਵੀ ਅੱਗੇ ਨਾ ਤੁਰਨ ਦਿੱਤਾ। ਉਸ ਵੇਲੇ ਤੋਂ ਚੱਲਿਆ ਕਿਸਾਨ ਸੰਘਰਸ਼ ਮੋਰਚਾ ਚਰਚਾ ਵਿੱਚ ਹੈ ਤੇ ਇਸ ਮੋਰਚੇ ਨਾਲ ਸੰਬੰਧਿਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 34 ਦਿਨ ਤੋਂ ਮਰਨ ਵਰਤ ਉੱਤੇ ਹਨ ਪਰ ਸਰਕਾਰ ਦੇ ਕੰਨ ਉੱਤੇ ਬਿਲਕੁਲ ਵੀ ਜੂੰਅ ਨਹੀਂ ਸਰਕਦੀ ਅੱਜ 30 ਦਸੰਬਰ ਨੂੰ ਇਹਨਾਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸਵੇਰ ਵੇਲੇ 7 ਵਜੇ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਪੰਜਾਬ ਦੀਆਂ ਸੜਕਾਂ ਉੱਤੇ ਉਤਰੇ ਜਿਨਾਂ ਨੇ ਸਖ਼ਤ ਨਾਕਾਬੰਦੀ ਕਰਕੇ ਪੰਜਾਬ ਬੰਦ ਕੀਤਾ ਤੇ ਇਹ ਬੰਦ ਸਫਲ ਵੀ ਰਿਹਾ।  ਪਰ ਇਸ ਬੰਦ ਦਰਮਿਆਨ ਜੋ ਖਬਰਾਂ ਸਮੁੱਚੇ ਪੰਜਾਬ ਵਿੱਚੋਂ ਆਈਆਂ ਹਨ ਉਹ ਨਿਰਾਸ਼ਾਜਨਕ ਹਨ ਤੇ ਜਿਨਾਂ ਤੋਂ ਕਿਸਾਨਾਂ ਦਾ ਵਿਰੋਧ ਵੀ ਜਾਪਦਾ ਹੈ ਜਿਹੜਾ ਮੋਰਚਾ ਪਹਿਲਾਂ ਦਿੱਲੀ ਲੱਗਾ ਸੀ ਹੁਣ ਇਸ ਮੋਰਚੇ ਵਿੱਚ ਉਹ ਗੱਲਬਾਤ ਨਹੀਂ ਰਹੀ ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਤਰ ਨਹੀਂ ਹਨ। ਅੱਜ ਜਦੋਂ ਪੰਜਾਬ ਦੇ ਅਨੇਕਾਂ ਸ਼ਹਿਰਾਂ ਕਸਬਿਆਂ ਪਿੰਡਾਂ ਦੇ ਵਿੱਚ ਕਿਸਾਨਾਂ ਵੱਲੋਂ ਨਾਕਾਬੰਦੀ ਕਰਕੇ ਲੋਕਾਂ ਨੂੰ ਪੰਜਾਬ ਬੰਦ ਦਾ ਸਮਰਥਨ ਦੇਣ ਲਈ ਕਿਹਾ ਜਾ ਰਿਹਾ ਸੀ ਤਾਂ ਅਨੇਕਾਂ ਲੋਕਾਂ ਨੇ ਆਉਣ ਜਾਣ ਦੇ ਸਬੰਧ ਦੇ ਵਿੱਚ ਕਿਸਾਨਾਂ ਦਾ ਵਿਰੋਧ ਵੀ ਕੀਤਾ ਇਥੋਂ ਤੱਕ ਕਿ ਕਈ ਥਾਵਾਂ ਉੱਤੇ ਐਬੂਲੈਂਸ ਵੀ ਕਿਸਾਨਾਂ ਦੇ ਜਾਮ ਵਿੱਚ ਫਸੀ ਨਜ਼ਰ ਆਈ ਉਸ ਤੋਂ ਬਿਨਾਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਦੂਰ ਦੁਰਾਡਿਓਂ ਆਏ ਹੋਏ ਮਰੀਜ਼ ਜਿਨਾਂ ਨੇ ਅੱਗੇ ਦਵਾਈ ਲੈਣ ਲਈ ਜਾਣਾ ਸੀ ਉਹ ਵੀ ਨਿਰਾਸ਼ਾਜਨਕ ਸਥਿਤੀ ਦੇ ਵਿੱਚੋਂ ਦਿਖੇ ਇਸ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਧੱਕੇ ਨਾਲ ਬੰਦ ਕਰਵਾਈਆਂ ਜਾ ਰਹੀਆਂ ਦੁਕਾਨਾਂ ਦੇ ਵਿਰੋਧ ਵਿੱਚ ਵਪਾਰੀ ਵਰਗ ਵੀ ਖੁੱਲ ਕੇ ਕਿਸਾਨਾਂ ਦਾ ਵਿਰੋਧ ਕਰਦਾ ਨਜ਼ਰ ਆਇਆ। ਇਸ ਤੋਂ ਬਿਨਾਂ ਆਮ ਲੋਕ ਵੀ ਕਈ ਥਾਵਾਂ ਉੱਤੇ ਕਿਸਾਨਾਂ ਦਾ ਵਿਰੋਧ ਕਰਦੇ ਨਜ਼ਰ ਆਏ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਵੀ ਸਾਹਮਣੇ ਆਈ ਕਿ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ ਉਸ ਦੀ ਲਾਸ਼ ਨੂੰ ਲੈ ਕੇ ਜਾਣ ਵਾਲੀ ਗੱਡੀ ਦੇ ਵਿੱਚ ਉਸਦੇ ਪਰਿਵਾਰਕ ਮੈਂਬਰ ਸਨ ਉਹਨਾਂ ਨੂੰ ਵੀ ਕਿਸਾਨਾਂ ਵੱਲੋਂ ਜਾਮ ਕੀਤੀ ਸੜਕ ਦੇ ਵਿੱਚ ਰੁਕਣ ਲਈ ਮਜਬੂਰ ਹੋਣਾ ਪਿਆ ਇਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਆਪਸੀ ਬਹਿਸ ਦੇ ਦ੍ਰਿਸ਼ ਵੀ ਸਾਹਮਣੇ ਆਏ। ਕੁੱਲ ਮਿਲਾ ਕੇ ਇਸ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਤਾਂ ਮਿਲਿਆ ਪਰ ਜੋ ਗੱਲਾਂ ਬਾਤਾਂ ਲੋਕਾਂ ਵੱਲੋਂ ਕਿਸਾਨ ਵਿਰੋਧੀ ਸਾਹਮਣੇ ਆਈਆਂ ਉਹਨਾਂ ਨਾਲ ਲੋਕਾਂ ਵਿੱਚ ਗਲਤ ਸੁਨੇਹਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਪਿੰਡ ਜਰਖੜ ਵਿਖੇ ਸੰਗਤਾਂ ਲਈ ਲੰਗਰ ਲਾਇਆ ਗਿਆ।
Next articleਇਲਾਕੇ ਦੀਆਂ ਕਿਸਾਨ ਜੱਥੇਬੰਦੀਆਂ ਨੇ ਸ਼ਾਂਤਮਈ ਢੰਗ ਨਾਲ ਪੰਜਾਬ ਬੰਦ ਨੂੰ ਬਣਾਇਆ ਸਫਲ