ਲੈਸਟਰ (ਇੰਗਲੈਂਡ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਫੇਰੀ ਤੇ ਆਏ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਅਤੇ ਪ੍ਰਦੂਸ਼ਤ ਹੁੰਦੇ ਜਾ ਰਹੇ ਹਵਾ ਪਾਣੀ ਤੇ ਚਿੰਤਾ ਪ੍ਰਗਟ ਕਰਦਿਆਂ ਐਨ.ਆਰ.ਆਈਜ ਨੂੰ ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਆਪਣੀ ਇੰਗਲੈਂਡ ਫੇਰੀ ਦੌਰਾਨ ਲੈਸਟਰ ਚ ਐਨ ਆਰ ਆਈਜ਼ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਦਿਨੋਂ ਦਿਨ ਨੀਵਾਂ ਹੋਣ ਤੋਂ ਬਚਾਉਣ ਲਈ ਹਰੇਕ ਪਿੰਡ ਚ ਸੀਚੇਵਾਲ ਮਾਡਲ ਤਹਿਤ ਪਲਾਟ ਲਗਾ ਕੇ ਛੱਪੜਾਂ ਦੇ ਵਾਧੂ ਪਾਣੀ ਨੂੰ ਦੁਬਾਰਾ ਵਰਤੋਂ ਚ ਲਿਆਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਪੰਜਾਬ ਚ ਹਵਾ ਪਾਣੀ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਉਨ੍ਹਾਂ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਅਤੇ ਜਲਦੀ ਹੀ ਇਨ੍ਹਾਂ ਯਤਨਾਂ ਤਹਿਤ ਪੰਜਾਬ ਪ੍ਰਦੂਸ਼ਣ ਮੁਕਤ ਹੋਵੇਗਾ। ਉਨਾਂ ਕਿਹਾ ਕਿ ਪੰਜਾਬ ਚ ਪਾਣੀ ਬਚਾਉਣ ਲਈ ਝੋਨੇ ਦੇ ਬਦਲ ਵਜੋਂ ਹੋਰ ਫ਼ਸਲਾਂ ਬਿਜਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਐਨ.ਆਰ.ਆਈਜ ਨੂੰ ਆਪਣੀਆਂ ਜ਼ਮੀਨਾਂ ਦੇ ਠੇਕੇ ਚ ਕਮੀ ਕਰਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਹੇਅਰ,ਕੈਟਰਿੰਗ, ਸੰਨੀ ਚੌਪੜਾ, ਜਸਵਿੰਦਰ ਸਿੰਘ ਕਾਲਾ, ਵਿਕਰਮ ਸਿੰਘ ਰੰਧਾਵਾ, ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ, ਮੰਗਤ ਸਿੰਘ ਪਲਾਹੀ, ਮੁਖਤਿਆਰ ਸਿੰਘ ਝੰਡੇਰ, ਸ਼ੀਤਲ ਸਿੰਘ ਗਿੱਲ , ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ ਸਮੇਤ ਹੋਰ ਬਹੁਤ ਸਾਰੇ ਐਨ ਆਰ ਆਈ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly