ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦਾ ਸਰੀ ’ਚ ਸਨਮਾਨ,ਪੰਜਾਬੀ ਮੂਲ ਦੇ ਐਮ.ਪੀ ਸੁੱਖ ਧਾਲੀਵਾਲ, ਰਣਦੀਪ ਸਰਾਏ ਸਮੇਤ ਕਈ ਹਸਤੀਆਂ ਨੇ ਕੀਤੀ ਸ਼ਿਰਕਤ

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਸਰੀ ਦੇ ਸਕਾਟ ਰੋਡ ’ਤੇ ਸਥਿਤ ਅਲਟੀਮੇਟ ਬੈਂਕੁਇਟ ਹਾਲ ’ਚ ਫਰੈਂਡਜ ਆਫ ਕੈਨੇਡਾ ਇੰਡੀਆ ਫਾਊਡੇਸ਼ਨ ਵਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਤੋਂ ਕੈਨੇਡਾ ਦੌਰੇ ’ਤੇ ਆਏ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਨਮਾਨ ਵਿਚ ਵੀਰਵਾਰ ਸ਼ਾਮ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਪ੍ਰਮੁੱਖ ਸਖਸੀਅਤਾਂ ਸਮੇਤ ਹੋਰਨਾਂ ਪਤਵੰਤਿਆਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਸ਼ੁਰੂਆਤੀ ਦੌਰ ’ਚ ਪੰਜਾਬੀ ਮੂਲ ਦੇ ਸਾਂਸਦ ਸੁੱਖ ਧਾਲੀਵਾਲ, ਸਾਂਸਦ ਰਣਦੀਪ ਸਰਾਏ ਅਤੇ ਰੇਡੀਓ ਇੰਡੀਆ ਦੇ ਸੰਚਾਲਕ ਮਨਿੰਦਰ ਗਿੱਲ ਵਲੋਂ ਖੁੱਡੀਆ ਨੂੰ ਜੀ ਆਇਆ ਕਿਹਾ ਗਿਆ। ਇਸ ਮਗਰੋਂ ਐਡਵੋਕੇਟ ਲਵਲੀਨ ਸਿੰਘ ਗਿੱਲ, ਬਲਬੀਰ ਸਿੰਘ ਚੰਗਿਆੜਾ ਆਦਿ ਬੁਲਾਰਿਆਂ ਵਲੋਂ ਉਹਨਾਂ ਦੀ ਆਮਦ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਕਿ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉਥੇ ਪੰਜਾਬ ਨਾਲ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਢੁਕਵੇਂ ਹੱਲ ਦੀ ਵੀ ਮੰਗ ਕੀਤੀ ਗਈ। ਉਕਤ ਬੁਲਾਰਿਆਂ ਵਲੋਂ ਐਨ.ਆਰ.ਆਈ ਲੋਕਾਂ ਨੂੰ ਪੰਜਾਬ ’ਚ ਪੇਸ਼ ਆਉਂਦੀਆਂ ਦਿੱਕਤਾਂ ਸਮੇਤ ਫਗਵਾੜਾ ਤੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਜਾਂਦੀ ਸੜਕ ਨੂੰ ਵੱਡ ਅਕਾਰੀ ਕਰਨ ਦਾ ਵੀ ਮੁੱਦਾ ਉਠਾਇਆ ਗਿਆ। ਇਸ ਮੌਕੇ ’ਤੇ ਆਪਣੀ ਸੰਖੇਪ ਤਕਰੀਰ ’ਚ ਹਾਜਰ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕੈਨੇਡਾ ਸਮੇਤ ਬਾਕੀ ਦੇਸ਼ਾਂ ’ਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ ਕੀਤੀ ਜਾਂਦੀ ਸਖਤ ਮਿਹਨਤ ਕਰਕੇ ਆਪਣੀ ਅਤੇ ਪੰਜਾਬ ਦੀ ਤਰੱਕੀ ਚ ਪਾਏ ਅਹਿਮ ਯੋਗਦਾਨ ਦੀ ਪ੍ਰਸੰਸਾ ਕੀਤੀ ਗਈ। ਇਸ ਦੇ ਨਾਲ ਨਾਲ ਉਹਨਾਂ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ’ਚ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾਈ ਸਰਕਾਰ ਬਣਾਉਣ ਲਈ ਨਿਭਾਏ ਵੱਡੇ ਰੋਲ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਕਿ ਪੰਜਾਬ ਦੇ ਲੋਕਾਂ ਲਈ ਕਈ ਸਕੀਮਾਂ ਅਮਲ ਵਿਚ ਲਿਆਂਦੀਆਂ ਗਈਆਂ ਹਨ, ਉਥੇ ਬੇਰੁਜਗਾਰੀ ਘਟਾਉਣ ਦੇ ਉਪਰਾਲੇ ਵਜੋਂ ਹੁਣ ਤੱਕ 43 ਹਜ਼ਾਰ ਨੌਕਰੀਆਂ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਦਿੱਤੀਆਂ ਗਈਆਂ ਹਨ। ਸ.ਖੁੱਡੀਆਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਫਗਵਾੜਾ ਮੇਨ ਹਾਈਵੇਜ ਨੂੰ ਵੱਡਾ ਰੂਪ ਦੇਣ ਸਬੰਧੀ ਉਹ ਸਮੁੱਚਾ ਮਾਮਲਾ ਆਪਣੀ ਸਰਕਾਰ ਦੇ ਧਿਆਨ ’ਚ ਲਿਆਉਣਗੇ। ਇਸ ਮੌਕੇ ਗੁਲਜਾਰ ਸਿੰਘ ਚੀਮਾ, ਸੁਮੀਤ ਸਿੰਘ ਖੁੱਡੀਆਂ, ਬਲਵੀਰ ਪੱਡਾ, ਮਨਜੀਤ ਸਿੰਘ, ਕੁਲਤਰਨ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਗੈਰੀ, ਮਨਜੀਤ ਸਿੰਘ, ਬਿੱਟੂ ਅਟਵਾਲ, ਨਿਰਭੈ ਸਿੰਘ ਕੈਂਥ ਨਿਊ ਵੇਅ ਰੇਲੰਗ, ਰਣਜੀਤ ਸਿੰਘ, ਪਾਲ ਸਿੰਘ ਵੜੈਚ, ਕੁਲਵੰਤ ਸਿੰਘ ਢੇਸੀ, ਅਜਮੇਰ ਸਿੰਘ ਢਿੱਲੋਂ, ਮਾਸਟਰ ਦਵਿੰਦਰ ਸਿੰਘ ਰਸੂਲਪੁਰ, ਹਰਦੀਪ ਸਿੰਘ ਪਾਹਵਾ, ਬਲਵਿੰਦਰ ਸਿੰਘ ਬਦੇਸ਼ਾ, ਕੁਲਵੰਤ ਸਿੰਘ ਢੇਸੀ, ਸੁਰਿੰਦਰ ਸਿੰਘ ਢੇਸੀ ਅਤੇ ਹਰਦੀਪ ਸਿੰਘ ਗਿੱਲ ਵੀ ਹਾਜਰ ਸਨ। ਸਮਾਗਮ ਦੇ ਅਖੀਰ ’ਚ ਉਕਤ ਫਾਊਡੇਸ਼ਨ ਦੇ ਅਹੁਦੇਦਾਰਾਂ ਵਲੋਂ ਸ.ਖੁੱਡੀਆਂ ਨੂੰ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ। ਦੇਰ ਰਾਤ ਸੰਪੰਨ ਹੋਏ ਇਸ ਸਮਾਗਮ ਦੇ ਅਖੀਰ ’ਚ ਸਮਾਗਮ ’ਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਵਲੋਂ ਅਲਟੀਮੇਟ ਬੈਕੁਇੰਟ ਹਾਲ ਦੇ ਕਿਚਨ ’ਚ ਤਿਆਰ ਕੀਤੇ ਸਵਾਦਲੇ ਪਕਵਾਨਾਂ ਵਾਲੇ ਭੋਜਨ ਦਾ ਵੀ ਆਨੰਦ ਮਾਣਿਆ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਤੇਰਾ ਭਾਣਾ ਮੀਠਾ ਲਾਗੇ…
Next articleसंयुक्त राष्ट्र मानवाधिकार परिषद द्वारा 28 वर्षों के बाद भारत की मानवाधिकार रिपोर्ट के ऑडिट के विश्लेषण का अंतिम भाग।