(ਸਮਾਜ ਵੀਕਲੀ)
ਥੱਪਪਪਪਪਪ…ਕਰਕੇ ਇੱਕ ਬਹੁਤ ਭਾਰੀ ਚੀਜ ਲਾਇਬਰੇਰੀ ਵਿੱਚ ਸਹਿਜ ਸੁਭਾਵਕ ਸ਼ਾਂਤ ਚਿੱਤ ਬੈਠਿਆਂ ,ਮੇਰੇ ਮੋਢੇ ਤੇ ਆਣ ਵੱਜੀ । ਮੈਂ ਚੌਂਕ ਕੇ ਇਕਦਮ ਪਿੱਛੇ ਵੇਖਿਆ ,ਇਹ ਕੋਈ ਭਾਰੀ ਚੀਜ਼ ਨਹੀਂ ,ਇਹ ਤਾਂ ਖ਼ੁਸ਼ਮਿਜਾਜ਼, ਹਸਮੁੱਖ, ਸਭ ਨੂੰ ਪਿਆਰ ਕਰਨ ਵਾਲੇ, ਹੱਡਾਂ ਪੈਰਾਂ ਦੇ ਖੁੱਲ੍ਹੇ, ਕਹਿੰਦੇ ਕਹਾਉਂਦੇ ਜ਼ਿਮੀਂਦਾਰ, ਹਿਸਾਬ ਦੇ ਮਾਸਟਰ ਅਤੇ ਸਾਡੀ ਦਸਵੀਂ ਕਲਾਸ ਦੇ ਇੰਚਾਰਜ ਸਰਦਾਰ ਗੁਰਜੰਟ ਸਿੰਘ ਦਾ ਹੱਥ ਸੀ।
ਹਾਂ ਬਈ ! ਮੋਨੀਟਰ ਸਾਬ੍ਹ !ਕੀ ਲੱਭ ਰਿਹਾ ਇੱਥੇ ਬੈਠਾ ?ਤੈਨੂੰ ਪਤੈ ਛੁੱਟੀ ਹੋਣ ਵਾਲੀ ਐ ? ਤੂੰ ਹਾਲੇ ਤਕ ਲਾਇਬਰੇਰੀ ਚ ਬੈਠਾ ਕੀ ਕਰਦੈਂ ਬਈ! ਗੁਰਜੰਟ ਸਿੰਘ ਨੇ ਕਿਹਾ। ਕੱਲ੍ਹ ਤੋਂ ਸਰਦੀ ਦੀਆਂ ਛੁੱਟੀਆਂ ਸ਼ੁਰੂ ਨੇ ਸਰ ਜੀ! ਸੋਚ ਰਿਹਾਂ ਹਾਂ ਕਿਹੜੀ ਕਿਤਾਬ ਲਵਾਂ ਕਿਹੜੀ ਨਾ ਲਵਾਂ।
ਓਏ ਪੁੱਤਰਾ ! “ਸਾਰਾ ਦਿਨ ਇਨ੍ਹਾਂ ਚ ਹੀ ਨਾ ਉਲਝਿਆ ਰਿਹਾ ਕਰ” ਹੋਰ ਵੀ ਬਹੁਤ ਸੋਹਣੀ ਦੁਨੀਆਂ ਵੱਸਦੀ ਆ ਆਲੇ ਦੁਆਲੇ, ਸਰ ਨੇ ਨਸੀਹਤ ਦਿੰਦਿਆਂ ਕਿਹਾ।
ਜੀ। ਮੈਂ ਬੱਸ ਏਨਾ ਕੁ ਹੀ ਬੋਲਿਆ ।
ਸਰਦੀ ਦੀਆਂ ਵੀਹ ਕੁ ਦਿਨ ਦੀਆਂ ਛੁੱਟੀਆਂ ਹੋ ਗਈਆਂ ਸਨ। ਕਿਸੇ ਨੇ ਆਪਣੇ ਨਾਨਕੇ ,ਕਿਸੇ ਨੇ ਕਿਤੇ, ਕਿਸੇ ਨੇ ਕਿਤੇ ਜਾਣ ਦਾ ਟੀਚਾ ਬਣਾਇਆ ਹੋਇਆ ਸੀ। ਪਰ ਮੈਂ ਕਿੱਥੇ ਜਾਣਾ ਸੀ ਖੇਤੋਂ ਘਰੇ ਤੇ ਘਰੋ ਖੇਤ।
ਅੰਤਾਂ ਦੀ ਧੁੰਦ ਹੋਣ ਕਰਕੇ ਦੋ ਛੁੱਟੀਆਂ ਤਾਂ ਬਹੁਤ ਹੀ ਔਖੀਆਂ ਬੀਤੀਆਂ । ਤੀਸਰੇ ਦਿਨ ਅਸੀਂ ਸਾਰੇ ਭੈਣ ਭਰਾ ਧੂਣੀ ਬਾਲ ਕੇ ਸੇਕ ਰਹੇ ਸੀ। ਇੰਨੇ ਨੂੰ ਤਾਏ ਦਾ ਪੁੱਤਰ ਵੱਡਾ ਭਰਾ ਆਇਆ ।ਉਸ ਨੇ ਆਉਂਦਿਆਂ ਹੀ, ਸਤਿ ਸ੍ਰੀ ਆਕਾਲ ਚਾਚਾ! ਬੁਲਾਈ ਤੇ ਪੁਛਿਆ , ਛੋਟੇ ਨੂੰ ਛੁੱਟੀਆਂ ਨੇ ਮੈਂ ਇਸ ਨੂੰ ਨਾਲ ਲੈ ਜਾਵਾਂ ?
ਜਾਣਾ ਕਿੱਥੇ ਐ ਤੁਸੀਂ ? ਪਾਪਾ ਜੀ ਨੇ ਪੁੱਛਿਆ।
ਜਾਣਾ ਤਾ ਚਾਚਾ ,ਬਦਰੇ ਮਾਸੀ ਕੋਲ ਹੀ ਹੈ! ਦੋ ਤਿੰਨ ਦਿਨ ਲੱਗ ਜਾਣਗੇ ਬਸ । ਭਰਾ ਦੇ ਇੰਨਾ ਕਹਿੰਦਿਆਂ ਪਾਪਾ ਦਾ ਰੁਖ ਬਦਲਿਆ ਵੇਖ ਕੇ , ਮੈਂ ਵੀ ਜ਼ਿੱਦ ਕੀਤੀ । ਕਿ ਮੈਂ ਚਲੇ ਜਾਵਾਂ ਮੈਨੂੰ ਛੁੱਟੀਆਂ ਹੀ ਨੇ ਪਾਪਾ , ਵਿਹਲਾ ਈ ਆਂ ,ਮੈ ਤੇ ਕਦੇ ਗਿਆ ਵੀ ਨਹੀ ਬਹੁਤ ਸਮਾਂ ਹੋ ਗਿਆ?
ਉਨ੍ਹਾਂ ਤੋਂ ਜਾਣ ਦੀ ਇਜਾਜ਼ਤ ਮਿਲ ਗਈ। ਅਸੀਂ ਸਵੇਰੇ ਧੁੰਦ ਲੈ ਜਾਣ ਦੇ ਨਾਲ ਹੀ ਤਿਆਰੀ ਕਰ ਲਈ । ਉਨ੍ਹਾਂ ਦਿਨਾਂ ਚ ਕਿਸੇ ਕਿਸੇ ਕੋਲ ਟਾਵਾਂ ਟਾਵਾਂ ਮੋਟਰਸਾਈਕਲ ਸੀ । ਵੱਡੇ ਵੀਰ ਨੇ ਵੀ ਥੋੜ੍ਹੇ ਦਿਨ ਪਹਿਲਾਂ ਹੀ ਮੋਟਰਸਾਈਕਲ ਲਿਆ ਸੀ । ਅਸੀਂ ਬੁੱਗਰ ,ਕਾਹਨੇਕੇ ਆਦਿ ਪਿੰਡਾਂ ਵਿੱਚ ਦੀ ਲੰਘੇ।ਕਦੀ ਸੜਕ ਅਤੇ ਕਦੀ ਕੱਚਾ ਪਹਾ ਆ ਜਾਂਦਾ ,ਰਸਤੇ ‘ਚ ਵੱਡੇ ਵੱਡੇੇ ਰੇਤ ਦੇ ਟਿੱਬੇ ,ਸਰਦੀ ਬਹੁਤ ਹੋਣ ਕਰਕੇ ਪਿੰਡਾਂ ਦੇ ਲੋਕਾਂ ਨੇ ਥਾਂ ਥਾਂ ਧੂਣੀਆਂ ਵਾਲੀਆਂ ਹੋਈਆਂ ਸੀ, ਕਈ ਥਾਈਂ ਲੋਕ ਆਪਣੇ ਇੱਜੜ(ਬੱਕਰੀਆ,ਭੇਡਾਂ ਆਦਿ ਜਾਨਵਰਾ ਦਾ ਸਮੂਹ) ਨੂੰ ਲਈ ਬੈਠੇ ਧੂਣੀਆਂ ਬਾਲ ਕੇ ਸੇਕ ਰਹੇ ਸੀ। ਅਸੀਂ ਉਨ੍ਹਾਂ ਦੇ ਕੋਲ ਦੀ ਲੰਘਦੇ ਹੋਏ ਕਈ ਪਿੰਡਾਂ ਦੀ ਮਨਮੋਹਕ ਵਾਤਾਵਰਣਿਕ ਸੂਰਤ ਤੇ ਸੱਜਰੀ ਖੁਸ਼ਬੋਈ ਨੂੰ ਮਾਣਦਿਆਂ ਲੰਘ ਗਏ ਸਾਂ। ਮਾਸੀ ਜੀ ਦੇ ਘਰ ਜਾ ਕੇ ਪਤਾ ਲੱਗਾ ਕਿ ਮਾਸੜ ਜੀ ਵੱਡੇ ਵੀਰੇ ਨੂੰ ਗੱਡੀ ਤੇ ਨਾਲ ਲੈ ਕੇ ਜਾਣਗੇ ਤੇ ਮੈਂ ਮਾਸੀ ਕੋਲ ਘਰ ਰਹਾਂਗਾ । ਉਹ ਬਿਨਾਂ ਦੇਰੀ ਦੁਪਹਿਰ ਤੱਕ ਚਲੇ ਗਏ।
ਦਿਨ ਛਿਪਣ ਤੇ ਮੈਂ ਮਾਸੀ ਨੂੰ ਕਿਹਾ ,”ਮਾਂ ਇੱਥੇ ਗੁਰਦੁਆਰਾ ਸਾਹਿਬ ਕਿੰਨੀ ਕੁ ਦੂਰ ਅੈ”
“ਕੋਈ ਦੂਰ ਨਹੀਂ ਪੁੱਤਰ” “ਤੂੰ ਜਾਣੈ? ਮਾਸੀ ਬੋਲੀ। ਚੱਲ ਮੈਂ ਤੈਨੂੰ ਦਰਸ਼ਨ ਕਰਵਾ ਕੇ ਲੈ ਕੇ ਆਉਨੀ ਆਂ ! ਅਸੀਂ ਤੁਰਦੇ ਪਿੰਡ ਦੇ ਉੱਚੇ ਨੀਵੇਂ ,ਵੱਡੇ ਛੋਟੇ ਸੋਹਣੇ ਘਰ ,ਖੁੱਲ੍ਹੀਆਂ ਭੀੜੀਆਂ ਮੋੜ ਘੋੜ ਵਾਲੀਆਂ ਸੁੰਦਰ ਗਲੀਆ ਵੇਖਦੇ ਹੋਏ, ਗੁਰਦੁਆਰਾ ਸਾਹਿਬ ਚਲੇ ਗਏ । ਉਦੋਂ ਮੈਂ ਸੋਲ਼ਾਂ ਕੁ ਸਾਲ ਦਾ ਸੀ,ਦਸਤਾਰ ਬਚਪਨ ਤੋਂ ਹੀ ਬੰਨਣ ਦਾ ਸੌਕ ਅੈ, ਉਸ ਦਿਨ ਵੀ ਕੁੜਤਾ ਪਜਾਮਾ ਪਾਇਆ ਹੋਇਆ ਸੀ, ਗੁਰਦੁਆਰਾ ਸਾਹਿਬ ਦਾ ਭਾਈ ਪ੍ਰਭਾਵਤ ਹੋਏ ਤੋ ਬਿਨਾ ਨਾ ਰਿਹਾ ਤੇ ਬੋਲਿਆ ਬੀਬੀ ਰਾਣੀਏ ਇਹ ਤੇਰਾ ਭਾਣਜਾ ਤਾਂ ਨਹੀਂ ? ਜਿਸ ਬਾਰੇ ਤੂੰ ਮੈਨੂੰ ਪਹਿਲਾ ਦੱਸਿਆ ਸੀ। ਹਾਂ ਬਾਬਾ ਜੀ। ਉਹੀ ਐ ! ਸਾਬਾਸ!! ਬਹੁਤ ਸੋਹਣੇ ਭਾਈ ! ਜੁੜੇ ਰਹੋ ! ਅਸੀਸ ਦੇ ਕੇ, ਭਾਈ ਜੀ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗੇ।
ਮਾਸੀ ਦੇ ਘਰ ਵਾਲੀ ਬੀਹੀ (ਗਲੀ) ਦੀ ਨੁੱਕਰ ਤੇ ਇਕ ਖੁੱਲ੍ਹੇ ਵਿਹੜੇ ,ਬਹੁਤ ਸਾਰੇ ਦਰੱਖਤ ਅਤੇ ਨੀਵੀਂ ਜਿਹੀ ਕੰਧ ਵਾਲਾ ਇੱਕ ਘਰ ਸੀ। ਜਿਸ ਤੇ ਜਾਂਦਿਆਂ ਵੀ ਅਚਨਚੇਤ ਮੇਰੀ ਨਿਗ੍ਹਾ ਪਈ ਸੀ। ਸਾਡੇ ਆਉਂਦਿਆਂ ਉਸ ਘਰ ਦੇ ਟੁੱਟੇ ਹੋਏ ਤਖ਼ਤੇ ਨਾਲ ਲੱਗੀ ਇੱਕ ਸੁੰਦਰ ਮੁਟਿਆਰ ਜਿਸ ਦਾ ਗੋਲ ਮਟੋਲ ਸੁੰਦਰ ਹੰਸ ਵਰਗਾ ਚਿੱਟਾ ਚਿਹਰਾ ,ਮੋਟੀਆਂ ਮੋਟੀਆਂ ਕਾਲੀਆਂ ਅੱਖਾਂ ,ਕਾਲੇ ਸ਼ਾਹ ਵਾਲ,ਜਿਨ੍ਹਾਂ ਦੀਆਂ ਦੋ ਲਟਾਂ ਗੋਰੀਆਂ ਗੱਲ੍ਾਂ ਦੇ ਉੱਪਰ ਲਟਕ ਰਹੇ ਸੀ ।ਉਸ ਦੀਆਂ ਨਿੱਕੀਆਂ ਨਿੱਕੀਆਂ ਸੁੰਦਰ ਬੁੱਲ੍ਹੀਆਂ ਵਿੱਚ ਮੋਤੀਆਂ ਵਰਗੇ ਉੱਜਲ ਦੰਦਾਂ ਨਾਲ ਖਿੜ ਖਿੜ ਕਰਕੇ ਹੱਸਦਿਆਂ, ਉਸ ਨੇ ਮਾਸੀ ਜੀ ਨੂੰ , “ਸਤਿ ਸ੍ਰੀ ਅਕਾਲ ਬੁਲਾਈ”।
ਖੱਬੇ ਹੱਥ ਨਾਲ ਉਸ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਮਾਸੀ ਨੂੰ ਪੁੱਛਿਆ ਇਹ ਕੌਣ ਹੈ ? ਮੈਂ ਉਸ ਨੂੰ ਵੇਖਦਿਆਂ ਵੇਖਦਿਆਂ ਨੀਵੀਂ ਪਾ ਲਈ ਤੇ ਅੱਗੇ ਤੁਰ ਪਿਆ , ਮੇਰੇ ਬਾਰੇ ਟੂਕ ਮਾਤਰ ਦੱਸ,ਮਾਸੀ ਜੀ ਮੇਰੇ ਨਾਲ ਆ ਰਲੇ।
ਸਵੇਰੇ ਛੇ ਵਜੇ ਦਾ ਸਮਾਂ ਸੀ ਧੁੰਦ ਬਹੁਤ ਜ਼ਿਆਦਾ ਸੀ ।ਹੱਥ ਨੂੰ ਹੱਥ ਦਿਸ ਨਹੀਂ ਰਿਹਾ ਸੀ । ਮੈਂ ਨਿਤਨੇਮ ਅਨੁਸਾਰ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਨੁੱਕਰ ਵਾਲੇ ਉਹੀ ਘਰ ਕੋਲ ਜਾ ਕੇ ਮੇਰੇ ਕਦਮ ਕੁਝ ਮੱਠੇ ਪੈ ਗਏ ।ਮੇਰੇ ਅੰਦਰੋਂ ਕੋਈ ਅਦੁੱਤੀ ਖਿੱਚ ਨੇ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈ ਨਾਕਾਮ ਰਿਹਾ। ਗੁਰਦੁਆਰਾ ਸਾਹਿਬ ਨਮਸ਼ਕਾਰ ਕਰਕੇ ਮੈ ਵਾਪਸ ਮੁੜਿਆ ਆ ਰਹੇ ਨੂੰ ਉਸ ਟੁੱਟੇ ਹੋਏ ਤਖ਼ਤੇ ਵੱਲ ਆਉਂਦੀ ਹੱਥ ਵਿੱਚ ਸੋਟੀ ਲੈ ਕੇ ਖੜੀ ਉਹੀ ਮੁਟਿਆਰ ਦਿਖਾਈ ਦਿੱਤੀ। ਮੈਨੂੰ ਲੱਗ ਰਿਹਾ ਸੀ ਉਹ ਕਿਸੇ ਨੂੰ ਮਾਰਨ ਲਈ ਦੌੜੀ ਹੋਵੇ ਪਰ ਮੈਨੂੰ ਵੇਖ ਕੇ ਬੜੀ ਹੀ ਖੁਸ਼ ਹੋਈ ਸੀ, ਉਸ ਨੇ ਮੇਰੇ ਵੱਲ ਸਿਰ ਝੁਕਾਇਆ।ਰੀਤੀ ਅਨੁਸਾਰ ਮੈਂ ਵੀ ਉਸ ਵੱਲ ਸਿਰ ਝੁਕਾ ਕੇ ਨੀਵੀਂ ਪਾ ਕੇ ਅੱਗੇ ਤੁਰ ਗਿਆ ।
ਅੱਜ ਬਾਰਾਂ ਕੁ ਵਜੇ ਦੋ ਦਿਨ ਬਾਅਦ ਕੁਝ ਮਿੱਠੀ ਮਿੱਠੀ ਧੁੱਪ ਨਿਕਲੀ ਧੁੱਪ ਨਿਕਲੀ। ਸਾਰੇ ਵਿਹੜੇ ਵਿਚ ਫੈਲੇ ਨਿੰਮ ਦੇ ਦਰੱਖਤ ਥੱਲੇ, ਬੈਠ ਕੇ ਮੈਂ ਨਾਨਕ ਸਿੰਘ ਦਾ ਨਾਵਲ ਅੱਧ ਖਿੜੇ ਫੁੱਲ ਪੜ੍ਹ ਰਿਹਾ ਸੀ ਅਚਾਨਕ ਮਾਸੀ ਜੀ ਨੇ ਪਿੱਛੋਂ ਆ ਕੇ ਕਿਹਾ,ਪੁੱਤਰ ਆਪਾਂ ਕਿਤੇ ਜਾ ਕੇ ਆਉਣੈ!! ਚੱਲ ਹਾ ਮੇਰੇ ਨਾਲ!! ਉਨ੍ਹਾਂ ਦੇ ਹੱਥ ‘ਚ ਫੜੇ ਹੋਏ ਲਿਫ਼ਾਫ਼ੇ ਵਿਚ ਕਈ ਕੱਪੜੇ ਪਾਏ ਹੋਏ ਸੀ। ਮੈਂ ਉੱਠ ਕੇ ਉਨ੍ਹਾਂ ਦੇ ਨਾਲ ਤੁਰ ਪਿਆ। ਸਾਡੇ ਦੋਵਾਂ ਦੇ ਕਾਹਲੀ ਕਾਹਲੀ ਤੁਰਦੇ ਹੋਏ ਕਦਮ ਉਸੇ ਨੁੱਕਰ ਵਾਲੇ ਘਰ ਦੇ ਅੱਗੇ ਜਾ ਖਲੋ ਗਏ ।
ਘਰੋਂ ਚਲਦਿਆਂ ਜੋ ਮੇਰੀ ਸੰਭਾਵਨਾ ਸੀ ਉਹ ਸੱਚ ਹੋਈ।ਉਸ ਟੁੱਟੇ ਹੋਏ ਤਖ਼ਤੇ ਨੂੰ ਖੋਲ੍ਹ ਕੇ ਅਸੀਂ ਅੰਦਰ ਚਲੇ ਗਏ। ਘਰ ਵਿੱਚ ਕਈ ਨਿੱਕੇ ਨਿੱਕੇ ਫੁੱਲਾ ਵਾਲੇ ਪੌਦੇ ਤੇ ਇੱਕ ਬਹੁਤ ਵੱਡਾ ਨਿੰਮ ਦਾ ਦਰੱਖਤ ਲੱਗਿਆ ਹੋਇਆ ਸੀ ,ਜਿਹੜਾ ਕਿ ਸਿਆਲ ‘ਚ ਵਿਹੜੇ ਵਿੱਚ ਧੁੱਪ ਆਉਣ ਕਰਕੇ ਸਾਂਗ ਦਿੱਤਾ ਹੋਇਆ ਸੀ। ਨਿੱਕੀ ਨਿੱਕੀ ਕੰਧ ਸੀ ਪਾਣੀ ਵਾਲੀ ਟੈਂਕੀ ਥੱਲੇ ਹੀ ਰੱਖੀ ਹੋਈ ਸੀ, ਵਿਹੜੇ ਵਿੱਚ ਸਰਦੀ ਦੀ ਮਿੱਠੀ ਮਿੱਠੀ ਧੁੱਪ ਚਮਕ ਰਹੀ ਸੀ,ਇਕ ਦਰੀ ਵਿਛੀ ਹੋਈ ਸੀ, ਲੱਗ ਰਿਹਾ ਸੀ ਕਿ ਉਹ ਦਰੀ ਤੋਂ ਹੁਣੇ ਹੁਣੇ ਬਹੁਤ ਸਾਰੇ ਲੋਕ ਉੱਠ ਕੇ ਆਪੋ ਆਪਣੇ ਟਿਕਾਣਿਆਂ ਤੇ ਗਏ ਹੋਣ ਉੱਥੇ ਹੀ ਇੱਕ ਕੁਰਸੀ ਤੇ ਉਹੀ ਪਰੀ ਵਰਗੀ ਸੁਨੱਖੀ ਮੁਟਿਆਰ ਬੈਠੀ ਸੀ , ਉਸ ਦੇ ਲਾਗੇ ਹੀ ਇੱਕ ਸੋਟੀ ਪਈ ਸੀ।ਉਸ ਦੇ ਸਿਰ ਤੇ ਲਿਆ ਨੀਲੇ ਰੰਗ ਦਾ ਦੁਪੱਟਾ ਇੰਝ ਲੱਗ ਰਿਹਾ ਸੀ ਜਿਵੇਂ ਨੀਲੇ ਆਸਮਾਨ ਨੇ ਉਸ ਪਰੀ ਦੇ ਸਿਰ ਨੂੰ ਓਡਿਅਾ ਹੋਵੇ ।
ਸਾਨੂੰ ਵੇਖ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਗਈ , ਉਸ ਨੇ ਮੇਰੇ ਅਤੇ ਮਾਸੀ ਜੀ ਵੱਲ ਵੇਖ “ਸਤਿ ਸ੍ਰੀ ਆਕਾਲ” ਬੋਲਦਿਆਂ ਬੜੀ ਹੀ ਖੁਸ਼ ਹੋ ਕੇ ਕਿਹਾ, ਅੱਜ ਤਾਂ ਸਾਡੇ ਗਰੀਬਖਾਨੇ ਨੂੰ ਭਾਗ ਲਾ ਦਿੱਤੇ ਤੂੰ ਚਾਚੀ ! ਸਾਡਾ ਜਨਮ ਸਫਲਾ ਹੋ ਗਿਆ। ਮੈਂ ਸੋਚ ਰਿਹਾ ਸੀ ਕਿ ਇਹ ਮੁਟਿਆਰ ਜ਼ਰੂਰ ਕੁੜੀਆਂ ਨੂੰ ਕੱਪੜੇ ਸਿਊਣੇ ਸਿਖਾਉਂਦੀ ਹੋਏਗੀ ਤੇ ਕੋਲ ਪਈ ਸੋਟੀ ਤੋਂ ਉਨ੍ਹਾਂ ਨੂੰ ਡਰਾਉਣ ਦਾ ਕੰਮ ਲੈਂਦੀ ਹੋਏਗੀ।
ਇਕ ਗੱਲ ਦੀ ਮੈਂ ਹੈਰਾਨੀ ਮੰਨ ਰਿਹਾ ਸੀ ਕਿ ਜਦੋਂ ਅਸੀਂ ਆਏ ਸਾਂ ਉਸ ਮੁਟਿਆਰ ਨੇ ਕੁਰਸੀ ਤੋਂ ਉੱਠ ਕੇ ਸਾਡਾ ਅਭਿਨੰਦਨ ਕਰਨਾ ਚਾਹਿਆ ਪਰ ਮਾਸੀ ਜੀ ਨੇ ਉਸ ਨੂੰ ਜਾਂਦਿਆਂ ਹੀ ਧੱਕੇ ਨਾਲ ਬਿਠਾ ਦਿੱਤਾ ਸੀ।
ਮੈਂ ਨੀਵੀਂ ਪਾਈ ਧਰਤੀ ਵੱਲ ਵੇਖਦਾ ਵੇਖਦਾ ਉਸ ਵੱਲ ਵੇਖਿਆ ਕਰਾਂ ਤਾ ਉਹ ਵੀ ਗੱਲਾਂ ਮਾਸੀ ਜੀ ਨਾਲ ਤੇ ਵੇਖ ਮੇਰੇ ਵੱਲ ਰਹੀ ਹੋਵੇ ।ਉਸ ਨੇ ਮੈਨੂੰ ਬੁਲਾਉਣ ਦੇ ਬਹੁਤ ਯਤਨ ਕੀਤੇ ਮੈਂ ਉਸ ਦੀ ਗੱਲ ਦਾ ਦੋ ਸ਼ਬਦਾਂ ਤੋਂ ਵੱਧ ਜਵਾਬ ਨਾ ਦੇ ਸਕਿਆ। ਏਨੇ ਨੂੰ ਮਾਸੀ ਜੀ ਨੇ ਕੱਪੜਿਆਂ ਬਾਰੇ ਪੁੱਛ ਗਿੱਛ ਕਰਕੇ ਚੱਲਣ ਦੀ ਤਿਆਰੀ ਕੀਤੀ । ਮੇਰੇ ਮਨ ਦੇ ਵੇਗ ਤੇਜ਼ ਹੋਣ ਲੱਗੇ ਅਸੀਂ ਤੁਰਨ ਲੱਗੇ ਤਾਂ ਉਸ ਸੋਹਣੀ ਸੁਨੱਖੀ ਮੁਟਿਆਰ ਨੇ ਕੁਰਸੀ ਦਾ ਸਹਾਰਾ ਲੈਦਿਆਂ ਸੋਟੀ ਇਸ ਲਈ ਚੁੱਕੀ ਕਿਉ ਕਿ ਉਹ ਵਿਕਲਾਗ (ਹੈਂਡੀਕੈਪ) ਸੀ। ਉਹ ਸਾਨੂੰ ਬਾਹਰ ਤਕ ਛੱਡਣ ਆਈ । ਕਾਫ਼ੀ ਦੂਰ ਆ ਕੇ ਮੈਂ ਪਿੱਛੇ ਵੇਖਿਆ ਤਾਂ ਉਹ ਅਜੇ ਵੀ ਪਿਆਰ ਭਰੀਆਂ ਨਜ਼ਰਾਂ ਨਾਲ ਸਾਨੂੰ ਤੱਕ ਰਹੀ ਸੀ, ਮੈਨੂੰ ਇੰਜ ਲੱਗਾ ਜਿਵੇ ਉਹ ਮਨ ਹੀ ਮਨ ਕਹਿ ਰਹੀ ਹੋਵੇ ਕਿ ਦੁਬਾਰਾ ਸਾਡੇ ਘਰ ਕਦੋਂ ਫੇਰਾ ਪਾਕੇ ਰੂਹ ਨੂੰ ਠੰਡਕ ਦੇਵੋਗੇ।……………………………………….
ਮੰਗਤ ਸਿੰਘ ਲੌਂਗੋਵਾਲ ਬਾਬਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly