HOME ਮਸੋਸਿਆ ਚੇਹਰਾ

ਮਸੋਸਿਆ ਚੇਹਰਾ

4

   (ਸਮਾਜ ਵੀਕਲੀ)  “ਮੈਨੂੰ ਤਾਂ ਕੌਲਾ ਦੁੱਧ ਦਾ ਹੀ ਦੇਦੇ। ਮੈਂ ਰੋਟੀ ਚੂਰਕੇ ਹੀ ਖਾਉਂ।” ਤਾਏ ਚਤਰੇ ਨੇ ਤਾਈ ਸੁਰਜੀਤ ਕੁਰ ਨੂੰ ਕਿਹਾ ਜਦੋਂ ਤਾਈ  ਸਾਗ ਦੀ ਭਰੀ ਬਾਟੀ  ਵਿੱਚ ਘਿਓ ਪਾਕੇ ਅਤੇ ਪਿੱਤਲ ਦੀ ਥਾਲੀ ਵਿੱਚ ਜੁਲੜ ਵਰਗੀ ਬਾਜਰੀ ਦੀ ਰੋਟੀ ਫੜਾਉਣ ਲਈ ਹੱਥ ਅੱਗੇ ਵਧਾਏ।  ਤਾਈ ਦਾ ਚੇਹਰਾ ਪੂਰਾ ਮਸੋਸਿਆ ਗਿਆ। ਸਾਰਾ ਦਿਨ ਮੇਹਨਤ ਕਰਕੇ ਉਸਨੇ ਸਾਗ, ਪਾਲਕ, ਮੇਥੀ, ਬਾਥੂ, ਡੁੰਗਿਆ ਤੇ ਕੱਟਿਆ। ਹਾਰੀ ਚ ਧੁਖਦੇ ਗੋਹਿਆਂ ਦੇ ਮੱਠੀ ਮੱਠੀ ਅੱਗ ਤੇ ਤੋੜੀ ਚ ਰਿੰਨਿਆ। ਆਲਣ ਪਾਕੇ ਘੋਟਿਆ ਤੇ ਫਿਰ ਗੰਢੇ, ਲੱਸਣ, ਆਦਾ, ਟਮਾਟਰ ਪਾਕੇ ਤੜਕਾ ਵੀ ਲਾਇਆ। ਔਰਤ ਸਾਰਾ ਦਿਨ ਖੱਪਕੇ ਡਿੱਗਦੀ ਢਹਿੰਦੀ, ਮੇਹਨਤ ਕਰਕੇ ਇਸ ਲਈ ਕੁਝ ਖਾਣ ਨੂੰ ਬਣਾਉਂਦੀ ਹੈ ਕਿ ਪੂਰਾ ਪਰਿਵਾਰ ਖੁਸ਼ ਹੋਕੇ ਖਾਵੇ। ਉਹ ਆਪਣੇ ਬੱਚਿਆਂ ਤੋਂ ਇਲਾਵਾ ਆਪਣੇ ਪਤੀ ਅਤੇ ਸੱਸ ਸਹੁਰੇ ਦੀ ਪਸੰਦ ਨਾਪਸੰਦ ਦਾ ਵੀ ਪੂਰਾ ਖਿਆਲ ਰੱਖਦੀ ਹੈ। ਤਾਏ ਨੇ ਕਾੜ੍ਹਨੀ ਦੇ ਦੁੱਧ ਵੱਲ ਇਸ਼ਾਰਾ ਕਰਕੇ ਤਾਂ ਜਿਵੇ ਤਾਈ ਦੀ ਕੀਤੀ ਮਿਹਨਤ ਤੇ ਪਾਣੀ ਫੇਰ ਦਿੱਤਾ ਹੋਵੇ। ਉਸ ਦਿਨ ਮੈਂ ਤਾਈ ਦੇ ਵੱਡੇ ਮੁੰਡੇ ਬਿੱਲੂ ਤੋਂ ਕੁਝ ਸਮਝਣ ਗਿਆ ਸੀ। ਬਿੱਲੂ ਬੀਏ ਪਾਸ ਜੋ ਸੀ। ਛੋਟਾ ਮਿਸ਼ਰੀ ਨਿਰੋਲ ਅਨਪੜ੍ਹ ਸੀ ਤੇ ਮੇਰਾ ਪੱਕਾ ਬੇਲੀ ਸੀ। ਤਾਏ ਨੇ ਦੁੱਧ ਅਤੇ ਚੂਰੀ ਹੋਈ ਬਾਜਰੀ ਦੀ ਰੋਟੀ ਵਾਲਾ ਵੱਡਾ ਸਾਰਾ ਕੌਲਾ ਖਾਲੀ ਕਰਕੇ ਲੰਬਾ ਡਕਾਰ ਮਾਰਿਆ। ਮੈਨੂੰ ਤਾਇਆ ਪੂਰਾ ਸੰਤੁਸ਼ਟ ਨਜ਼ਰ ਆਇਆ। ਤਾਈ ਨੇ   ਆਉਂਦੇ ਹੋਏ ਨੂੰ ਮੈਨੂੰ ਸਾਗ ਦੀ ਬਾਟੀ ਭਰਕੇ ਦੇ ਦਿੱਤੀ। ਉਸ ਤੋਂ ਬਾਦ ਫਿਰ ਮੈਂ ਵੀ ਕਈ ਵਾਰੀ ਘਰੇ ਤਾਇਆ ਚਤਰਾ ਬਣਿਆ। ਅੱਜ ਮੇਰੇ ਨਾਲਦੀ ਨੇ ਵੀ ਸਟੀਲ ਦੀ ਪਲੇਟ ਵਿੱਚ ਸਾਗ ਦੀ ਕੌਲੀ, ਬਾਜਰੀ ਦੀ ਰੋਟੀ ਅਤੇ ਦੋ ਔਲੇ ਰੱਖ ਕੇ ਮੈਨੂੰ ਦਿੱਤੇ। ਪਰ ਮੇਰੇ ਵਿੱਚ ਅਚਾਨਕ ਤਾਏ ਵਾਲਾ ਕੀੜਾ ਜਾਗ ਪਿਆ। ਖੈਰ  ਉਸਨੇ ਮੈਨੂੰ ਵੀ ਦੁੱਧ ਦਾ ਕੌਲਾ ਭਰਕੇ ਦੇ ਦਿੱਤਾ। ਮੈਂ ਨੋਟ ਕੀਤਾ ਕਿ ਉਸ ਦਾ ਚੇਹਰਾ ਵੀ ਜਵਾਂ ਤਾਈ ਸੁਰਜੀਤ ਕੁਰ ਦੇ ਚੇਹਰੇ ਵਰਗਾ ਹੋ ਗਿਆ ਸੀ। ਚੇਹਰੇ ਦੀ ਚਮਕ ਗਾਇਬ ਸੀ। ਮੈਂ ਚਮਚ ਨਾਲ ਚੂਰੀ ਹੋਈ ਰੋਟੀ ਖਾ ਗਿਆ ਤੇ ਦੁੱਧ ਵੀ ਨਿਬੇੜ ਦਿੱਤਾ। ਪਰ ਮੇਰਾ ਡਕਾਰ ਪਤਾ ਨਹੀਂ ਕਿੱਥੇ ਅਲੋਪ ਹੀ ਹੋ ਗਿਆ।
ਰਮੇਸ਼ ਸੇਠੀ ਬਾਦਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਰਿੰਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮਿਲਕਫੈੱਡ ਨੇ ਵੇਰਕਾ ਮਿਲਕ ਪਲਾਂਟ ਵਿਖੇ ਹੋਏ ਦੁਖਦਾਈ ਹਾਦਸੇ ਦੇ ਜ਼ਖ਼ਮੀ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ
Next articleਗੋਪਾਸ਼ਟਮੀ ਦਿਵਸ ਜੈਨ ਮੁਨੀ ਜਗਦੀਸ਼ ਕਾਮਧੇਨੁ ਗੌਸ਼ਾਲਾ ਵਿਖੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ