ਪੁਆਧੀ ਕਵਿਤਾ   /      ਦੇਸੀ ਬੰਦੇ 

 ਸੁਕਰ ਦੀਨ ਕਾਮੀਂ
(ਸਮਾਜ ਵੀਕਲੀ)
ਥਮੇ ਕਰੈਂ ਬਈ ਬੜੀਆਂ ਬਾਤਾਂ,ਹਮ ਨਾ ਬਾਦੂ ਸੇਖੀ ਮਾਰੈਂ।
ਢੇਰ ਰਪਈਏ ਹੋਣੇਂ ਥਰਪਾ,ਹਮੇ ਖ਼ਰਚ ਘੱਟੋ ਮਾ ਸਾਰੈਂ।
ਕੁਰਸੀ ਪਰ ਥਮੇ ਬੈਠ ਕਮਾਮੈਂ ,ਮ੍ਹਾਰੇ ਸਭ ਮਿਹਨਤ ਕੇ ਧੰਦੇ,
ਥਾਰੀ ਰੀਸ ਨੀਂ ਹੋਣੀ ਮਾਪਾ,ਯਾਰ ਹਮੇ ਤੋ ਦੇਸੀ ਬੰਦੇ ਬੰਦੇ।
ਥਾਰੇ ਮੂੰਹ ਨੂੰ ਲਗੀ ਕੌਫੀਆਂ, ਹਮੇਂ ਚਾਹ ਗੁੜ ਕੀ ਨਾ ਭੁੱਲੇ।
ਥਮੇਂ ਬ੍ਰਾਂਡੇਡ ਕੱਪੜੇ ਪਾਮੈਂ,ਮ੍ਹਾਰੇ ਬਟਣ ਬਾਂਹਾਂ ਕੇ ਖੁਲ੍ਹੇ।
ਚੈਹੈ ਥਾਰੀ ਹੋਐਂ ਤਰੀਫਾਂ, ਨਹੀਂ ਹਮੇਂ ਬੀ ਐਡੇ ਮੰਦੇ।
ਥਾਰੀ ਮਾਪਾ ਰੀਸ ਨੀਂ ਹੋਣੀਂ,ਹਮੇ ਸਭ੍ਹੌ ਕੇ ਫ਼ੱਕਰ ਬੰਦੇ।
ਥਾਰੇ ਹੱਥ ਚਲੈਂ ਖੁੱਲ੍ਹੇ ਹਮ,ਥੋੜੇ ਮਾਂ ਤੇ ਥੋੜਾ ਬਚਾਲੇਂ।
ਥਮੇਂ ਸਬਜ਼ੀਆਂ ਹਰੀ ਬਣਾਮੈਂ,ਹਮ ਚਟਣੀ ਗੈਲ ਡੰਗ ਟਪਾਲੇਂ।
ਥਾਨੂੰ ਹੋਣਾਂ ਡਰ ਚੋਰੀ ਕਾ,ਉਰੈ ਕਦੀ ਨੀ ਲਾਏ ਜੰਦੇ।
ਥਾਰੀ ਮਾਪਾ ਰੀਸ ਨੀਂ ਹੋਣੀਂ ,ਹਮੇ ਪੁਆਧੀ ਫ਼ੱਕਰ ਬੰਦੇ।
ਥਮੇਂ ਬਣਾਕੈ ਟੋਲੀ ਬੈਠੈਂ,ਹਮੇ ਆਪਣੀਓੰ ਮਸਤੀ ਭਾਲੈਂ।
ਥਮੇਂ ਬੋਤਲਾਂ ਮਹਿੰਗੀ ਪੀਮੈਂ ,ਹਮ ਤੋ ਦਾਰੂ ਸਸਤੀ ਭਾਲੈਂ।
ਜੇ ਥਾਰੇ ਪਾ ਬੜੀ ਗੱਡੀਆਂ,ਮ੍ਹਾਨੂੰ ਮ੍ਹਾਰੇ ਸੈਂਕਲ ਚੰਗੇ।
ਥਾਰੀ ਮਾਪਾ ਰੀਸ ਨੀਂ ਹੋਣੀਂ, ਯਾਰ ਹਮੇ ਤੋ ਦੇਸੀ ਬੰਦੇ।
ਥਾਰੀ ਬੜਿਆ ਗੈਲ ਉਠ ਬੈਠ ਹੈ,ਹਮ ਛੋਟਿਆਂ ਗੈਲ ਰੱਖੀ ਯਾਰੀ।
ਥਾਰਾ ਮੋਹ ਪੈਸੇ ਗੈਲ ਜ਼ਿਆਦਾ,”ਕਾਮੀ ਆਲੇ”ਨੂੰ ਕਲਮ ਪਿਆਰੀ।
ਫ਼ਿਕਰ ਨੀ ਥਾਨੂ ਕਬੀਲਦਾਰੀ ਕੇ,”ਖ਼ਾਨ” ਹੁਰਾਂ ਕੇ ਗਲ਼ ਮਾਂ ਫੰਦੇ।
ਥਾਰੀ ਮਾਪਾ ਰੀਸ ਨੀਂ ਹੋਣੀਂ, ਯਾਰ ਹਮੇਂ ਤੋਂ ਦੇਸੀ ਬੰਦੇ ।
ਸੁਕਰ ਦੀਨ ਕਾਮੀਂ ਖੁਰਦ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਅੰਦਰ ਤੜਫ਼ ਤੇ ਬਾਹਰ ਨੇ ਤੱਤੀਆਂ ਹਵਾਵਾਂ,
Next articleਮੱਕੜ ਜਾਲ਼