ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਦਾ ਸੰਘਰਸ਼ ਬਨਾਮ ਔਰਤਾਂ ਦਾ ਮੁਫਤ ਸਫਰ……….

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ) ਔਰਤਾਂ ਦੇ ਮੁੱਫਤ ਬਸ ਸਫਰ ਦੀ ਸਹੂਲਤ ਨੇ, ਪਨਬਸ, ਪੀਆਰਟੀਸੀ ਦੀਆਂ ਬੱਸਾਂ ਦੀਆਂ ਮੁਲਾਜ਼ਮ ਯੂਨੀਅਨਾਂ ਅਤੇ ਪੰਜਾਬ ਸਰਕਾਰ ਨੂੰ ਵਕਤ ਪਾ ਰੱਖਿਆ ਹੈ, ਜੁਲਾਈ 2024 ਵਿੱਚ ਸੂਬਾਈ ਚੇਅਰਮੈਨ ਬਲਵਿੰਦਰ ਸਿੰਘ, ਪ੍ਰਧਾਨ ਰੇਸ਼ਮ ਸਿੰਘ ਗਿੱਲ, ਮੀਤ ਪ੍ਰਧਾਨ ਹਰਕੇਸ਼ ਕੁਮਾਰ, ਸੈਕਟਰੀ ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਕੈਸ਼ੀਅਰ, ਬਲਜੀਤ ਸਿੰਘ, ਰਮਨਦੀਪ ਸਿੰਘ ਜੌਇੰਟ ਸੈਕਟਰੀ, ਜੋਧ ਸਿੰਘ, ਜਲੌਰ ਸਿੰਘ ਮੀਤ ਪ੍ਰਧਾਨ, ਬਲਜਿੰਦਰ ਸਿੰਘ ਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਜੁਲਾਈ 2024 ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਯੂਨੀਅਨ ਦੇ ਨਾਲ ਮੀਟਿੰਗ ਵਿੱਚ ਵਿਸ਼ਵਾਸ ਦਿਵਾਇਆ ਸੀ ਕਿ ਇੱਕ ਮਹੀਨੇ ਦੇ ਅੰਦਰ ਤੁਹਾਡੀਆਂ ਮੰਗਾਂ ਦਾ ਹੱਲ ਹੋ ਜਾਵੇਗਾ ਇਸ ਤੋਂ ਬਾਅਦ ਫਰਵਰੀ 2025 ਵਿੱਚ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ, ਦਸ ਦਿਨਾਂ ਵਿੱਚ ਵੱਖਰੀ ਨੀਤੀ ਬਣਾ ਕੇ ਕੈਬਨਿਟ ਵਿੱਚ ਪਾਸ ਕਰਵਾਉਣ ਦੀ ਗੱਲ ਕਹੀ ਸੀ, ਹੁਣ ਤੱਕ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੋਇਆ। ਹੁਣ ਬਜਟ ਵਿੱਚ ਟਰਾਂਸਪੋਰਟ ਵਿਭਾਗ ਦੇ ਕੱਚੇ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਪੂਰੀਆਂ ਹੋ ਜਾਣ ਦੀ ਉਮੀਦ ਸੀ, ਪਰ ਕਿਸੇ ਵੀ ਮੰਗ ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਤੋਂ ਨਿਰਾਸ਼ ਹੋ ਕੇ ਯੂਨੀਅਨ ਨੇ ਪਹਿਲੀ ਅਪ੍ਰੈਲ ਨੂੰ ਜਲੰਧਰ ਬੱਸ ਸਟੈਂਡ ਤੇ ਮੀਟਿੰਗ ਰੱਖ ਲਈ ਹੈ। ਜਿਸ ਵਿੱਚ ਪੰਜਾਬ ਸਰਕਾਰ ਵਿਰੁੱਧ ਅਗਲੀ ਰਣਨੀਤੀ ਬਣਾਈ ਜਾਵੇਗੀ। ਤਿੰਨ ਅਪ੍ਰੈਲ ਨੂੰ ਸਾਰੇ ਬੱਸ ਸਟੈਂਡ ਬੰਦ ਕਰਕੇ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 7-8-9 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਹੜਤਾਲ ਤੇ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਵੀ ਧਰਨਾ ਪ੍ਰਦਰਸ਼ਨ ਹੋਵੇਗਾ। ਮਹਿਲਾਵਾਂ ਦੇ ਮੁਫਤ ਬੱਸ ਸਫਰ ਦਾ ਸਰਕਾਰ ਵੱਲ 600 ਕਰੋੜ ਰੁਪਏ ਬਕਾਇਆ ਹਨ ਜਦਕਿ ਬਜਟ ਵਿੱਚ ਕੇਵਲ 450 ਕਰੋੜ ਰੁਪਏ ਰੱਖੇ ਗਏ ਹਨ। ਇਹ ਫੰਡ ਤਿੰਨ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਪੂਰੇ ਹੋ ਜਾਣਗੇ। ਉਸ ਤੋਂ ਬਾਅਦ ਮੁਫਤ ਬੱਸ ਸਫ਼ਰ ਦੀ ਦੇਣਦਾਰੀ ਵੀ ਵੱਧ ਜਾਵੇਗੀ, ਜੇ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਇਹ ਦੇਣਦਾਰੀ 1000 ਕਰੋੜ ਰੁਪਏ ਤੋਂ ਵੀ ਟੱਪ ਜਾਵੇਗੀ। ਨਵੀਆਂ ਬੱਸਾਂ ਪਾਉਣ ਦੀ ਯੋਜਨਾ ਵੀ ਨਹੀਂ ਹੈ। ਟਾਇਰਾਂ ਅਤੇ ਸਪੇਅਰ ਪਾਰਟਸ ਦੀ ਘਾਟ ਕਾਰਨ ਬੱਸਾਂ ਖੜੀਆਂ ਹਨ। ਪਨਬੱਸ ਵਿੱਚ ਟਿਕਟ ਮਸ਼ੀਨਾਂ ਵੀ ਨਹੀਂ ਹਨ। ਲੋਨ (ਕਰਜੇ) ਤੇ ਬੱਸਾਂ ਖਰੀਦਣ ਨੂੰ ਵੀ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲ ਰਹੀ। ਸਰਕਾਰ ਆਪਣੇ ਚਹੇਤਿਆਂ ਨੂੰ ਕਿਲੋਮੀਟਰ ਸਕੀਮ ਅਧੀਨ ਬੱਸਾਂ ਸ਼ਾਮਿਲ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸਦਾ ਯੂਨੀਅਨ ਸਖਤ ਵਿਰੋਧ ਕਰਦੀ ਹੈ। ਕਿਸੇ ਵੀ ਕੀਮਤ ਤੇ ਪ੍ਰਾਈਵੇਟ ਬੱਸਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਮੰਗਾਂ ਪੂਰੀਆਂ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਮੇਰੀ ਆਪਣੀ ਰਾਏ ਹੈ ਕਿ ਮੁਫਤ ਵਾਲੀਆਂ ਰਿਉੜੀਆਂ ਵੋਟਾਂ ਬਟੋਰਨ ਲਈ ਨਾ ਵੰਡੀਆਂ ਜਾਣ। ਔਰਤਾਂ ਦਾ ਬਸ ਸਫਰ ਮੁਫਤ ਨਹੀਂ ਹੋਣਾ ਚਾਹੀਦਾ। ਕਨਸੈਸ਼ਨਲ (ਰਿਆਇਤੀ )ਹੋਣਾ ਚਾਹੀਦਾ ਹੈ। ਸਰਕਾਰ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋੜ੍ਹ-ਕਿਰਲੀ ਵਰਗੀ ਹੋਈ ਪਈ ਹੈ, ਜੇ ਖਾਂਦਾ ਹੈ ਤਾਂ ਮਰਦਾ ਹੈ ਜੇ ਨਹੀਂ ਖਾਂਦਾ ਹੈ ਤਾਂ ਕੋੜ੍ਹੀ। ਸਾਰੀਆਂ ਔਰਤਾਂ ਗਰੀਬੀ ਰੇਖਾ ਤੋਂ ਥੱਲੇ ਨਹੀਂ ਹਨ ।ਜਿਹੜੀਆਂ ਖਾਂਦੇ ਪੀਂਦੇ ਤਕੜੇ ਘਰਾਂ ਦੀਆਂ ਹਨ, ਪੂਰਾ ਕਰਾਇਆ ਵਸੂਲਿਆ ਜਾਣਾ ਚਾਹੀਦਾ ਹੈ, ਲੋੜਵੰਦ ਔਰਤਾਂ ਦੇ ਰਿਆਇਤੀ ਪਾਸ ਬਣਾਏ ਜਾਣ। ਜੇ ਕੋਈ ਇਸ ਵਿੱਚ ਵੀ ਹੇਰਾਫੇਰੀ ਕਰੇ ਤਾਂ ਉਹਨਾਂ ਉੱਤੇ ਵੀ ਨਸ਼ਾ ਤਸਕਰਾਂ ਵਰਗੀ ਸਖਤੀ ਵਰਤੀ ਜਾਵੇ ਤਾਂ ਹੀ ਸਾਡੀ ਸਟੇਟ ਦਾ ਤੇ ਦੇਸ਼ ਦਾ ਭਲਾ ਹੋ ਸਕਦਾ ਹੈ। ਧੰਨਵਾਦ।

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ। ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੋਧ ਗਯਾ ਮੁਕਤੀ ਅੰਦੋਲਨ
Next articleਬਸਪਾ ਵੱਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਕੀਤੀ ਗਈ ਮੀਟਿੰਗ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ