(ਸਮਾਜ ਵੀਕਲੀ)
ਓਏ ਕੁਰਸੀ ਦਾ ਨਾ ਮਾਣ ਕਰੀਂ ,
ਇਹ ਕੁਰਸੀ ਬਹੁਤਿਆਂ ਮਾਣੀ ਏ।
ਏਥੇ ਮਾਣ ਤਾਂ ਸਰੀਰ ਦਾ ਨਹੀਂ,
ਕੱਢ ਜ਼ਿੰਦ ਜਮਾਂ ਲੈ ਜਾਣੀ ਏ।
ਓਏ ਕੁਰਸੀ ਦਾ……
ਬਹਿ ਅਫ਼ਸਰ ਬਣ ਕੇ ਰੋਅਬ ਝਾੜੇ,
ਨਿੱਤ ਨਿੱਚਲਿਆਂ ਦੇ ਨਾਲ਼ ਖਹਿੰਦਾ ਏ,
ਤਨਖਾਹਾਂ ਉਪਰੋਂ ਮੋਟੀਆਂ- ਮੋਟੀਆਂ,
ਤੇ ਹੇਠੋਂ ਰਿਸ਼ਵਤ ਲੈਂਦਾ ਏ।
ਕਿਰਤ ਕਰੋ ਦਸਾਂ ਨਹੁੰਆਂ ਦੀ,
ਕਹਿੰਦੀ ਬਾਬੇ ਨਾਨਕ ਦੀ ਬਾਣੀ ਏ।
ਓਏ ਕੁਰਸੀ ਦਾ…….
ਪਰਖੇਂ ਛੋਟਾ-ਵੱਡਾ ਤੇ ਜਾਤ ਪਾਤ,
ਕਦੇ ਧਰਮ ਦਾ ਕਰੇਂ ਬਖੇੜਾ ਏ।
ਇਹ ਮੁੱਕਣਾ ਨਹੀਉਂ ਏਦਾਂ,
ਪਿਆ ਚੁਰਾਸੀ ਦਾ ਜੋ ਗੇੜਾ ਏ। ਫ਼ੇਰ ਜਨਮ-ਮਰਨ ਵਿੱਚ ਘੁੰਮੇਗਾਂ,
ਬੱਸ ਏਹਿਓਂ ਤੇਰੀ ਕਹਾਣੀ ਏ।
ਓਏ ਕੁਰਸੀ ਦਾ……
ਤੂੰ ਸ਼ੌਂਕ ਪੂਰੇ ਪਿਆ ਕਰਦਾਂ ਹੈਂ,
ਕਹਿਨਾਂ ਇਹ ਜੱਗ ਕਿੰਨਾ ਮਿੱਠਾ ਏ।
ਅੱਜ ਬੇਪਰਵਾਹੀਆਂ ਕਰਦਾਂ ਹੈਂ,
ਅਖੇ ਅਗਲਾ ਕੀਹਨੇ ਡਿੱਠਾ ਏ।
ਜੱਦ ਜਾਵੇਂਗਾ ਜਹਾਂ ਤੋਂ ਮਨਜੀਤ,
ਸੋਚੇਗਾਂ ਲੰਮੀ ਤਾਣ ਕਿਉਂ ਤਾਣੀ ਏ।
ਓਏ ਕੁਰਸੀ ਦਾ ਨਾ ਮਾਣ ਕਰੀਂ,
ਇਹ ਕੁਰਸੀ ਬਹੁਤਿਆਂ ਮਾਣੀ ਏ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly