ਕੋਲਕਾਤਾ, (ਸਮਾਜ ਵੀਕਲੀ): ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਵੱਲੋਂ ਤੇਲ ਕੀਮਤਾਂ ਵਿਚ ਹੋਏ ਭਾਰੀ ਵਾਧੇ ਖ਼ਿਲਾਫ਼ ਅੱਜ ਸਾਰੇ ਪੱਛਮੀ ਬੰਗਾਲ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ। ਕਰੋਨਾਵਾਇਰਸ ਮਹਾਮਾਰੀ ਵਿਚਾਲੇ ਤੇਲ ਕੀਮਤਾਂ ਵਿੱਚ ਹੋੲੇ ਭਾਰੀ ਵਾਧੇ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਪੱਛਮੀ ਬੰਗਾਲ ਵਿਚ ਪੈਟਰੋਲ 101 ਰੁਪਏ ਲਿਟਰ ਤੋਂ ਵੱਧ ਅਤੇ ਡੀਜ਼ਲ 92 ਰੁਪਏ ਪ੍ਰਤੀ ਲਿਟਰ ਤੋਂ ਵੱਧ ਵਿਕ ਰਿਹਾ ਹੈ ਜਦਕਿ ਘਰੇਲੂ ਰਸੋਈ ਗੈਸ ਦਾ ਸਿਲੰਡਰ 861 ਰੁਪੲੇ ਦਾ ਮਿਲ ਰਿਹਾ ਹੈ।
ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਵੱਲੋਂ ਅੱਜ ਲਗਾਤਾਰ ਦੂਜੇ ਦਿਨ ਪਾਈਕਪਾਰਾ, ਬਾਗੁਈਆਟੀ, ਚੇਤਲਾ ਤੇ ਬੇਹਲਾ ਸਣੇ ਕੋਲਕਾਤਾ ਵਿਚ ਅਹਿਮ ਚੌਕਾਂ ’ਤੇ ਪ੍ਰਦਰਸ਼ਨ ਕੀਤੇ। ਇਸ ਦੌਰਾਨ ਰਾਜ ਦੇ ਹੋਰ ਹਿੱਸਿਆਂ ਦੇ ਨਾਲ ਬੇਲਘਰੀਆ, ਬੋਲਪੁਰ, ਕਟਵਾ, ਰਤੀਗੰਜ ਅਤੇ ਸਿਲੀਗੁੜੀ ਵਿਚ ਵੀ ਪ੍ਰਦਰਸ਼ਨ ਹੋਏ। ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਅਤਿਨ ਘੋਸ਼ ਜਿਨ੍ਹਾਂ ਉੱਤਰੀ ਕੋਲਕਾਤਾ ਵਿਚ ਪਾਈਕਪਾਰਾ ’ਚ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ, ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਗੈਰ-ਵਾਜਿਬ ਵਾਧੇ ਨਾਲ ਆਮ ਲੋਕਾਂ ’ਤੇ ਬੋਝ ਪਿਆ ਹੈ। ਬਾਗੁਈਆਟੀ ਵਿਚ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਚੁੱਲ੍ਹੇ ’ਤੇ ਖਾਣਾ ਬਣਾਇਆ ਗਿਆ ਅਤੇ ਪ੍ਰਦਰਸ਼ਨ ’ਚ ਸ਼ਾਮਲ ਹੋਰ ਲੋਕਾਂ ਨੂੰ ਵੰਡਿਆ ਗਿਆ। ਤ੍ਰਿਣਮੂਲ ਕਾਂਗਰਸ ਦੀ ਵਿਧਾਇਕ ਆਦਿਤੀ ਮੁਨਸ਼ੀ ਨੇ ਕਿਹਾ, ‘‘ਇਹ ਇਕ ਪ੍ਰਤੀਕਾਤਮਕ ਪ੍ਰਦਰਸ਼ਨ ਸੀ। ਤੇਲ ਕੀਮਤਾਂ ਵਿਚ ਵਾਧਾ ਸਾਨੂੰ ਪਿੱਛੇ ਧੱਕ ਰਿਹਾ ਹੈ ਅਤੇ ਅਸੀਂ ਮੁੜ ਤੋਂ ਚੁੱਲ੍ਹਿਆਂ ਤੇ ਬੈਲਗੱਡੀਆਂ ਦੇ ਦੌਰ ਵੱਲ ਜਾ ਰਹੇ ਹਨ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly