ਦਿੱਲੀ ਵਿੱਚ ਮੈਟਰੋ ਸਟੇਸ਼ਨ ’ਤੇ ਸਿੱਖ ਨੌਜਵਾਨ ਨੂੰ ਕ੍ਰਿਪਾਨ ਪਾ ਕੇ ਜਾਣ ਤੋਂ ਰੋਕਣ ਦਾ ਵਿਰੋਧ

ਅੰਮ੍ਰਿਤਸਰ, (ਸਮਾਜ ਵੀਕਲੀ):  ਦਿੱਲੀ ਵਿੱਚ ਇਕ ਮੈਟਰੋ ਸਟੇਸ਼ਨ ਤੇ ਇਕ ਅੰਮ੍ਰਿਤਧਾਰੀ ਨੌਜਵਾਨ ਨੂੰ ਕ੍ਰਿਪਾਨ ਸਮੇਤ ਅੰਦਰ ਜਾਣ ਤੋਂ ਰੋਕਣ ਦੇ ਮਾਮਲੇ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਕਰਾਰ ਦਿੱਤਾ ਹੈ ਅਤੇ ਸਬੰਧਤ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅੰਦਰ ਦੇਸ਼ ਦੇ ਹਰ ਨਾਗਰਿਕ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ’ਤੇ ਪਹਿਰਾ ਦੇਣ ਦੀ ਖੁੱਲ੍ਹ ਹੈ ਪਰ ਇਸ ਦੇ ਬਾਵਜੂਦ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ’ਤੇ ਸਵਾਲ ਉਠਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਹਵਾਈ ਅੱਡਿਆਂ ’ਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਕ੍ਰਿਪਾਨ ਪਹਿਣ ਕੇ ਜਾਣ ’ਤੇ ਪਾਬੰਧੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਵਿਰੋਧ ਮਗਰੋਂ ਮੰਤਰਾਲੇ ਨੇ ਵਾਪਸ ਲਿਆ ਸੀ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਦੇ ਇਕ ਮੈਟਰੋ ਸਟੇਸ਼ਨ ’ਤੇ ਅੰਮ੍ਰਿਤਧਾਰੀ ਨੌਜਵਾਨ ਨੂੰ ਇਕ ਪੁਲੀਸ ਮੁਲਾਜ਼ਮ ਵੱਲੋਂ ਕ੍ਰਿਪਾਨ ਉਤਾਰ ਕੇ ਉਸ ਦਾ ਸਾਈਜ਼ ਚੈੱਕ ਕਰਵਾਉਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਵੱਡੀ ਗਿਣਤੀ ਸਿੱਖ ਵਸਦੇ ਹਨ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਰਾਜਧਾਨੀ ਦੇ ਕਿਸੇ ਵੀ ਨਾਗਰਿਕ ਨੂੰ ਭੁਲੇਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਹੈ ਤੇ ਮੁਲਜ਼ਮ ਪੁਲੀਸ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਗ੍ਰਹਿ ਮੰਤਰਾਲੇ ਤੇ ਦਿੱਲੀ ਸਰਕਾਰ ਨੂੰ ਪੱਤਰ ਭੇਜਿਆ ਜਾਵੇਗਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਵਿਧਾਇਕਾਂ ਦੀ ਭਰਵੀਂ ਹਾਜ਼ਰੀ ਨਾਲ ਵਿਸ਼ੇਸ਼ ਸੈਸ਼ਨ ਨੂੰ ਚੜ੍ਹਿਆ ਨਵਾਂ ਰੰਗ
Next articleਆਰਥਿਕ ਸੰਕਟ ’ਚ ਡੁੱਬੇ ਸ੍ਰੀਲੰਕਾ ’ਚ ਜਨਤਕ ਰੋਹ ਕਾਰਨ ਰਾਸ਼ਟਰਪਤੀ ਨੇ ਐਮਰਜੰਸੀ ਲਗਾਈ