ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਜਾਂਚ ਜਾਰੀ ਰੱਖਣ ਦੀ ਮੁੰਬਈ ਪੁਲੀਸ ਨੂੰ ਇਜਾਜ਼ਤ ਦਿੱਤੀ ਹੈ। ਉਂਜ ਸਿਖਰਲੀ ਅਦਾਲਤ ਨੇ ਪਰਮਬੀਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਮਾੜੇ ਵਤੀਰੇ ਦੇ ਦੋਸ਼ਾਂ ਤਹਿਤ ਦਰਜ ਐੱਫਆਈਆਰਜ਼ ਲਈ ਪੁਲੀਸ ਨੂੰ ਚਾਰਜਸ਼ੀਟਾਂ ਦਾਖ਼ਲ ਕਰਨ ਤੋਂ ਰੋਕ ਦਿੱਤਾ ਹੈ। ਜਸਟਿਸ ਐੱਸ ਕੇ ਕੌਲ ਅਤੇ ਐੱਮ ਐੱਮ ਸੁੰਦਰੇਸ਼ ਨੇ ਸੀਬੀਆਈ ਨੂੰ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਉਸ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਜਾਣੀ ਚਾਹੀਦੀ ਹੈ ਜਾਂ ਨਹੀਂ। ਸੀਬੀਆਈ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਐੱਫਆਈਆਰਜ਼ ਕੇਂਦਰੀ ਜਾਂਚ ਏਜੰਸੀ ਹਵਾਲੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਉਹ ਇਸ ਬਾਰੇ ਹਲਫ਼ਨਾਮਾ ਦਾਖ਼ਲ ਕਰਨਗੇ।
ਮਹਾਰਾਸ਼ਟਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਡੇਰੀਅਸ ਕੰਬਾਟਾ ਨੇ ਕਿਹਾ ਕਿ ਪਰਮਬੀਰ ਸਿੰਘ ਦੀ ਪਟੀਸ਼ਨ ਵਿਭਾਗੀ ਜਾਂਚਾਂ ਖ਼ਿਲਾਫ਼ ਸੇਵਾ ਵਿਵਾਦਾਂ ਨੂੰ ਲੈ ਕੇ ਹੈ ਜਿਸ ਨੂੰ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ (ਕੈਟ) ਅੱਗੇ ਚੁਣੌਤੀ ਦਿੱਤੀ ਜਾਣੀ ਚਾਹੀਦੀ ਹੈ। ਪਰਮਬੀਰ ਸਿੰਘ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੁਨੀਤ ਬਾਲੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਹਾਰਾਸ਼ਟਰ ਸਰਕਾਰ ਸਾਬਕਾ ਪੁਲੀਸ ਕਮਿਸ਼ਨਰ ਖ਼ਿਲਾਫ਼ ‘ਮਾੜੀ ਭਾਵਨਾ’ ਨਾਲ ਕੰਮ ਕਰ ਰਹੀ ਹੈ। ਸਿਖਰਲੀ ਅਦਾਲਤ ਨੇ ਪਰਮਬੀਰ ਸਿੰਘ ਦੀ ਅੰਤਰਿਮ ਰਾਹਤ ਪਹਿਲੀ ਜਨਵਰੀ, 2022 ਤੱਕ ਵਧਾ ਦਿੱਤੀ ਅਤੇ ਉਸ ਦਿਨ ਇਸ ਕੇਸ ਦੀ ਅੱਗੇ ਸੁਣਵਾਈ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly