ਪਿੰਡ ਬੂਲਪੁਰ ਦੇ ਚੌਗਿਰਦੇ ਨੂੰ ਨਵੇਂ ਰੂਪ ਵਿੱਚ ਵੇਖ ਕੇ ਪ੍ਰੋ ਸੁਖਪਾਲ ਸਿੰਘ ਨੇ ਕੀਤੀ ਖੁ਼ਸੀ ਜ਼ਾਹਿਰ

ਕੈਪਸ਼ਨ-ਪ੍ਰੋਫੈਸਰ ਸੁਖਪਾਲ ਸਿੰਘ ਥਿੰਦ ਬਾਬਾ ਬੀਰ ਸਿੰਘ ਲਾਇਬ੍ਰੇਰੀ ਦੇ ਸੰਸਥਾਪਕ ਸਾਧੂ ਸਿੰਘ ਬੂਲਪੁਰ ਤੇ ਰਣਜੀਤ ਸਿੰਘ ਥਿੰਦ ਨੂੰ ਕੀਮਤੀ ਕਿਤਾਬਾਂ ਲੋਕਾਂ ਦੇ ਪੜ੍ਹਨ ਲਈ ਸੌਪਦੇ ਹੋਏ ਤੇ ਹੋਰ

ਫੁੱਲਾਂ ਦੀ ਫ਼ਸਲ ” ਪੁਸਤਕ ਤੇ ਹੋਰ ਸਾਹਿਤਕ ਸਮੱਗਰੀ ਪਿੰਡ ਦੀ ਲਾਇਬ੍ਰੇਰੀ ਨੂੰ ਕੀਤੀ ਭੇਂਟ

ਇਲਾਕੇ ਦੇ ਹਰ ਵਰਗ ਦੇ ਲੋਕਾਂ ਨੂੰ ਗਿਆਨ ਵੰਡ ਰਹੀ ਹੈ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ -ਪ੍ਰੋ. ਥਿੰਦ 

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਕਪੂਰਥਲਾ  ਜ਼ਿਲ੍ਹੇ ਦੇ ਪਿੰਡ ਬੂਲਪੁਰ ਵਿਖੇ ਇਲਾਕੇ ਦੇ ਹਰ ਵਰਗ ਦੇ ਲੋਕਾਂ ਨੂੰ ਗਿਆਨ ਵੰਡਣ ਵਿਚ ਸਹਾਈ ਹੋ ਰਹੀ ਨਿਸ਼ਕਾਮ ਸੇਵਾ ਵਜੋਂ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਆਪਣੀ ਮਿਸਾਲ ਆਪ ਹੈ । ਇਹ ਵਿਚਾਰ ਆਪਣੇ ਪਿੰਡ ਬੂਲਪੁਰ ਪੁੱਜੇ ਨਾਮਵਰ ਲੇਖਕ ਤੇ ਪ੍ਰਸਿੱਧ  ਸਾਹਿਤਕਾਰ ਪ੍ਰੋ. ਸੁਖਪਾਲ ਸਿੰਘ ਥਿੰਦ ਨੇ ਇਸ ਲਾਇਬਰੇਰੀ ਦਾ ਜਾਇਜਾ ਲੈਣ ਉਪਰੰਤ ਪ੍ਰਗਟਾਏ। ਪਿੰਡ ਬੂਲਪੁਰ ਦੇ ਹੀ ਜੰਮਪਲ ਪ੍ਰੋ. ਸੁਖਪਾਲ ਸਿੰਘ ਥਿੰਦ ਨੇ ਇਸ ਸਮੇਂ ਆਪਣੇ ਸਾਹਿਤਕ ਹਲਕਿਆਂ ਵਿੱਚ ਬੇਹੱਦ ਮਾਣ ਸਤਿਕਾਰ ਪ੍ਰਾਪਤ ਕਿਤਾਬਾਂ “ਫੁੱਲਾਂ ਦੀ ਫ਼ਸਲ “, ਤੇ ਹੋਰ ਸਾਹਿਤਕ ਸਮੱਗਰੀ  ਲਾਇਬ੍ਰੇਰੀ ਦੇ ਸੰਸਥਾਪਕ ਸਾਧੂ ਸਿੰਘ ਬੂਲਪੁਰ ਸੇਵਾ ਮੁਕਤ ਬਲਾਕ ਸਿੱਖਿਆ ਅਫਸਰ ਤੇ ਇਲਾਕੇ ਦੇ ਪ੍ਰਸਿੱਧ ਸ਼ਬਜੀ ਉਤਪਾਦਕ ਰਣਜੀਤ ਸਿੰਘ ਥਿੰਦ , ਪ੍ਰਸਿੱਧ ਸਮਾਜ ਸੇਵਕ ਸੁਦੇਸ਼ ਕੁਮਾਰ ਜ਼ੋਸੀ ਨੂੰ ਭੇਂਟ ਕੀਤੀ ਅਤੇ ਉਨ੍ਹਾਂ ਵੱਲੋਂ ਇਲਾਕੇ ਦੇ ਲੋਕਾਂ ਦੀ ਭਲਾਈ ਲ਼ਈ ਆਪਣੇ ਖਰਚੇ ਤੇ ਚਲਾਈ ਲਾਇਬ੍ਰੇਰੀ ਦੀ ਮਹਾਨ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ । ਉਨ੍ਹਾਂ ਆਪਣੇ ਪਿੰਡ ਦੇ ਬਚਪਨ ‘ਚ ਦੇਖੀਆਂ ਥਾਂਵਾਂ ਦੇ ਹੋਏ ਵਿਕਾਸ ਤੇ ਰਸਤਿਆਂ ਦੀ ਫੁੱਲ ਬੂਟਿਆਂ ਨਾਲ ਕੀਤੀ ਸਜਾਵਟ ਦੀ ਵੀ ਭਰਪੂਰ ਸ਼ਲਾਘਾ ਕੀਤੀ ਤੇ ਪਿੰਡ ਦੇ ਚੌਗਿਰਦੇ ਨੂੰ ਨਵੇਂ ਰੂਪ ਵਿੱਚ ਵੇਖ ਕੇ ਖ਼ੁਸ਼ੀ ਜਾਹਿਰ ਕੀਤੀ । ਪ੍ਰੋਫੈਸਰ ਸੁਖਪਾਲ ਸਿੰਘ ਥਿੰਦ ਨੇ  ਕਿਹਾ ਕਿ ਮੇਰਾ ਆਪਣੀ ਜਨਮ ਭੂਮੀ ਨਾਲ ਮੋਹ ਹੋਰ ਵੀ ਵਧਿਆ ਹੈ ।

ਇਸ ਸਮੇਂ ਸਾਬਕਾ ਬਲਾਕ ਸਿੱਖਿਆ ਅਫਸਰ ਸਾਧੂ ਸਿੰਘ ਬੂਲਪੁਰ ਤੇ ਰਣਜੀਤ ਸਿੰਘ ਥਿੰਦ ਨੇ ਪ੍ਰੋਫੈਸਰ ਸੁਖਪਾਲ ਸਿੰਘ ਥਿੰਦ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪ੍ਰੋਫੈਸਰ ਸਾਹਿਬ ਦਾ ਨਾਮ ਸਾਹਿਤਕ ਹਲਕਿਆਂ ਵਿੱਚ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ । ਕਿਉਂਕਿ ਪ੍ਰੋਫੈਸਰ ਸਾਹਿਬ ਇਸ ਤੋਂ ਪਹਿਲਾਂ ਆਪਣੀਆਂ ਕਿਤਾਬਾਂ ” ਲੰਡਨ ਨੂੰ ਮਿਲਦਿਆਂ”,”ਕੈਨੇਡਾ ਇੱਕ ਬਾਗ”, “ਬਹੁਰੰਗੀ ਸਫ਼ਰਨਾਮਿਆਂ” ਅਤੇ  ਬਿਰਤਾਂਤ ਸ਼ਾਸਤਰ ਉਤਰ-ਆਧੁਨਿਕ ਪਰਿਪੇਖ,ਹੀਰ ਵਾਰਿਸ ਸ਼ਾਹ  ਬਿਰਤਾਂਤ-ਸ਼ਾਸਤਰੀ ਪਰਿਪੇਖ ਤੇ ਪੰਜਾਬੀ ਗਲਪ ਦੇ ਆਰ -ਪਾਰ ਆਦਿ ਰਾਹੀਂ ਪੰਜਾਬੀ ਜਗਤ ਵਿੱਚ ਆਪਣੀ ਨਿੱਗਰ ਅਤੇ ਨਿਵੇਕਲੀ ਹੋਂਦ-ਹਸਤੀ ਦਾ ਸਿੱਕਾ ਮੰਨਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪ੍ਰੋਫੈਸਰ ਸੁਖਪਾਲ ਸਿੰਘ ਥਿੰਦ ਦੇ ਪਲੇਠੇ ਕਹਾਣੀ ਸੰਗ੍ਰਹਿ ਫੁੱਲਾਂ ਦੀ ਫ਼ਸਲ ਨੇ ਪੰਜਾਬੀ ਸਾਹਿਤ ਜਗਤ ਵਿੱਚ ਵਿਸੇਸ਼ ਮਾਣ ਸਨਮਾਨ ਪ੍ਰਾਪਤ ਕੀਤਾ ਹੈ ।

ਇਸ ਸਮੇਂ ਰਣਜੀਤ ਸਿੰਘ ਥਿੰਦ ਬੂਲਪੁਰ ਨੇ ਦੱਸਿਆ ਕਿ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੇਵਾ ਮੁਕਤ ਬਲਾਕ ਸਿੱਖਿਆ ਅਫਸਰ ਸਾਧੂ ਸਿੰਘ ਬੂਲਪੁਰ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੇਖਰੇਖ ਹੇਠ ਚਲਾਈ ਜਾ ਰਹੀ ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਲਾਇਬ੍ਰੇਰੀ ਦੀ ਕੋਈ ਮੈਂਬਰਸ਼ਿਪ ਫ਼ੀਸ ਨਹੀਂ ਲਈ ਜਾ ਰਹੀ ਹੈ ਤੇ ਇਲਾਕੇ ਵਿੱਚੋਂ ਕੋਈ ਵੀ ਪਾਠਕ ਪੜ੍ਹਨ ਲਈ ਫਰੀ ਪੁਸਤਕਾਂ ਲਿਜਾ ਸਕਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਪੁਸਤਕਾਂ ਦੇਣ ਲਈ ਕੋਈ ਸਕਿਉਰਟੀ ਨਹੀਂ ਲਈ ਜਾਂਦੀ । ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਤਕਰੀਬਨ 4500 ਧਾਰਮਿਕ,ਇਤਿਹਾਸਕ, ਸਦਾਚਾਰਿਕ ਕਦਰਾਂ ਕੀਮਤਾਂ ਅਤੇ ਅਗਾਂਹ ਵਧੂ  ਸਾਹਿਤਕ ਪੁਸਤਕਾਂ ਮੌਜੂਦ ਹਨ । ਲਾਇਬ੍ਰੇਰੀ ਵਿੱਚ ਦਰਜਨ ਤੋਂ ਵੱਧ ਮੈਗਜ਼ੀਨ ਆਉਂਦੇ ਹਨ ਤੇ ਲਾਇਬ੍ਰੇਰੀ ਵਿੱਚ ਪੰਜ ਰੋਜ਼ਾਨਾ ਅਖ਼ਬਾਰ ਆਉਂਦੇ ਹਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਲੋਕ ਬੋਲੀਆਂ ਵਿੱਚ ਵੀਰ ਦਾ ਸੰਕਲਪ “
Next articleਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਭੰਡਾਲ ਬੇਟ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ