ਨਵੀਂ ਦਿੱਲੀ(ਸਮਾਜ ਵੀਕਲੀ): ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਅੱਜ ਰਾਜ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕੈਨੇਡਾ ਵਿੱਚ ਖ਼ਾਲਿਸਤਾਨ ਪੱਖੀ ਤੱਤਾਂ ਦਾ ਛੋਟਾ ਸਮੂਹ ਭਾਰਤ ਵਿਰੋਧੀ ਭਾਵਨਾਵਾਂ ਭੜਕਾ ਰਿਹਾ ਹੈ ਅਤੇ ਕੇਂਦਰ ਸਰਕਾਰ ਇਸ ਮੁੱਦੇ ’ਤੇ ਕੈਨੇਡਾ ਦੇ ਸੰਪਰਕ ਵਿੱਚ ਹੈ। ਉਨ੍ਹਾਂ ਉਪਰਲੇ ਸਦਨ ਨੂੰ ਦੱਸਿਆ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਦੁਵੱਲੇ ਸਬੰਧਾਂ ਦੇ ਆਧਾਰ ’ਤੇ ਭਾਰਤ ਤੇ ਕੈਨੇਡਾ ਦੀ ਪ੍ਰਭੁਸੱਤਾ, ੲੇਕਤਾ ਤੇ ਪ੍ਰਾਦੇਸ਼ਿਕ ਅਖੰਡਤਾ ਦੇ ਸਤਿਕਾਰ ਲਈ ਮੌਲਿਕ ਸਿਧਾਂਤਾਂ ਨੂੰ ਮਾਨਤਾ ਦਿੱਤੀ ਹੈ।
ਮੁਰਲੀਧਰਨ ਨੇ ਕਿਹਾ, ‘‘ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਬਹੁਗਿਣਤੀ ਲੋਕਾਂ ਦੀ ਭਾਰਤ ਨਾਲ ਨਿੱਘੀ ਭਾਵੁਕ ਸਾਂਝ ਹੈ ਤੇ ਉਹ ਭਾਰਤ ਤੇ ਕੈਨੇਡਾ ਦਰਮਿਆਨ ਸਬੰਧਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਕੈਨੇਡਾ ਵਿੱਚ ਕੁਝ ਖ਼ਾਲਿਸਤਾਨ ਪੱਖੀ ਛੋਟੇ ਸਮੂਹ ਹਨ, ਜੋ ਆਪਣੇ ਕੱਟੜਵਾਦੀ ਬਿਆਨਾਂ ਤੇ ਸਰਗਰਮੀਆਂ ਨਾਲ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾ ਰਹੇ ਹਨ।’’ ਵਿਦੇਸ਼ ਰਾਜ ਮੰਤਰੀ ਨੇ ਕਿਹਾ, ‘‘ਕੱਟੜਵਾਦੀ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਭਾਰਤ ਵਿਰੋਧੀ ਸਰਗਰਮੀਆਂ ਬਾਰੇ ਆਪਣੇ ਫ਼ਿਕਰਾਂ ਨੂੰ ਮੁਖਾਤਿਬ ਹੋਣ ਲਈ ਭਾਰਤ ਸਰਕਾਰ ਨੇ ਆਪਣੇ ਕੈਨੇਡਿਆਈ ਹਮਰੁਤਬਾਵਾਂ ਨਾਲ ਨੇੜਿਓਂ ਰਾਬਤਾ ਬਣਾਇਆ ਹੋਇਆ ਹੈ।’’
ਮੁਰਲੀਧਰਨ ਨੇ ਕਿਹਾ ਕਿ ਸਰਕਾਰ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਦੇ ਸੰਪਰਕ ਵਿੱਚ ਹੈ ਤੇ ਭਾਈਚਾਰੇ ਨਾਲ ਮਜ਼ਬੂਤ ਸਾਂਝ ਬਣਾ ਕੇ ਰੱਖਣ ਲਈ ਲਗਾਤਾਰ ਯਤਨ ਕਰਨਾ, ਉਸ ਦੀ ਨੀਤੀ ਦਾ ਹਿੱਸਾ ਹੈ। ਇਕ ਵੱਖਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਤੇ ਜਾਪਾਨ ਨੇ ੲੇਸ਼ੀਆ ਅਫ਼ਰੀਕਾ ਵਿਕਾਸ ਲਾਂਘੇ ਲਈ 10 ਅਰਬ ਅਮਰੀਕੀ ਡਾਲਰ ਖਰਚਣ ਸਬੰਧੀ ਕੋਈ ਇਕਰਾਰ ਜਾਂ ਵਾਅਦਾ ਨਹੀਂ ਕੀਤਾ। ਉਨ੍ਹਾਂ 2017 ਵਿੱਚ ਭਾਰਤ-ਜਾਪਾਨ ਸਾਂਝੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਏਸ਼ੀਆ ਤੇ ਅਫ਼ਰੀਕਾ ਦੀ ਤਰੱਕੀ ਲਈ ਸਨਅਤੀ ਲਾਂਘਿਆਂ ਤੇ ਸਨਅਤੀ ਨੈੱਟਵਰਕਾਂ ਨੂੰ ਵਿਕਸਤ ਕਰਨ ਦੇ ਯਤਨਾਂ ਦਾ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਸਾਂਝੇ ਬਿਆਨ ਵਿੱਚ ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਅਫ਼ਰੀਕਾ ਸਣੇ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਕੁਨੈਕਟੀਵਿਟੀ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਮਜ਼ਬੂਤ ਵਚਨਬੱਧਤਾ ਜ਼ਾਹਿਰ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly