ਭੀਮਾ ਕੋਰੇਗਾਂਓਂ ਅਤੇ ਹੋਰਨਾਂ ਝੂਠੇ ਕੇਸਾਂ ਹੇਠ ਨਜ਼ਰਬੰਦ ਤਮਾਮ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਕੀਤੀ ਮੰਗ
ਬਰਨਾਲਾ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸਮਾਜਿਕ ਕਾਰਕੁਨ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋ.ਜੀ.ਐਨ ਸਾਈ ਬਾਬਾ ਦੀ ਮੌਤ ਉਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਹਕੂਮਤੀ ਜ਼ਬਰ ਹੇਠ ਇਕ ਯੋਜਨਾਬੱਧ ਨਿਆਂਇਕ ਕਤਲ ਕਰਾਰ ਦਿੱਤਾ ਹੈ ਅਤੇ ਉਸਨੂੰ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਦਸ ਸਾਲ ਨਜਾਇਜ਼ ਜੇਲ੍ਹ ਵਿੱਚ ਰੱਖਣ ਅਤੇ ਯੋਗ ਇਲਾਜ ਨਾ ਕਰਵਾਉਣ ਲਈ ਜ਼ਿੰਮੇਵਾਰ ਪੁਲਿਸ ਅਤੇ ਜਾਂਚ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਸੁਪਰੀਮ ਕੋਰਟ ਤੋਂ ਜ਼ੋਰਦਾਰ ਮੰਗ ਕੀਤੀ ਹੈ।
ਇਸ ਸੰਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ,ਹੇਮ ਰਾਜ ਸਟੈਨੋਂ, ਬਲਬੀਰ ਲੌਂਗੋਵਾਲ,ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਤਰਕਸ਼ੀਲ ਭਵਨ ਬਰਨਾਲਾ ਤੋਂ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਪ੍ਰੋ.ਸਾਈ ਬਾਬਾ ਦੀ ਕਿਸੇ ਵੀ ਮਾਓਵਾਦੀ ਹਿੰਸਾ ਵਿੱਚ ਸਿੱਧੀ ਜਾਂ ਅਸਿੱਧੀ ਸ਼ਮੂਲੀਅਤ ਸਾਬਤ ਨਾ ਹੋਣ ਦੇ ਬਾਵਜੂਦ ਪੁਲਿਸ ਅਤੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਉਸਨੂੰ ਅਤੇ ਪੰਜ ਹੋਰਨਾਂ ਸਮਾਜਿਕ ਕਾਰਕੁਨਾਂ ਨੂੰ ਯੂ ਏ ਪੀ ਏ ਤਹਿਤ ਦਰਜ ਕੀਤੇ ਝੂਠੇ ਕੇਸ ਵਿਚ ਝੂਠੇ ਸਬੂਤ ਘੜ ਕੇ ਇਕ ਸਾਜਿਸ਼ ਹੇਠ ਉਮਰ ਕੈਦ ਦੀ ਨਜਾਇਜ਼ ਸਜ਼ਾ ਦਿਵਾਈ ਗਈ ਅਤੇ ਉਸਨੂੰ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਦਸ ਸਾਲ ਨਾਗਪੁਰ ਦੀ ਕੇਂਦਰੀ ਜੇਲ੍ਹ ਦੇ ਅੰਡਾ ਸੈਲ ਵਿਚ ਨਜਾਇਜ਼ ਨਜ਼ਰਬੰਦ ਕਰਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ।
ਸੂਬਾ ਕਮੇਟੀ ਮੈਂਬਰਾਂ ਰਾਜੇਸ਼ ਅਕਲੀਆ,ਜਸਵਿੰਦਰ ਫਗਵਾੜਾ,ਜਸਵੰਤ ਮੋਹਾਲੀ,ਅਜੀਤ ਪ੍ਰਦੇਸੀ, ਜੋਗਿੰਦਰ ਕੁੱਲੇਵਾਲ,ਗੁਰਪ੍ਰੀਤ ਸ਼ਹਿਣਾ, ਸੰਦੀਪ ਧਾਰੀਵਾਲ ਭੋਜਾਂ ਅਤੇ ਜੋਨ ਮੁਖੀ ਮਾਸਟਰ ਪਰਮਵੇਦ ਨੇ ਮੋਦੀ ਸਰਕਾਰ ‘ਤੇ ਕੇਂਦਰੀ ਜਾਂਚ ਏਜੰਸੀਆਂ ਅਤੇ ਨਿਆਂਪਾਲਿਕਾ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆ ਕਿਹਾ ਕਿ ਪ੍ਰੋ.ਸਾਈਬਾਬਾ ਜੋ ਕਿ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ,ਨੂੰ ਰਾਈਟਸ ਆਫ ਪਰਸਨਜ਼ ਵਿਦ ਡਿਸਅਬਿਲਟੀ ਐਕਟ-2016 ਤਹਿਤ ਮਿਲੇ ਵਿਸ਼ੇਸ਼ ਮੌਲਿਕ ਅਧਿਕਾਰਾਂ ਅਨੁਸਾਰ ਵਿਸ਼ੇਸ਼ ਰਾਹਤ ਦੇ ਕੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਸੀ ਪਰ ਨਾ ਤਾਂ ਜੇਲ੍ਹ ਪ੍ਰਸ਼ਾਸਨ ਵਲੋਂ ਉਨ੍ਹਾਂ ਦਾ ਯੋਗ ਆਧੁਨਿਕ ਡਾਕਟਰੀ ਇਲਾਜ ਕਰਵਾਇਆ ਗਿਆ ਅਤੇ ਨਾ ਹੀ ਉੱਚ ਨਿਆਂਪਾਲਿਕਾ ਵੱਲੋਂ ਉਨ੍ਹਾਂ ਨੂੰ ਮੈਡੀਕਲ ਆਧਾਰ ਤੇ ਕੋਈ ਰਾਹਤ ਦਿੱਤੀ ਗਈ ਅਤੇ ਅਜਿਹੀ ਕਰੂਰਤਾ ਹੀ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਹੈ।
ਉਨ੍ਹਾਂ ਮੋਦੀ ਸਰਕਾਰ ਉਤੇ ਦੋਸ਼ ਲਾਇਆ ਕਿ ਉਹ ਦੇਸ਼ ਦੇ ਜਲ,ਜੰਗਲ,ਜ਼ਮੀਨ, ਪਹਾੜਾਂ ਅਤੇ ਧਰਤੀ ਹੇਠਲੇ ਕੁਦਰਤੀ ਖਣਿਜ ਪਦਾਰਥਾਂ ਦੀ ਕਾਰਪੋਰੇਟ ਘਰਾਣਿਆਂ ਤੋਂ ਅੰਨੀ ਲੁੱਟ ਅਤੇ ਕਬਜਾ ਕਰਵਾਉਣ ਲਈ ਇਸਦਾ ਵਿਰੋਧ ਕਰਨ ਵਾਲੇ ਸਮਾਜਿਕ ਕਾਰਕੁਨਾਂ ਨੂੰ ਇਕ ਸਾਜਿਸ਼ ਹੇਠ ਅਣਮਿੱਥੇ ਸਮੇਂ ਲਈ ਜੇਲ੍ਹਾਂ ਵਿਚ ਸੁੱਟ ਕੇ ਮਾਰਨਾ ਚਾਹੁੰਦੀ ਹੈ ਅਤੇ ਇਸੇ ਹਕੂਮਤੀ ਜ਼ਬਰ ਹੇਠ ਸਮਾਜਿਕ ਕਾਰਕੁਨ ਸਟੇਨ ਸਵਾਮੀ, ਪਾਂਡੂ ਨਰੋਟੇ ਅਤੇ ਪ੍ਰੋ ਸਾਈਬਾਬਾ ਦਾ ਨਿਆਂਇਕ ਕਤਲ ਕੀਤਾ ਗਿਆ ਹੈ।
ਤਰਕਸ਼ੀਲ ਆਗੂਆਂ ਨੇ ਪੰਜਾਬ ਅਤੇ ਦੇਸ਼ ਦੀਆਂ ਸਮੂਹ ਲੋਕਪੱਖੀ ਅਤੇ ਇਨਸਾਫ਼ ਪਸੰਦ ਜਮਹੂਰੀ ਤੇ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਭੀਮਾ ਕੋਰੇਗਾਓਂ ਹਿੰਸਾ ਦੇ ਝੂਠੇ ਕੇਸ ਸਮੇਤ ਜੇਲ੍ਹਾਂ ਵਿੱਚ ਨਜਾਇਜ਼ ਨਜ਼ਰਬੰਦ ਸਾਰੇ ਬੁੱਧੀਜੀਵੀਆਂ, ਵਕੀਲਾਂ,ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਇਕ ਸਾਂਝੇ ਮੰਚ ਤੋਂ ਮੋਦੀ ਸਰਕਾਰ ਦੇ ਖਿਲਾਫ ਜਨਤਕ ਪੱਧਰ ‘ਤੇ ਜ਼ੋਰਦਾਰ ਜਮਹੂਰੀ ਸੰਘਰਸ਼ ਕੀਤਾ ਜਾਵੇ।
ਸੂਬਾਈ ਮੀਡੀਆ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਸੁਮੀਤ ਅੰਮ੍ਰਿਤਸਰ
7696030173
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly