ਲਖਨਊ (ਸਮਾਜ ਵੀਕਲੀ): ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦੋਸ਼ ਲਾਇਆ ਕਿ ਉਨ੍ਹਾਂ ਦੇ ਬੱਚਿਆਂ ਦੇ ਇੰਸਟਾਗ੍ਰਾਮ ਅਕਾਊਂਟ ਤੱਕ ਹੈਕ ਕੀਤੇ ਜਾ ਰਹੇ ਹਨ। ਪ੍ਰਿਯੰਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਫੋਨ ਟੈਪਿੰਗ ਨੂੰ ਛੱਡੋ…ਮੇਰੇ ਬੱਚਿਆਂ ਦੇ ਇੰਸਟਾਗ੍ਰਾਮ ਅਕਾਊਂਟ ਤੱਕ ਹੈਕ ਹੋ ਰਹੇ ਹਨ। ਕੀ ਸਰਕਾਰ ਕੋਲ ਕੋਈ ਹੋਰ ਕੰਮ ਨਹੀਂ ਹੈ?’ ਜ਼ਿਕਰਯੋਗ ਹੈ ਕਿ ਸਪਾ ਪ੍ਰਧਾਨ ਅਖਿਲੇਸ਼ ਯਾਦਵ ਸਣੇ ਕਈ ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਏ ਹਨ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਨ੍ਹਾਂ ਦੇ ਫੋਨ ਸੁਣ ਰਹੇ ਹਨ ਤੇ ਟੈਪਿੰਗ ਕਰਵਾਈ ਜਾ ਰਹੀ ਹੈ।
ਪ੍ਰਿਯੰਕਾ ਨੇ ਨਾਲ ਹੀ ਦਾਅਵਾ ਕੀਤਾ ਕਿ ਉਨ੍ਹਾਂ ਦੀ ‘ਲੜਕੀ ਹੂੰ, ਲੜ ਸਕਤੀ ਹੂੰ’ ਮੁਹਿੰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਯਾਗਰਾਜ ਵਿਚ ਮਹਿਲਾਵਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਨ ਲਈ ਮਜਬੂਰ ਕਰ ਦਿੱਤਾ। ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਹਿਲਾਵਾਂ ਲਈ ਕੰਮ ਕਰਨਾ ਪਏਗਾ। ਉਹ ਮਹਿਲਾ ਸ਼ਕਤੀ ਅੱਗੇ ਝੁਕ ਗਏ ਹਨ। ਇਹ ਯੂਪੀ ਦੀਆਂ ਮਹਿਲਾਵਾਂ ਦੀ ਜਿੱਤ ਹੈ। ਉਧਰ ਪ੍ਰਿਯੰਕਾ ਦੇ ਪਤੀ ਰੌਬਰਟ ਵਾਡਰਾ ਨੇ ਕਿਹਾ ਕਿ ਉਹ ਬੱਚਿਆਂ ਦੇ ਇੰਸਟਾਗ੍ਰਾਮ ਖਾਤੇ ਹੈਕ ਕਰਨ ਦੇ ਮਾਮਲੇ ’ਚ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਬਦਲਾਖੋਰੀ ਲਈ ਬੱਚਿਆਂ ਨਾਲ ਇੰਜ ਨਹੀਂ ਕੀਤਾ ਜਾਣਾ ਚਾਹੀਦਾ ਹੈ। ਵਾਡਰਾ ਨੇ ਉਮੀਦ ਜਤਾਈ ਕਿ ਅਦਾਲਤ ਹੀ ਸਰਕਾਰ ਨੂੰ ਅਜਿਹੇ ਕਾਰਿਆਂ ਤੋਂ ਰੋਕ ਸਕਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly