ਇਕ ਸਧਾਰਣ ਵਿਅਕਤੀ ਦੇ ਆਪਣੀ ਭੈਣ ਨੂੰ ਅਫ਼ਸਰ ਬਣਾਉਣ ਦੀ ਸੋਚ ਪਿਛਲੀ ਦਮਦਾਰ ਕਹਾਣੀ ਹੈ ‘ਚੇਤਾ ਸਿੰਘ’
ਫ਼ਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ ) ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਤੋਂ ਕਰੜਾ ਸੰਘਰਸ਼ ਕਰਦਿਆਂ ਪੰਜਾਬੀ ਸਿਨੇਮਾ ’ਚ ਸਥਾਪਿਤ ਹੋਏ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੀ ਆਉਣ ਵਾਲੀ ਫ਼ਿਲਮ ‘ਚੇਤਾ ਸਿੰਘ’ ਨੂੰ ਲੈ ਕੇ ਐਮ.ਜੀ.ਐਮ.ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਅਤੇ ਏ-ਟੂ-ਜੈਡ ਸੈਲੂਸ਼ਨ ਫ਼ਰੀਦਕੋਟ ਵਿਖੇ ਆਪਣੀ ਟੀਮ ਨਾਲ ਵਿਜ਼ਿਟ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮਿਊਜ਼ਿਕ ਅੰਪਾਇਰ ਤੋਂ ਬਾਈ ਪਾਲ, ਸਾਗਾ ਮਿਊਜ਼ਿਕ ਤੋਂ ਨਵਰਾਜ ਸਿੰਘ, ਫ਼ਿਲਮੀ ਅਦਾਕਾਰ ਹਰਿੰਦਰ ਭੁੱਲਰ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਅਤੇ ਮਾਲਵਾ ਵਿਰਾਸਤ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ ਵੀ ਹਾਜ਼ਰ ਸਨ। ਇਸ ਮੌਕੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਅਦਾਕਾਰੀ ਦਾ ਸਫ਼ਰ ਫ਼ਰੀਦਕੋਟ-ਕੋਟਕਪੂਰਾ ਤੋਂ ਸ਼ੁਰੂ ਕੀਤਾ। ਉਸ ਦਾ ਪਹਿਲਾਂ ਨਾਟਕ ਸੰਗ੍ਰਹਿ ‘ਜਦੋਂ ਚੰਨ ਰੋਟੀ ਲੱਗਦਾ ਹੈ’ ਪ੍ਰਕਾਸ਼ਿਤ ਹੋਇਆ। ਰੰਗਮੰਚ ਕਰਦਿਆਂ ਉਸ ਨੂੰ ਪਹਿਲੀ ਵਾਰ ਪੰਜਾਬ ਦੇ ਗਾਇਕ ਗੁਰਦਾਸ ਮਾਨ ਹੋਰਾਂ ਨਾਲ ‘ਚੱਕ ਜਵਾਨਾਂ’ ਫ਼ਿਲਮ ਕੰਮ ਕਰਨ ਦਾ ਮੌਕਾ ਮਿਲਿਆ, ਫ਼ਿਰ ਕੁੜੀ ਪੰਜਾਬ ਦੀ, ਪੰਛੀ, ਪੋਸਤੀ, ਸਿੱਧੂ ਆਫ਼ ਸਾਊਥਹਾਲ, ਰੁਤਬਾ, ਕਲੀ-ਜੋਟਾ ਸਮੇਤ ਬਹੁਤ ਸਾਰੀਆਂ ਫ਼ਿਲਮਾਂ ’ਚ ਕੰਮ ਦਾ ਮੌਕਾ ਮਿਲਿਆ। ਬਤੌਰ ਨਾਇਕ ਉਸ ਦੀ ਫ਼ਿਲਮ ‘ਵਾਰਨਿੰਗ’ ਨੂੰ ਸੰਸਾਰ ਪੱਧਰ ‘ਤੇ ਪਸੰਦ ਕੀਤਾ ਗਿਆ ਤੇ ਉਸ ਦੇ ਕਰੀਅਰ ’ਚ ਅਜਿਹਾ ਟਰਨਿੰਗ ਪੁਆਇੰਟ ਆਇਆ। ਪ੍ਰਿੰਸ ਕੰਵਲਜੀਤ ਸਿੰਘ ਨੇ ਦੱਸਿਆ ਕਿ ਹੁਣ 1 ਸਤੰਬਰ ਨੂੰ ਉਸ ਦੀ ਬਤੌਰ ਨਾਇਕ ਫ਼ਿਲਮ ’ਚੇਤਾ ਸਿੰਘ’ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਸਾਡੀ ਰਿਸ਼ਤਿਆਂ ਵਿਚਲੀ ਪਵਿੱਤਰਤਾ ਨੂੰ ਬਿਆਨ ਕਰਨ, ਆਮ ਆਦਮੀ ਦੇ ਅਹਿਸਾਸਾਂ ਨੂੰ ਬਿਆਨ ਕਰਨ ਵਾਸਤੇ ਸਖ਼ਤ ਮਿਹਨਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਸਧਾਰਣ ਵਿਅਕਤੀ ਦੇ ਆਪਣੀ ਭੈਣ ਨੂੰ ਅਫ਼ਸਰ ਬਣਾਉਣ ਦੀ ਸੋਚ ਦੀ ਕਹਾਣੀ ਹੈ ‘ਚੇਤਾ ਸਿੰਘ’। ਇਸ ਨੂੰ ਸਾਗਾ ਸਟੂਡੀਓ ਨੇ ਪ੍ਰੋਡਿਊਸ ਕੀਤਾ ਹੈ। ਡਾਇਰੈਕਸ਼ਨ ਅਸ਼ੀਸ਼ ਕੁਮਾਰ ਦੀ ਹੈ। ਫ਼ਿਲਮ ’ਚ ਕਮਾਲ ਦਾ ਐਕਸ਼ਨ ਹੈ। ਉਨ੍ਹਾਂ ਦੱਸਿਆ ਕਿ 10 ਅਗਸਤ ਨੂੰ ਰਿਲੀਜ਼ ਹੋਏ ਫ਼ਿਲਮ ਦੇ ਟ੍ਰੇਲਰ ਨੂੰ ਹਰ ਪਾਸਿਓ ਵੱਡਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ’ਚ ਉਨ੍ਹਾਂ ਦੇ ਨਾਲ ਹੀਰੋਇਨ ਜਪੁਜੀ ਖਹਿਰਾ, ਮਹਾਂਬੀਰ ਭੁੱਲਰ, ਬਲਜਿੰਦਰ ਕੌਰ, ਇਰਵਨਮੀਤ ਕੌਰ, ਗੁਰਜੰਟ, ਗਰੀਮਾ ਜਿਹੇ ਸੁਲਝੇ ਅਦਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਫ਼ਿਲਮ ’ਚ ਬਹੁਤ ਸਾਰੀਆਂ ਅਜਿਹੀਆਂ ਪਰਤਾਂ ਹਨ ਜੋ ਹਰ ਵਰਗ ਦੇ ਦਰਸ਼ਕਾਂ ਨੂੰ ਮੰਨੋਰੰਜਨ ਦੇਣਗੀਆਂ। ਇਸ ਵਿਜ਼ਿਟ ਦੌਰਾਨ ਪ੍ਰਿੰਸ ਕੰਵਲਜੀਤ ਸਿੰਘ ਨੇ ਆਪਣੇ ਸੰਘਰਸ਼ ਦੇ ਦਿਨਾਂ ਦੀ ਦਾਸਤਾਨ ਸੁਣਾ ਕੇ ਵਿਦਿਆਰਥੀ ਵਰਗ ਨੂੰ ਉਚੇਚੇ ਤੌਰ ‘ਤੇ ਜੀਵਨ ’ਚ ਨਿਰੰਤਰ ਮਿਹਨਤ ਕਰਦੇ ਰਹਿਣ ਵਾਸਤੇ ਉਤਸ਼ਾਹਿਤ ਕੀਤਾ। ਇਸ ਮੌਕੇ ਸਾਹਿਤਕਾਰ/ਅਦਾਕਾਰ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਪਿ੍ਰੰਸੀਪਲ ਡਾ.ਐਸ.ਐਸ.ਬਰਾੜ, ਦੀਪੂ ਚੋਪੜਾ ਨੇ ਆਪੋ-ਆਪਣੇ ਅਦਾਰਿਆਂ ’ਚ ਫ਼ਿਲਮ ਦੀ ਟੀਮ ਦਾ ਸੁਆਗਤ ਕੀਤਾ। ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਏ-ਟੂ-ਜੈਡ ਸੈਲਿਊਸ਼ਨ ਫ਼ਰੀਦਕੋਟ ਵਿਖੇ ਟੀਮ ਨੂੰ ਸਨਮਾਨਿਤ ਕਰਦਿਆਂ ਫ਼ਿਲਮ ਦੀ ਕਾਮਯਾਬੀ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly