ਪ੍ਰਧਾਨ ਮੰਤਰੀ ਕਸ਼ਮੀਰ ਪੰਡਿਤਾਂ ਦੀਆਂ ਦੁੱਖ-ਤਕਲੀਫਾਂ ਵੱਲ ਧਿਆਨ ਦੇਣ: ਰਾਹੁਲ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ ਦਰਪੇਸ਼ ‘ਮੁਸ਼ਕਲਾਂ’ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਪੰਡਿਤ ਵਾਦੀ ਵਿੱਚ ਮੁੜਨਾ ਚਾਹੁੰਦੇ ਹਨ, ਪਰ ਉਹ ਸੁਰੱਖਿਆ ਗਾਰੰਟੀ ਦੀ ਮੰਗ ਕਰਦੇ ਹਨ। ਗਾਂਧੀ ਨੇ ਯੂਟੀ ਪ੍ਰਸ਼ਾਸਨ ’ਤੇ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਪ੍ਰਤੀ ‘ਅਸੰਵੇਦਨਸ਼ੀਲ’ ਪਹੁੰਚ ਅਪਣਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਪੱਤਰ ਵਿੱਚ ਦਹਿਸ਼ਤਗਰਦਾਂ ਵੱਲੋਂ ਕਸ਼ਮੀਰੀ ਪੰਡਿਤਾਂ ਤੇ ਹੋਰਨਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਏ ਜਾਣ ਦੀਆਂ ਹਾਲੀਆ ਘਟਨਾਵਾਂ ਦਾ ਵੀ ਮੁੱਦਾ ਰੱਖਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਵਾਦੀ ਵਿੱਚ ਖ਼ੌਫ਼ ਤੇ ਬੇਯਕੀਨੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।

ਰਾਹੁਲ ਗਾਂਧੀ ਨੇ ਪੱਤਰ ਵਿੱਚ ਲਿਖਿਆ ਕਿ ‘ਭਾਰਤ ਜੋੜੋ ਯਾਤਰਾ’ ਦੇ ਜੰਮੂ ਵਿਚੋਂ ਲੰਘਣ ਮੌਕੇ ਕਸ਼ਮੀਰੀ ਪੰਡਿਤਾਂ ਦਾ ਇਕ ਵਫ਼ਦ ਉਨ੍ਹਾਂ ਨੂੰ ਮਿਲਿਆ ਸੀ। ਗਾਂਧੀ ਨੇ ਕਿਹਾ, ‘‘ਉਨ੍ਹਾਂ (ਕਸ਼ਮੀਰੀ ਪੰਡਿਤਾਂ) ਕਿਹਾ ਕਿ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਕਸ਼ਮੀਰ ਵਾਦੀ ਵਿੱਚ ਵਾਪਸ ਜਾ ਕੇ ਕੰਮ ਕਰਨ ਲਈ ਮਜਬੂਰ ਕਰ ਰਹੇ ਹਨ। ਇਨ੍ਹਾਂ ਹਾਲਾਤ ਵਿੱਚ, ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਤੋਂ ਉਨ੍ਹਾਂ ਨੂੰ ਵਾਦੀ ਵਿੱਚ ਵਾਪਸ ਜਾਣ ਲਈ ਕਹਿਣਾ ਦਰਦਨਾਕ ਫੈਸਲਾ ਹੈ।’’ ਪ੍ਰਧਾਨ ਮੰਤਰੀ ਨੂੰ ਹਿੰਦੀ ਵਿੱਚ ਕੀਤੇ ਟਵੀਟ ’ਚ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਦੋਂ ਤੱਕ ਹਾਲਾਤ ਵਿੱਚ ਸੁਧਾਰ ਨਹੀਂ ਹੁੰਦਾ, ਸਰਕਾਰ ਇਨ੍ਹਾਂ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਤੋ ਹੋਰ ਪ੍ਰਸ਼ਾਸਨਿਕ ਤੇ ਲੋਕਾਂ ਨਾਲ ਜੁੜੇ ਕੰਮ ਲੈ ਸਕਦੀ ਹੈ।’’ ਰਾਹੁਲ ਨੇ ਕਿਹਾ, ‘‘ਅਜਿਹੇ ਸਮੇਂ ਜਦੋਂ ਕਸ਼ਮੀਰੀ ਪੰਡਿਤ ਆਪਣੀ ਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਮਿੰਨਤਾਂ ਤਰਲੇ ਕੱਢ ਰਹੇ ਹਨ ਤੇ ਉਨ੍ਹਾਂ ਨੂੰ ਸਰਕਾਰ ਤੋਂ ਹਮਦਰਦੀ ਤੇ ਸਨੇਹ ਦੀ ਤਵੱਕੋ ਹੈ, ਉਪ ਰਾਜਪਾਲ ਵੱਲੋਂ ਕਸ਼ਮੀਰੀ ਪੰਡਿਤਾਂ ਬਾਰੇ ‘ਭਿਖਾਰੀ’ ਜਿਹੇ ਸ਼ਬਦ ਵਰਤਣਾ ਗੈਰਜ਼ਿੰਮੇਵਰਾਨਾ ਵਤੀਰਾ ਹੈ। ਪ੍ਰਧਾਨ ਮੰਤਰੀ, ਸ਼ਾਇਦ ਤੁਸੀਂ ਪ੍ਰਸ਼ਾਸਨ ਦੀ ਕੰਮ ਕਰਨ ਦੀ ਇਸ ਅਸੰਵੇਦਨਸ਼ੀਲ ਸ਼ੈਲੀ ਤੋਂ ਜਾਣੂ ਨਾ ਹੋਵੋ।’’

 

Previous articleਕੌਲਿਜੀਅਮ ਵੱਲੋਂ ਭੇਜੇ ਨਾਵਾਂ ਨੂੰ ਹਰੀ ਝੰਡੀ ਦੇਣ ਵਿੱਚ ਦੇਰੀ ‘ਗੰਭੀਰ ਮਸਲਾ’: ਸੁਪਰੀਮ ਕੋਰਟ
Next articleਝਾਰਖੰਡ ਹਾਈ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਰਾਹਤ