ਕਪੂਰਥਲਾ ( ਕੌੜਾ) ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲਾਂ ਦੀਆਂ ਪੋਸਟਾਂ ਨੂੰ ਸਰਪਲੱਸ ਕਰਕੇ ਪ੍ਰਾਇਮਰੀ ਸਿੱਖਿਆ ਨੂੰ ਖ਼ਤਮ ਕੀਤੇ ਜਾਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਗੋਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੁਖਦੇਵ ਸਿੰਘ ਬੂਲਪੁਰ, ਅਜ਼ੇ ਸ਼ਰਮਾ, ਕੰਵਰਦੀਪ ਸਿੰਘ ਕੇ.ਡੀ, ਅਸ਼ਵਨੀ ਕੁਮਾਰ, ਕੁਲਦੀਪ ਠਾਕੁਰ ਨੇ ਕਿਹਾ ਕਿ ਵਿਭਾਗ ਦਾ ਇਹ ਕਾਰਾ ਪ੍ਰਾਇਮਰੀ ਸਿੱਖਿਆ ਲਈ ਨੁਕਸਾਨਦਾਇਕ ਸਾਬਤ ਹੋਵੇਗਾ। ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਅਜਿਹੀ ਕੋਈ ਚਰਚਾ ਨਹੀਂ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਪਹਿਲਾਂ ਤਰੱਕੀਆਂ ਕੀਤੀਆਂ ਜਾਣਗੀਆਂ ਤੇ ਫਿਰ ਖ਼ਾਲੀ ਆਸਾਮੀਆਂ ਤੇ ਨਵੀਂ ਭਰਤੀ ਕੀਤੀ ਜਾਵੇਗੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਹੈ। ਜਿਸ ਕਾਰਨ ਸਮੁੱਚੇ ਪੰਜਾਬ ਦੇ ਅਧਿਆਪਕਾਂ ਵਿਚ ਸਰਕਾਰ ਅਤੇ ਵਿਭਾਗ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਚੁੱਪ ਚਪੀਤੇ ਹੀ ਵਿਭਾਗ ਨੇ ਬਿਨਾਂ ਦੱਸੇ ਹੀ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਸਕੂਲਾਂ ਦੀਆਂ ਪੋਸਟਾਂ ਨੂੰ ਸਰਪਲੱਸ ਕਰ ਦਿੱਤਾ। ਆਗੂਆਂ ਨੇ ਇਸ ਮੌਕੇ ਮੰਗ ਕੀਤੀ ਕਿ ਸਕੂਲਾਂ ਵਿੱਚ ਵਧੀਆ ਮਾਹੌਲ ਸਿਰਜਣ ਲਈ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ,ਜਮਾਤਵਾਰ ਅਧਿਆਪਕ ਦਿੱਤੇ ਜਾਣ ਅਤੇ ਵਿਦਿਆਰਥੀ -ਅਧਿਆਪਕ 1:20 ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣਾ ਤਰੁੰਤ ਬੰਦ ਕੀਤਾ ਜਾਵੇ।
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly