(ਸਮਾਜ ਵੀਕਲੀ)
ਆਜੋ!ਇਕੱਮੁੱਠ ਹੋ ਜੋ ਪੰਜਾਬੀ ਯੋਧਿਓ,ਆਪਣੇ ਖੇਤ ਬਚਾਈਏ!
ਕਾਲੇ ਕਾਨੂੰਨਾਂ ਦੀ ਸਵਾਹ ਬਣਾਕੇ,ਹਕੂਮਤ ਦੇ ਹੱਥ ਫੜਾਈਏ !
ਸਦਾ ਹੋਈ ਅਣਦੇਖੀ ਖੇਤੀ ਦੀ,ਖੁਦਕੁਸ਼ੀਆਂ ਚੜ੍ਹ ਚੜ੍ਹ ਆਈਆਂ,
ਸਾਡਾ ਦਿੱਲੀ ਨੇ ਬੁਰਾ ਹੀ ਤੱਕਿਆ,ਕਰ ਕਰਕੇ ਮਾਰੂ ਤਬਾਹੀਆਂ,
ਹੁਣ ਪਿੱਛੇ ਕੋਈ ਨਾ ਰਹਿ ਜਵੇ,ਇੱਕ ਲੋਕਤਾ ਲਹਿਰ ਬਣਾਈਏ…..
ਆਪਣੀ ਮੁੱਦਤਾਂ ਪੁਰਾਣੀ ਸਾਂਝ ਹੈ ਪੱਕੀ,ਦਿਲੋਂ ਹੈ ਭਾਈਚਾਰਾ,
ਹਰ ਸੁੱਖ ਦੁੱਖ ਵਿੱਚ ਸ਼ਰੀਕ ਹੁੰਨੇ ਆਂ,ਜੱਗ ਮੰਨਦੈ ਹੈ ਸਾਰਾ,
ਖੇਤ ਹੀ ਸਾਡੇ ਪਿਆਰੀ ਧਿਰ ਨੇ,ਉਨ੍ਹਾਂ ਲਈ ਗੀਤਾਂ ਨੂੰ ਗਾਈਏ….
ਹਰੀ ਕਰਾਂਤੀ ਰੰਗ ਬੰਨ੍ਹਿਆ ਦੇਸ਼ ਲਈ,ਆਪਾਂ ਭਰਤੇ ਭੰਡਾਰੇ,
ਅਸੀਂ ਮੁਲਕ ਨੂੰ ਠੁੱਕ ਸਿਰ ਕਰ ‘ਤਾ,ਪਰ ਸਾਡੇ ਹੋ ਰਹੇ ਉਜਾੜੇ,
ਬੰਦੇ ਬਹਾਦਰ ਜੀ ਦੀ ਕਸਮ ਨੂੰ ਫੜ,ਮੱਥਿਆਂ ਨੂੰ ਛੁਹਾਈਏ…
ਸਾਡੇ ਖੇਤਾਂ ਲਈ ਸਾਜਿਸ਼ ਘੜੀ ਗਈ,ਪਾਲਣੇ ਅਡਾਨੀ ਅੰਬਾਨੀ,
ਭਰਮ ਏਹਨਾਂ ਸੂਰਾਂ ਦਾ ਵੀ ਤੋੜ ਦਈਏ,ਸੰਘਰਸ਼ ਲੜਕੇ ਲਾਸਾਨੀ,
ਅੱਜ ਲਿਖ ਦਈਏ ਇਤਿਹਾਸ ਇੱਕ,ਸੂਹੇ ਪਰਚਮ ਲਹਿਰਾਈਏ…
ਆਪਣਾ ਵਿਰਸਾ ਬੜਾ ਅਮੀਰ ਸਾਥੀਓ ਆਪਾਂ ਹੀ ਅੱਗੇ ਲਿਆਉਣਾ,
ਜੇ ਗੂੰਗੀਆਂ ਪਾਰਟੀਆਂ ਮਗਰੇ ਲੱਗੇ ਰਹੇ,ਫਿਰ ਪਊਗਾ ਪਛਤਾਉਣਾ,
ਗੁਰੂਆਂ ਦੀ ਧਰਤੀ ਦੇ ਉਇ ਵਾਰਸੋ,ਮੋਢੇ ਨਾਲ ਮੋਢਾ ਡਾਹੀਏ…
ਖੇਤੀ ਕਰਮਾਂ ਸੇਤੀ ਕਹਿੰਦਿਆਂ,ਇਸ ‘ ਕਿਸਮਤ ‘ ਨੇ ਸੋਚਣ ਨਾ ਦਿੱਤਾ,
ਸਾਲੋ ਸਾਲ ਸਾਨੂੰ ਲੰਘਾਉਂਦਿਆਂ ਹੋ ਗਿਆ,ਕਰਜਾਈ ਇਹ ਕਿੱਤਾ,
ਇਸ ਤੱਤੇ ਮਘਦੇ ਘੋਲ ਨੂੰ ਅਸਲੋਂ ਕਿਸੇ ਤਣ ਪੱਤਣ ਲਾਈਏ…
ਸੁਖਦੇਵ ਸਿੱਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly