ਸੁਲਤਾਨਪੁਰ (ਯੂਪੀ) (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਪੀ ਵਿੱਚ 341 ਕਿਲੋਮੀਟਰ ਲੰਮੇ ਪੂਰਵਾਂਚਲ ਐਕਸਪ੍ਰੈੱਸਵੇਅ ਦਾ ਉਦਘਾਟਨ ਕੀਤਾ। ਉਹ ਇਥੇ ਹਵਾਈ ਪੱਟੀ ’ਤੇ ਆਈਏਐੱਫ ਸੀ- 130 ਹਰਕੁਲੀਜ਼ ਜਹਾਜ਼ ਰਾਹੀਂ ਪੁੱਜੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਅਦ ’ਚ ਇੱਕ ਰੈਲੀ ਮੌਕੇ ਵਿਰੋਧੀ ਧਿਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਯੂਪੀ ਵਿੱਚ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਅਹਿਮ ਪੂਰਬੀ ਹਿੱਸੇ ਨੂੰ ‘ਮਾਫ਼ੀਆਵਾਦ’ ਅਤੇ ਗ਼ਰੀਬੀ ਤੱਕ ਸੀਮਤ ਰੱਖਿਆ ਪਰ ਭਾਜਪਾ ਸਰਕਾਰ ਹੁਣ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਆਪਣੇ ਪਰਿਵਾਰ ਦਾ ਹਿੱਤ ਸਾਧਨ ਵਾਲਿਆਂ ਨੂੰ ਯੂਪੀ ਦੇ ਲੋਕ ਹਮੇਸ਼ਾ ਲਈ ਵਿਕਾਸ ਦੇ ਰਾਹ ’ਚੋਂ ਹਟਾ ਦੇਣਗੇ।
ਉਨ੍ਹਾਂ ਕਿਹਾ ਕਿ ਇਹ ਐਕਸਪ੍ਰੈੱਸਵੇਅ ਸੂਬੇ ਦੀ ਰਾਜਧਾਨੀ ਲਖਨਊ ਨੂੰ ਗਾਜ਼ੀਪੁਰ ਨਾਲ ਜੋੜਦਾ ਹੈ ਤੇ ਲਗਪਗ 22,500 ਕਰੋੜ ਰੁਪਏ ਦੀ ਅੰਦਾਜ਼ਨ ਰਾਸ਼ੀ ਨਾਲ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਮੁੱਖ ਮੰਤਰੀਆਂ ਦੇ ਸਮੇਂ ਦੌਰਾਨ ਉਨ੍ਹਾਂ ਥਾਵਾਂ ਤੱਕ ਸੀਮਤ ਸੀ, ਜਿੱਥੇ ਉਨ੍ਹਾਂ ਦੇ ਘਰ ਤੇ ਪਰਿਵਾਰ ਰਹਿ ਰਹੇ ਸਨ ਪਰ ਮੌਜੂਦਾ ਸੱਤਾਧਾਰੀ ਵਿਕਾਸ ਦਾ ਲਾਭ ਓਨਾ ਹੀ ਯੂਪੀ ਦੇ ਪੂਰਬੀ ਖਿੱਤੇ ਨੂੰ ਦੇ ਰਹੇ ਹਨ, ਜਿੰਨਾ ਉਹ ਪੱਛਮੀ ਹਿੱਸੇ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਛੇ-ਮਾਰਗੀ ਐਕਸਪ੍ਰੈੱਸਵੇਅ ਪੂਰਬੀ ਖਿੱਤੇ ਨੂੰ ਨਵੀਂ ਰਾਹਤ ਦੇਵੇਗਾ ਅਤੇ ਇਸ ਇਲਾਕੇ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ।
ਜ਼ਿਕਰਯੋਗ ਹੈ ਕਿ ਯੂਪੀ ਵਿੱਚ ਅਗਲੇ ਵਰ੍ਹੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸ੍ਰੀ ਮੋਦੀ ਅੱਜ ਫ਼ੌਜੀ ਏਅਰਕਰਾਫਟ ਰਾਹੀਂ ਪੂਰਵਾਂਚਲ ਐਕਸਪ੍ਰੈਸਵੇਅ ਹਵਾਈ ਪੱਟੀ ’ਤੇ ਪੁੱਜੇ। ਇਸ ਮੌਕੇ ਗਵਰਨਰ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਐਕਸਪ੍ਰੈੱਸਵੇਅ ’ਤੇ 3.2 ਕਿਲੋਮੀਟਰ ਲੰਮੀ ਹਵਾਈ ਪੱਟੀ ਕਿਸੇ ਲੜਾਕੂ ਜਹਾਜ਼ ਦੀ ਐਮਰਜੈਂਸੀ ਲੈਡਿੰਗ ਲਈ ਤਿਆਰ ਕੀਤੀ ਗਈ ਹੈ। ਇਸ ਹਵਾਈ ਪੱਟੀ ਤੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਵੱਖ-ਵੱਖ ਜਹਾਜ਼ਾਂ ਵੱਲੋਂ ਪੇਸ਼ ਕੀਤੇ ਗਏ ਇੱਕ ਏਅਰਸ਼ੋਅ ਨੂੰ ਵੀ ਦੇਖਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly