ਖੰਨਾ,15ਜੁਲਾਈ(ਰਮੇਸ਼ਵਰ ਸਿੰਘ)– ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਕਲਮਕਾਰਾਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਸ਼ਿੰਗਾਰਿਆ ਸਾਂਝਾ ਕਾਵਿ ਸੰਗ੍ਰਹਿ ਸ਼ਬਦ ਜਿਨ੍ਹਾਂ ਦੇ ਅੰਦਰ ਵੱਸਦੇ ਦੀ ਕਿਤਾਬ ਖੰਨਾ ਸ਼ਹਿਰ ਦੇ ਵਸਨੀਕ ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ, ਪ੍ਰਧਾਨ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ, ਜੋ ਕਿ ਇੱਕ ਲੇਖਕ ਵੱਜੋਂ ਵੀ ਪੰਜਾਬੀ ਸਾਹਿਤ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ ) ਵੱਲੋਂ ਸਿਵਲ ਹਸਪਤਾਲ ਖੰਨਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਮਨਜਿੰਦਰ ਸਿੰਘ ਭਸੀਨ ਨੂੰ ਭੇਂਟ ਕੀਤੀ ਗਈ।
ਡਾ. ਮਨਜਿੰਦਰ ਸਿੰਘ ਭਸੀਨ ਨੇ ਇਸ ਕਿਤਾਬ ਵਿੱਚ ਲਿਖੀਆਂ ਰਚਨਾਵਾਂ ਨੂੰ ਪੜ੍ਹਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਸਾਡੇ ਸਮਾਜ ਨਾਲ਼ ਜੁੜੇ ਮਾਂ ਬੋਲੀ ਪੰਜਾਬੀ, ਪੰਜਾਬੀ ਵਿਰਸਾ, ਪੰਜਾਬੀ ਸੱਭਿਆਚਾਰ,
ਪਾਣੀ, ਲੋਕ ਭਲਾਈ, ਵਿਦਿਆ, ਵਾਤਾਵਰਣ, ਰੁੱਖ, ਧਰਤੀ ਅਤੇ ਹੋਰ ਮਿਆਰੀ ਵਿਸ਼ਿਆਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ, ਕਿਤਾਬ ਵਿੱਚ ਛਪੀ ਹਰ ਇੱਕ ਰਚਨਾ ਇੱਕ ਚੰਗਾ ਸੁਨੇਹਾ ਦੇ ਰਹੀ ਹੈ, ਉਹਨਾਂ ਨਿਰਮਲ ਸਿੰਘ ਨਿੰਮਾ ਦਾ ਧੰਨਵਾਦ ਵੀ ਕੀਤਾ, ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਸਾਡੇ ਸ਼ਹਿਰ ਵਾਸੀ ਨਿਰਮਲ ਸਿੰਘ ਨਿੰਮਾ ਦੀਆਂ ਰਚਨਾਵਾਂ ਵੀ ਇਸ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਹਨ।
ਜ਼ਿਕਰਯੋਗ ਹੈ ਇਸ ਕਿਤਾਬ ਵਿੱਚ ਦੁਨੀਆਂ ਭਰ ਦੇ 37 ਲੇਖਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ ਹਰ ਇੱਕ ਲੇਖਕ ਦੀਆਂ ਤਿੰਨ ਰਚਨਾਵਾਂ ਇਸ ਕਿਤਾਬ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਤੇ ਅਦਾਰਾ ਪੰਜਾਬ ਤੇ ਪੰਜਾਬੀ ਅਸਟ੍ਰੇਲੀਆ ਦੇ ਸੰਸਥਾਪਕ ਸਾਦਿਕ ਤਖਤੂਪੁਰੀਆ ਆਸਟ੍ਰੇਲੀਆ ਅਤੇ ਸੰਪਾਦਕ ਕੁਲਦੀਪ ਸਿੰਘ ਦੀਪ ਵੱਲੋਂ ਸਾਦਿਕ ਪਬਲੀਕੇਸ਼ਨਜ਼ ਤੋਂ ਇਸ ਕਿਤਾਬ ਨੂੰ ਛਪਵਾ ਕੇ ਪੰਜਾਬੀ ਸਾਹਿਤ ਨੂੰ ਪੇਸ਼ ਕੀਤਾ ਗਿਆ ਹੈ। ਅਦਾਰੇ ਵੱਲੋਂ ਪਿੰਡੋਂ ਆਈਆਂ ਡਾਕਾਂ ਮੈਗਜ਼ੀਨ ਵੀ ਹਰ ਪੰਦਰਵਾੜੇ ਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
ਇਸ ਮੌਕੇ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਅੱਜ ਸਾਡੇ ਸਮਾਜ ਨੂੰ ਸੇਧ ਦੇਣ ਲਈ ਚੰਗੀਆਂ ਮਿਆਰੀ ਲਿਖਤਾਂ ਦੀ ਲੋੜ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਆਪਣੇ ਜੀਵਨ ਵਿੱਚ ਢਾਲੇ ਤੇ ਆਪਣੇ ਭਵਿੱਖ ਨੂੰ ਰੁਸ਼ਨਾਏ।
ਇਸ ਮੌਕੇ ਉੱਘੇ ਸਮਾਜ ਸੇਵੀ ਤੇ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਜਨਰਲ ਸਕੱਤਰ ਜਤਿੰਦਰ ਸਿੰਘ, ਡਾ.ਗੁਰਵਿੰਦਰ ਕੱਕੜ ਤੇ ਡਾ. ਸ਼ਾਇਨੀ ਅੱਗਰਵਾਲ ਵੀ ਮੌਜੂਦ ਸਨ ਉਨ੍ਹਾਂ ਵੱਲੋਂ ਵੀ ਸ਼ਬਦ ਜਿਨ੍ਹਾਂ ਦੇ ਅੰਦਰ ਵੱਸਦੇ ਕਿਤਾਬ ਨੂੰ ਸਰਾਹਿਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly