ਦਿੱਲੀ ਆਕਾਸ਼ਬਾਣੀ ਤੋਂ ਪੰਜਾਬੀ ਦੇ ਬੁਲੇਟਿਨ ਨੂੰ ਜਲੰਧਰ ਬਦਲੇ ਜਾਣ ਦੀਆਂ ਕੀਤੀਆਂ ਜਾ ਰਹੀਆਂ ਹਨ ਤਿਆਰੀਆਂ

ਪੰਜਾਬੀ ਦੇ ਬੁਲੇਟਿਨ ਨੂੰ ਦਿੱਲੀ ਵਿੱਚ ਬਚਾਈ ਰੱਖਣ ਲਈ ਵਫ਼ਦ ਸੰਤ ਸੀਚੇਵਾਲ ਨੂੰ ਮਿਲਿਆ

ਸੰਤ ਸੀਚੇਵਾਲ ਨੇ ਆਕਾਸ਼ਬਾਣੀ ਦੇ ਬੁਲੇਟਿਨ ਨੂੰ ਬਚਾਈ ਰੱਖਣ ਦਾ ਦਿੱਤਾ ਭਰੋਸਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਿੱਲੀ ਆਕਾਸ਼ਵਾਣੀ ਦੇ ਪੰਜਾਬੀ ਬੁਲੇਟਿਨ ਨੂੰ ਬਦਲ ਕੇ ਜਲੰਧਰ ਲਿਆਂਦੇ ਜਾਣ ਦਾ ਲੋਕਾਂ ਨੇ ਤਿੱਖਾਂ ਵਿਰੋਧ ਕੀਤਾ ਹੈ। ਪੰਜਾਬੀ ਬੁਲੇਟਿਨ ਵਿੱਚ ਕੰਮ ਕਰਦੇ ਕੱਚੇ-ਪੱਕੇ 12 ਮੁਲਾਜ਼ਮਾਂ ਨੂੰ ਆਪਣੀ ਨੌਕਰੀ ਜਾਣ ਦਾ ਫਿਕਰ ਲੱਗਾ ਹੋਇਆ ਹੈ। ਆਕਾਸ਼ਵਾਣੀ ਵਿੱਚ ਕੰਮ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚੋਂ ਪੰਜਾਬੀ ਨੂੰ ਕੱਢਣ ਦੀ ਇਹ ਇੱਕ ਡੰਘੀ ਸ਼ਾਜਿਸ਼ ਹੈ। ਆਕਾਸ਼ਵਾਣੀ ਦੇ ਮੁਲਾਜ਼ਮਾਂ ਵੱਲੋਂ ਬਲਜੀਤ ਕੌਰ ਤੇ ਸੰਜਨਾ ਸ਼ਰਮਾ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮੰਗ ਪੱਤਰ ਦਿੰਦਿਆ ਉਹਨਾਂ ਮੰਗ ਕਰਦਿਆ ਕਿਹਾ ਕਿ ਉਹ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਧੱਕੇ ਵਿਰੁੱਧ ਅਵਾਜ਼ ਬੁਲੰਦ ਕਰਨ ਜਿਸ ਪ੍ਰਕਾਰ ਉਨ੍ਹਾਂ ਨੇ ਸੰਸਦ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਕੀਤੀ ਸੀ। ਆਲ ਇੰਡੀਆ ਰੇਡੀਓ ਦੀਆਂ ਮੁਲਾਜ਼ਮਾਂ ਨੇ ਦੱਸਿਆ ਸੰਤ ਸੀਚੇਵਾਲ ਨੇ ਸੰਸਦ ਵਿੱਚ ਪੰਜਾਬੀ ਦਾ ਮੁੱਦਾ ਬੜੀ ਗੰਭੀਰਤਾ ਨਾਲ ਚੁੱਕਿਆ ਸੀ ਜਿਸ ਕਾਰਨ ਪੰਜਾਬੀ ਮਾਂ ਬੋਲੀ ਨੂੰ 75 ਸਾਲਾਂ ਬਾਅਦ ਪਾਰਲੀਮੈਂਟ ਵਿੱਚ ਲਾਗੂ ਕੀਤਾ ਗਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਰੋਸਾ ਦਿੱਤਾ ਕਿ ਬੱਜਟ ਸ਼ੈਸ਼ਨ ਦੌਰਾਨ ਉਹ ਇਸ ਮਾਮਲੇ ਨੂੰ ਰਾਜ ਸਭਾ ਵਿੱਚ ਉਠਾਉਣਗੇ।

ਆਕਾਸ਼ਵਾਣੀ ਦੇ ਹੋਰ ਮੁਲਾਜ਼ਮਾਂ ਨੇ ਵੀ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਪੰਜਾਬੀ ਦੇ ਚਾਰ ਰਾਸ਼ਟਰੀ ਬੁਲੇਟਿਨ ਪ੍ਰਸਾਰਤ ਕੀਤੇ ਜਾਂਦੇ ਸਨ। ਪਰ ਮਾਰਚ 2020 ਵਿੱਚ, ਕੋਵਿਡ -19 ਦੇ ਆਉਣ ਕਰਕੇ ਲੱਗੇ ਲਾਕਡਾਊਨ ਵਿੱਚ 5 ਮਿੰਟ ਦਾ ਇੱਕ ਪੰਜਾਬੀ ਦਾ ਐਕਸਟਰਨਲ ਬੁਲੇਟਿਨ ਬੰਦ ਕਰ ਦਿੱਤਾ ਗਿਆ ਜੋ ਕਿ ਸ਼ਾਮ 6 ਵੱਜ ਕੇ 40 ਮਿੰਟ ’ਤੇ ਪ੍ਰਸਾਰਤ ਕੀਤਾ ਜਾਂਦਾ ਸੀ। ਉਸਦਾ ਪ੍ਰਸਾਰਣ ਬਲੋਚਿਸਤਾਨ ਤੱਕ ਹੁੰਦਾ ਸੀ। ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਅੱਜ ਤੱਕ ਦੋਬਾਰਾ ਸ਼ੁਰੂ ਨਹੀਂ ਕੀਤਾ ਗਿਆ ਹੈ। ਆਕਾਸ਼ਵਾਣੀ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬੀ ਸਮਾਚਾਰ ਇਕਾਈ ਦਿੱਲੀ ਨੂੰ ਇੱਥੋਂ ਬੰਦ ਕਰਕੇ ਪੰਜਾਬ ਵਿੱਚ ਜਲੰਧਰ ਭੇਜੇ ਜਾਣ ਦਾ ਫੈਸਲਾ ਲੈਣ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਵਿੱਚੋਂ ਪੰਜਾਬੀ ਦੀ ਨੁਮਾਇੰਦਗੀ ਕਰਨ ਵਾਲੀਆਂ ਇਹਨਾਂ ਖਬਰਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਸਾਲ 2005 ਵਿੱਚ ਅਤੇ ਫਿਰ ਸਾਲ 2016 ਵਿੱਚ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਉਰਦੂ ਵਾਂਗ ਪੰਜਾਬੀ ਦਿੱਲੀ ਦੀ ਦੂਜੀ ਸਰਕਾਰੀ ਭਾਸ਼ਾ ਹੈ। ਇੱਥੇ ਸਕੂਲਾਂ, ਕਾਲਜਾਂ ਅਤੇ ਯੂਨਿਵਰਸਿਟੀ ਵਿੱਚੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੰਜਾਬੀ ਭਾਸ਼ਾ ਵਿੱਚ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਐਮ.ਫਿਲ ਕਰਦੇ ਹਨ। ਹਜ਼ਾਰਾਂ ਦੀ ਤਾਦਾਦ ਵਿੱਚ ਅਧਿਆਪਕ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬੀ ਅਕਾਦਮੀ, ਭਾਈ ਵੀਰ ਸਿੰਘ ਸਦਨ, ਪੰਜਾਬੀ ਭਵਨ ਅਤੇ ਹੋਰ ਕਈ ਸੰਸਥਾਵਾਂ ਹਮੇਸ਼ਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਰਗਰਮ ਹਨ।

 

Previous articleUN dispatches aid through Turkey to quake-hit Syria
Next articleKim Jong-un calls for stronger military power during photo op