ਪ੍ਰੀਮੀਅਰ ਈਬੀ ਵਲੋਂ ਗੁਰੂ ਨਾਨਕ ਫੂਡ ਬੈਂਕ ਡੈਲਟਾ ਦਾ ਦੌਰਾ

ਫੂਡ ਬੈਂਕ ਦੇ ਕਾਰਜਾਂ ਦੀ ਸ਼ਲਾਘਾ- ਹਰ ਤਰਾਂ ਦੀ ਮਦਦ ਦਾ ਭਰੋਸਾ

ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅੱਜ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਗੁਰੂ ਨਾਨਕ ਫੂਡ ਬੈਂਕ ਡੈਲਟਾ ਦਾ ਦੌਰਾ ਕੀਤਾ ਤੇ ਫੂਡ ਬੈਂਕ ਵਲੋ ਲੋੜਵੰਦਾਂ ਦੀ ਕੀਤੀ ਜਾ ਰਹੀ ਮਦਦ ਲਈ ਪ੍ਰਬੰਧਕਾਂ ਦੇ ਯੋਗਦਾਨ ਦੀ ਭਰਪੂਰ ਸ਼ਲ਼ਾਘਾ ਕੀਤੀ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਹੈਰੀ ਬੈਂਸ,ਡੈਲਟਾ ਦੇ ਮੇਅਰ ਜੌਰਜ ਹਾਰਵੀ ਤੇ ਹੋਰ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ।ਪ੍ਰੀਮੀਅਰ ਈਬੀ ਦਾ ਗੁਰੂ ਨਾਨਕ ਫੂਡ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਉਨ੍ਹਾੰ ਦਾ ਭਰਵਾਂ ਸਵਾਗਤ ਕੀਤਾ ਗਿਆ। ਫੂਡ ਬੈਂਕ ਦੇ ਜਨਰਲ ਸਕੱਤਰ, ਨੀਰਜ ਵਾਲੀਆ ਤੇ ਹੋਰ ਅਹੁੇਦਾਰਾਂ ਨੇ ਉਹਨਾਂ ਨੂੰ ਸਟੋਰ ਦਾ ਦੌਰਾ ਕਰਵਾਉਂਦਿਆਂ ਜਾਣਕਾਰੀ ਦਿੱਤੀ ਕਿ ਕਿਵੇਂ ਦਾਨੀ ਸੱਜਣਾਂ ਦੀ ਮਦਦ ਨਾਲ ਗੁਰੂ ਨਾਨਕ ਫੂਡ ਬੈਂਕ ਹਰ ਮਹੀਨੇ 10000 ਤੋਂ ਵੱਧ ਲੋੜਵੰਦਾਂ ਨੂੰ ਸਫਲਤਾਪੂਰਵਕ ਮਦਦ ਕਰ ਰਹੀ ਹੈ। ਇਸ ਤੋਂ ਇਲਾਵਾ ਪਿਛਲੇ 3 ਸਾਲਾਂ ਵਿੱਚ 15 ਮਿਲੀਅਨ ਡਾਲਰ ਦੇ ਸਮਾਨ ਨਾਲ ਲੋਕਾਂ ਦੀ ਸੇਵਾ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਅੱਜਕੱਲ੍ਹ ਅੰਤਰਰਾਸ਼ਟਰੀ ਵਿਦਿਆਰਥੀ ਕਿਸ ਤਰ੍ਹਾਂ ਸੰਘਰਸ਼ ਕਰ ਰਹੇ ਹਨ ਤੇ ਫੂਡ ਬੈਂਕ ਉਹਨਾਂ ਦੀ ਇਸ ਔਖੇ ਸਮੇਂ ਮਦਦ ਕਰਦੀ ਹੈ। ਪ੍ਰੀਮੀਅਰ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਹਨ। ਉਨ੍ਹਾਂ ਲਈ ਕੌਮਾਂਤਰੀ ਵਿਦਿਆਰਥੀਆਂ ਦੇ ਅੱਗੇ ਵਧਣ ਅਤੇ ਸਹਾਇਤਾ ਕਰਨ ਲਈ ਫੂਡ ਬੈਂਕ ਦਾ ਧੰਨਵਾਦ ਕੀਤਾ। ਸ੍ਰੀ ਵਾਲੀਆ ਨੇ ਇਹ ਵੀ ਦੱਸਿਆ ਕਿ ਪਿਛਲੇ 36 ਮਹੀਨਿਆਂ ਵਿੱਚ ਗੁਰੂ ਨਾਨਕ ਫੂਡ ਬੈਂਕ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 20000 ਤੋਂ ਵੱਧ ਫੂਡ ਪੈਕੇਜ ਮੁਹੱਈਆ ਕਰਵਾਏ ਹਨ।ਪ੍ਰੀਮੀਅਰ ਇਹ ਜਾਣਨ ਲਈ ਉਤਸੁਕ ਸਨ ਕਿ ਇਹ ਸਭ ਕਿਵੇਂ ਸ਼ੁਰੂ ਹੋਇਆ ਅਤੇ ਇਸ ਸਮੇਂ ਸਾਰੇ ਕੰਮ ਕਿਵੇਂ ਹੋ ਰਹੇ ਹਨ। ਉਹਨਾਂ ਨੂੰ ਸਟੋਰ ਦਾ ਚੱਕਰ ਲਗਵਾਉਂਦਿਆਂ ਦੱਸਿਆ ਗਿਆ ਕਿ ਕਿਵੇਂ ਗੁਰੂ ਨਾਨਕ ਫੂਡ ਬੈਂਕ ਲੋੜਵੰਦ ਲੋਕਾਂ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿਚ ਰੱਖਦਾ ਹੈ ਨਾ ਸਿਰਫ਼ ਬੁਨਿਆਦੀ ਕਰਿਆਨੇ ਅਤੇ ਹੋਰ ਜ਼ਰੂਰੀ ਵਸਤਾਂ ਦੇ ਨਾਲ ਬੱਚਿਆਂ ਦਾ ਭੋਜਨ ਅਤੇ ਹੋਰ ਲੋੜੀਦਾ ਸਮਾਨ ਵੀ ਉਪਲੱਬਧ ਕਰਵਾਇਆ ਜਾਂਦਾ ਹੈ।

ਪ੍ਰੀਮੀਅਰ ਫੂਡ ਬੈਂਕ ਦੇ ਕੰਮ ਅਤੇ ਵਲੰਟੀਅਰਾਂ ਦੇ ਯੋਗਦਾਨ ਉਪਰ ਭਾਰੀ ਖੁਸ਼ੀ ਪ੍ਰਗਟ ਕਰਦਿਆਂ, ਸਾਰੀ ਟੀਮ ਨੂੰ ਚੰਗੇ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਫੂਡੂ ਬੈਂਕ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਦੀ ਮਨੁੱਖਤਾ ਦੀ ਮਦਦ ਕਰਨ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਲਈ ਧੰਨਵਾਦ ਕੀਤਾ।ਉਹਨਾਂ ਨੂੰ ਦੱਸਿਆ ਗਿਆ ਕਿ ਫੂਡ ਬੈਂਕ ਵਲੋਂ ਮੋਬਾਈਲ ਫੂਡ ਬੈਂਕ ਅਤੇ ਡੈਲਟਾ ਵਿਚ ਸਥਾਈ ਸਟੋਰ ਬਣਾਉਣ ਦੀਆਂ ਯੋਜਨਾਵਾਂ ਹਨ। ਜਿਸ ਉਪਰ ਪ੍ਰੀਮੀਅਰ ਨੇ ਸਰਕਾਰ ਦੀ ਤਰਫੋ ਹਰ ਤਰਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਡੈਲਟਾ ਦੇ ਮੇਅਰ ਜੌਰਜ ਹਾਰਵੀ ਨੇ ਫੂਡ ਬੈਂਕ ਦੇ ਕਾਰਜ ਦੀ ਸ਼ਲਾਘ ਕਰਦਿਆਂ ਕਿਹਾ ਕਿ ਗੁਰੂ ਨਾਨਕ ਫੂਡ ਬੈਂਕ ਦੇ ਡੈਲਟਾ ਸਟੋਰ ਦੀ ਮੌਜੂਦਾ ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ ਸਿਟੀ ਵਲੋਂ ਡੈਲਟਾ ਵਿੱਚ ਇੱਕ ਸਥਾਈ ਨਵੇਂ ਸਟੋਰ ਜਾਂ ਜ਼ਮੀਨ ਦਾ ਪ੍ਰਬੰਧ ਕਰਕੇ ਦਿੱਤਾ ਜਾਵੇਗਾ।ਅਖੀਰ ਵਿਚ ਲੇਬਰ ਮੰਤਰੀ ਹੈਰੀ ਬੈਂਸ ਨੇ ਪ੍ਰੀਮੀਅਰ ਦਾ ਇਸ ਦੌਰੇ ਲਈ ਧੰਨਵਾਦ ਕਰਦਿਆਂ ਫੂਡ ਬੈਂਕ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਉਹਨਾਂ ਨੇ ਇਸ ਭਾਈਚਾਰੇ ਦਾ ਹਿੱਸਾ ਹੋਣ ਦਾ ਮਾਣ ਹੈ ਲੋੜ ਪੈਣ ‘ਤੇ ਮਨੁੱਖਤਾ ਦੀ ਮਦਦ ਲਈ ਹਮੇਸ਼ਾਂ ਸਭ ਤੋਂ ਪਹਿਲਾਂ ਖੜ੍ਹਾ ਹੁੰਦਾ ਹੈ।

 

Previous articleਏਹੁ ਹਮਾਰਾ ਜੀਵਣਾ ਹੈ -225
Next articleਮਾਂ ਨਾਲ ਵਾਅਦਾ