ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ) ਸ਼ਾਮੋਂ ਆਪਣੀ ਸਹੇਲੀ ਮਿੰਦੋ ਨੂੰ ਨਾਲ ਲੈ ਕੇ ਬੜੇ ਚਾਅ ਨਾਲ ਧਾਰਮਿਕ ਅਸਥਾਨ ਤੇ ਸੁੱਖਣਾ ਲਾਹੁਣ ਜਾ ਰਹੀ ਸੀ l ਬੜੀ ਮੁਸ਼ਕਿਲ ਨਾਲ ਤਾਂ ਉਸ ਦਾ ਪੁੱਤ ਅਮਰੀਕਾ ਵਿੱਚ ਪੱਕਾ ਹੋਇਆ ਸੀ l ਧਾਰਮਿਕ ਅਸਥਾਨ ਦੋ ਕਿਲੋਮੀਟਰ ਦੂਰ ਹੋਣ ਕਾਰਣ ਉਨ੍ਹਾਂ ਦੋਨਾਂ ਨੇ ਰਿਕਸ਼ਾ ਕਿਰਾਏ ਤੇ ਕਰ ਲਿਆ ਸੀ l
ਦੋਵੇਂ ਭਾਰੇ ਸਰੀਰ ਦੀਆਂ ਹੋਣ ਕਾਰਣ ਰਿਕਸ਼ਾ ਚਾਲਕ ਰਾਮੂੰ ਨੂੰ ਭਾਰ ਖਿੱਚਣ ਵਿੱਚ ਕੁੱਝ ਤੰਗੀ ਮਹਿਸੂਸ ਹੋ ਰਹੀ ਸੀ l ਸ਼ਾਮੋਂ ਰਾਮੂੰ ਨਾਲ ਗੱਲਾਂ ਕਰਦੀ ਗਈ ਕਿ ਕਿਵੇਂ ਹੁਣ ਉਸ ਦਾ ਪੁੱਤ ਅਮਰੀਕਾ ਵਿੱਚ ਪੱਕਾ ਹੋ ਗਿਆ ਹੈ ਅਤੇ ਨੌਕਰੀ ਵੀ ਮੈਨੇਜਰ ਦੀ ਹਾਸਿਲ ਕਰ ਲਈ ਹੈ ਜਿਸ ਵਿੱਚ ਤਨਖਾਹ ਵੀ ਬਹੁਤ ਹੈ l ਸ਼ਾਮੋਂ ਆਖਣ ਲੱਗੀ ਕਿ ਸਾਡੇ ਤਾਂ ਹੁਣ ਵਾਰੇ ਨਿਆਰੇ ਹੋ ਗਏ ਹਨ l ਰੱਬ ਨੇ ਸਾਡੀ ਸੁਣ ਲਈ ਹੈ l ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਹੈ l ਰੱਬ ਇਸੇ ਤਰਾਂ ਹੀ ਸਭ ਦੀ ਸੁਣੇ l ਰਾਮੂੰ ਨੂੰ ਸ਼ਾਮੋਂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ l ਮਨ ਹੀ ਮਨ ਰਾਮੂੰ ਸੋਚਦਾ ਕਿ ਕਿੰਨੀ ਚੰਗੀ ਗੱਲ ਹੈ ਕਿ ਰੱਬ ਸਭ ਦੀ ਸੁਣੇ l
ਰਿਕਸ਼ਾ ਧਾਰਮਿਕ ਅਸਥਾਨ ਦੇ ਗੇਟ ਤੇ ਰੁਕਿਆ ਤਾਂ ਦੋਨੋਂ ਜਣੀਆਂ ਥੱਲੇ ਉੱਤਰੀਆਂ ਅਤੇ ਰਾਮੂੰ ਨੇ ਵੀ ਕੁੱਝ ਰਾਹਤ ਮਹਿਸੂਸ ਕੀਤੀ l
ਸ਼ਾਮੋਂ ਨੇ ਰਾਮੂੰ ਨੂੰ ਪੁੱਛਿਆ ਕਿ ਕਿੰਨੇ ਪੈਸੇ ਬਣੇ? ਰਾਮੂੰ ਨੇ ਕਿਹਾ 60 ਰੁਪਏ l ਸ਼ਾਮੋਂ ਆਖਣ ਲੱਗੀ ਕਿ 60 ਰੁਪਏ ਕਾਹਦੇ? ਪਿਛਲੇ ਪੰਜ ਸਾਲਾਂ ਤੋਂ ਤਾਂ 40 ਰੁਪਏ ਦੇ ਕੇ ਆਉਂਦੇ ਹਾਂ l ਰਾਮੂੰ ਨੇ ਕਿਹਾ ਕਿ ਬੀਬੀ ਜੀ ਮਹਿੰਗਾਈ ਬਹੁਤ ਹੋ ਗਈ ਹੈ l ਸ਼ਾਮੋਂ ਆਖਣ ਲੱਗੀ ਕਿ ਮਹਿੰਗਾਈ ਕਿਸ ਚੀਜ਼ ਦੀ ਹੋ ਗਈ? ਐਵੇਂ ਗੱਲਾਂ ਮਾਰਦਾ ਹੈਂ ਰਿਕਸ਼ੇ ਵਿੱਚ ਕਿਹੜਾ ਪੈਟਰੋਲ ਪੈਂਦਾ ਆ l ਏਨਾ ਕਹਿੰਦਿਆਂ ਸ਼ਾਮੋਂ ਰਾਮੂੰ ਨੂੰ 40 ਰੁਪਏ ਦੇ ਕੇ ਤੁਰ ਪਈ ਅਤੇ ਕਹਿਣ ਲੱਗੀ ਕਿ ਬਹੁਤ ਜਿਆਦਾ ਨਾ ਆਪਣੀਆਂ ਮਾਰ, ਬੜੀ ਮੁਸ਼ਕਿਲ ਨਾਲ ਰੱਬ ਨੇ ਸਾਡੀ ਸੁਣੀ ਹੈ ਅਤੇ ਮਸਾਂ ਸਾਨੂੰ ਸੁੱਖ ਦਾ ਸਾਹ ਆਇਆ ਹੈ l ਏਨਾ ਕਹਿੰਦਿਆਂ ਸ਼ਾਮੋਂ ਨੂੰ ਰਾਮੂੰ ਦਾ ਔਖਾ ਸਾਹ ਆਇਆ ਦਿਖਾਈ ਨਾ ਦਿੱਤਾ l
ਰਾਮੂੰ ਕੁੱਝ ਔਖਾ ਹੋ ਕੇ ਆਪਣਾ ਪਸੀਨਾ ਪੂੰਝਦਾ ਹੋਇਆ ਆਖਣ ਲੱਗਾ ਕਿ ਬੀਬੀ ਜੀ ਰੱਬ ਨੇ ਮੇਰੀ ਤਾਂ ਅੱਜ ਤੱਕ ਨਹੀਂ ਸੁਣੀ l ਸ਼ਾਮੋਂ ਕਹਿੰਦੀ ਕਿ ਇਸ ਦਾ ਕੀ ਮਤਲਬ? ਰਾਮੂੰ ਕਹਿੰਦਾ ਕਿ ਮੈਂ ਵੀ ਸਵੇਰੇ ਰੱਬ ਅੱਗੇ ਪ੍ਰਾਰਥਨਾ ਕੀਤੀ ਸੀ ਕਿ ਮੈਨੂੰ ਸਵਾਰੀ ਚੰਗੀ ਮਿਲੇ ਪਰ ਸਵਾਰੀ ਪੰਜ ਸਾਲ ਪਹਿਲਾਂ ਵਾਲਾ ਕਿਰਾਇਆ ਦੇ ਕੇ ਹੀ ਤੁਰ ਪਈ ਹੈ l
ਰਾਮੂੰ ਅਗਲੀ ਸਵਾਰੀ ਦੀ ਭਾਲ ਵਿੱਚ ਫਿਰਦਾ ਸੋਚ ਰਿਹਾ ਸੀ ਕਿ ਰੱਬ ਅੱਗੇ ਕੀਤੀ ਪ੍ਰਾਰਥਨਾ ਵਿੱਚ ਵੀ ਕੋਈ ਫਰਕ ਹੁੰਦਾ ਹੋਵੇਗਾ? ਇੱਕ ਦੀ ਸੁਣ ਕੇ ਅਮਰੀਕਾ ਵਿੱਚ ਪੱਕਾ ਕਰ ਦਿੱਤਾ ਅਤੇ ਉਸੇ ਦੇ ਘਰਦਿਆਂ ਨੇ ਮੈਨੂੰ ਬਣਦਾ ਕਿਰਾਇਆ ਵੀ ਨਹੀਂ ਦਿੱਤਾ l ਰਾਮੂੰ ਨੂੰ ਰੱਬ ਦੇ ਪੱਖਪਾਤ ਤੇ ਬਹੁਤ ਗੁੱਸਾ ਆ ਰਿਹਾ ਸੀ l ਉਸ ਨੂੰ ਰੱਬ ਦੇ ਘਰ ਦਾ ਹਨੇਰ ਸਾਫ਼ ਦਿਖਾਈ ਦੇ ਰਿਹਾ ਸੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly