“ਕੀਮਤੀ ਖ਼ਜ਼ਾਨਾ – ਬਚਪਨ ਦੀ ਸੰਭਾਲ਼ “

ਬਰਜਿੰਦਰ ਕੌਰ ਬਿਸਰਾਓ.

(ਸਮਾਜ ਵੀਕਲੀ)

ਹਰ ਮਨੁੱਖ ਦਾ ਬਚਪਨ ਦਾ ਸਮਾਂ ਉਸ ਦੀ ਜ਼ਿੰਦਗੀ ਦਾ ਸਭ ਤੋਂ ਹਸੀਨ ਸਮਾਂ ਮੰਨਿਆ ਜਾਂਦਾ ਹੈ ਕਿਉਂਕਿ ਫਿਕਰਾਂ ਤੋਂ ਰਹਿਤ ,ਆਪਣੀ ਮਰਜ਼ੀ ਵਾਲੀ ਜ਼ਿੰਦਗੀ ਜਿਉਣ ਦਾ ਲੁਤਫ਼ ਵੀ ਜ਼ਿੰਦਗੀ ਦੇ ਇਸੇ ਪੜਾਅ ਵਿੱਚ ਹੀ ਉਠਾਇਆ ਜਾਂਦਾ ਹੈ। ਬਚਪਨ ਵਿੱਚ ਕੀਤੀਆਂ ਛੋਟੀਆਂ ਛੋਟੀਆਂ ਗ਼ਲਤੀਆਂ ਤੇ ਫਿਰ ਵੱਡਿਆਂ ਤੋਂ ਪਈ ਮਾਰ ਕਰਕੇ ਉਹੀ ਗਲਤੀਆਂ ਸੁਧਾਰਨਾ, ਮਾਪਿਆਂ ਤੋਂ ਸੁਣੀਆਂ ਨਿੱਕੀਆਂ ਨਿੱਕੀਆਂ ਕਹਾਣੀਆਂ, ਘਰ ਅੰਦਰਲਾ ਸਾਧਾਰਨ ਜਿਹਾ ਵਾਤਾਵਰਨ,ਮਾਤਾ ਪਿਤਾ ਨੂੰ ਘਾਲਣਾ ਘਾਲਦੇ ਦੇਖਣਾ ਅਤੇ ਉਹਨਾਂ ਨਾਲ਼ ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਆਦਿ ਅਨੇਕਾਂ ਹੀ ਘਟਨਾਵਾਂ ਸਾਡੀ ਜ਼ਿੰਦਗੀ ਦੇ ਸ਼ਾਹਕਾਰ ਪਲ ਬਣਕੇ ਉਸ ਨੂੰ ਅਮੀਰ ਬਣਾ ਦਿੰਦੇ ਹਨ। ਕਈ ਵਾਰ ਅਚਨਚੇਤ ਹੀ ਦਿਮਾਗ਼ ਵਿੱਚ ਖਿਆਲ ਜਿਹਾ ਆ ਜਾਂਦਾ ਹੈ ਕਿ ਸਾਡੀ ਅੱਜ ਵਾਲੀ ਪੀੜ੍ਹੀ ਦੇ ਬੱਚੇ ਆਪਣਾ ਬਚਪਨ ਕਿਵੇਂ ਯਾਦ ਕਰਿਆ ਕਰਨਗੇ?

ਪੁਰਾਣਾ ਬਚਪਨ ਅੱਜ ਵਾਂਗ ਬਣਾਵਟੀਪਣ ਅਤੇ ਦਿਖਾਵੇ ਵਾਲੀ ਜ਼ਿੰਦਗੀ ਤੋਂ ਉਲਟ ਸਧਾਰਨ ਜਿਹਾ ਭੋਲ਼ੇਪਣ ਅਤੇ ਮਾਸੂਮੀਅਤ ਨਾਲ ਭਰਪੂਰ ਹੁੰਦਾ ਸੀ। ਮਾਪੇ ਸ਼ੋਸ਼ੇਬਾਜ਼ੀ ਅਤੇ ਦਿਖਾਵੇਬਾਜ਼ੀ ਦੀ ਬਿਜਾਏ ਮਿਹਨਤਕਸ਼ ਅਤੇ ਕਿਰਤੀ ਸ਼੍ਰੇਣੀ ਦੇ ਲੋਕ ਹੁੰਦੇ ਸਨ।ਉਸ ਸਮੇਂ ਦੇ ਲੋਕ ਪਦਾਰਥਕ ਸੋਚ ਤੋਂ ਪਰ੍ਹੇ ਸਦਾਚਾਰਕ ਰਹਿਣੀ ਬਹਿਣੀ ਵਿੱਚ ਵਿਸ਼ਵਾਸ ਰੱਖਦੇ ਸਨ।ਸਰਲ ਭਾਸ਼ਾ ਵਿੱਚ ਆਖੀਏ ਤਾਂ ਗੱਲ ਕੀ ਕਿ ਉਹ ਲੋਕ ਫ਼ੋਕੀ ਫੂੰ-ਫਾਂ ਦੀ ਜ਼ਿੰਦਗੀ ਗੁਜ਼ਾਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਆਪ ਵੱਡਿਆਂ ਦਾ ਸਤਿਕਾਰ ਕਰਦੇ ਹੋਏ ਬੱਚਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦੇ ਰਹਿਣਾ , ਪੂਰੇ ਪਰਿਵਾਰ ਨੇ ਰਲ਼ ਮਿਲ਼ ਕੇ ਬੈਠਣਾ,ਆਪਸ ਵਿੱਚ ਗੱਲਾਂ ਕਰਨੀਆਂ ਅਤੇ ਬੱਚਿਆਂ ਦੁਆਰਾ ਵੱਡਿਆਂ ਦੀਆਂ ਗੱਲਾਂ ਦਾ ਆਨੰਦ ਮਾਨਣ ਦੇ ਨਾਲ ਨਾਲ ਉਹਨਾਂ ਤੋਂ ਕੁਝ ਸਿੱਖਣਾ।

ਵੱਡਿਆਂ ਵੱਲੋਂ ਘਰ ਦੇ ਛੋਟੇ ਮੋਟੇ ਕੰਮਾਂ ਵਿੱਚ ਬੱਚਿਆਂ ਨੂੰ ਰੀਝਾਈ ਰੱਖਣਾ, ਜਿਸ ਦਾ ਸਿੱਧਾ ਮਕਸਦ ਬੱਚਿਆਂ ਨੂੰ ਵੱਡਿਆਂ ਦਾ ਕਿਹਾ ਮੰਨਣਾ, ਹੱਥੀਂ ਕੰਮ ਕਰਨਾ ਅਤੇ ਬੱਚਿਆਂ ਨੂੰ ਵਿਅਰਥ ਸਮਾਂ ਬਰਬਾਦ ਕਰਨ ਤੋਂ ਬਚਾਉਣਾ ਹੁੰਦਾ ਸੀ। ਪਰ ਅੱਜ ਦੇ ਬੱਚੇ ਸਾਰਾ ਦਿਨ ਪੜ੍ਹਾਈ ਕਰਦੇ ਜਾਂ ਮੋਬਾਈਲ ਫੋਨਾਂ ਵਿੱਚ ਰੁੱਝੇ ਹੀ ਨਜ਼ਰ ਆਉਂਦੇ ਹਨ। ਸਕੂਲ ਪੜ੍ਹਾਈ ਕਰਕੇ ਆਉਣ ਤੋਂ ਬਾਅਦ ਟਿਊਸ਼ਨਾਂ ਤੇ ਪੜ੍ਹਨ ਜਾਣਾ,ਪੜ੍ਹੇ ਲਿਖੇ ਮਾਪਿਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਬਰਬਾਦ ਹੋਣ ਦੇ ਡਰੋਂ ਘਰ ਦੇ ਕਿਸੇ ਕੰਮ ਕਰਨ ਨੂੰ ਆਖਣ ਤੋਂ ਗ਼ੁਰੇਜ਼ ਕਰਨਾ ਜਿੱਥੇ ਬੱਚਿਆਂ ਵਿੱਚ ਇਕੱਲਖੋਰੀ ਦੀ ਆਦਤ ਪੈਦਾ ਕਰਦਾ ਹੈ ਉੱਥੇ ਹੀ ਹੱਥੀਂ ਕੰਮ ਕਰਨ ਦੀ ਆਦਤ ਤੋਂ ਦੂਰ ਹੋ ਜਾਂਦਾ ਹੈ।

ਪਹਿਲਾਂ ਚਾਹੇ ਮਾਪੇ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ ਸਨ ਪਰ ਫਿਰ ਵੀ ਉਹ ਇਹੋ ਜਿਹੀਆਂ ਗੱਲਾਂ ਆਪਣੇ ਬੱਚਿਆਂ ਨੂੰ ਸਿਖਾ ਦਿੰਦੇ ਸਨ ਜੋ ਕਿਤਾਬਾਂ ਵਿੱਚ ਪੜ੍ਹ ਕੇ ਵੀ ਸਿੱਖਣ ਨੂੰ ਨਹੀਂ ਮਿਲਦੀਆਂ ਹਨ । ਉਹਨਾਂ ਨੇ ਰਾਤ ਨੂੰ ਸੌਣ ਲੱਗਿਆਂ ਬੱਚਿਆਂ ਨੂੰ ਬਹਾਦਰ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਸੁਣਾਉਣੀਆਂ ਤੇ ਬੁੱਝਣ ਲਈ ਬਾਤਾਂ ਪਾਉਣੀਆਂ ਆਦਿ ਜਿੱਥੇ ਉਹਨਾਂ ਦਾ ਮਕਸਦ ਬੱਚਿਆਂ ਨੂੰ ਇਕੱਲਪੁਣੇ ਤੋਂ ਬਚਾਉਣਾ ਹੁੰਦਾ ਸੀ ਉੱਥੇ ਉਹਨਾਂ ਦੀ ਦਿਮਾਗੀ ਵਰਜਿਸ਼ ਦੇ ਨਾਲ ਨਾਲ ਮਨੋਰੰਜਨ ਕਰਦਿਆਂ ਜਾਣਕਾਰੀ ਵਿੱਚ ਵਾਧਾ ਕਰਨਾ ਹੁੰਦਾ ਸੀ। ਅੱਜ ਦੇ ਪੜ੍ਹੇ ਲਿਖੇ ਕੰਮ ਕਾਜੀ ਮਾਪੇ ਆਪਣੇ ਦੇਹ ਅਰਾਮ ਲਈ ਜਿੱਥੇ ਬੱਚਿਆਂ ਨੂੰ ਅੱਡ ਅੱਡ ਕਮਰਿਆਂ ਵਿੱਚ ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਪ੍ਰਦਾਨ ਕਰਕੇ ਵਧੀਆ ਬਚਪਨ ਦੇਣ ਦੀ ਦੁਹਾਈ ਪਾਉਂਦੇ ਹਨ ਉੱਥੇ ਹੀ ਉਹ ਬੱਚਿਆਂ ਨੂੰ ਆਉਣ ਵਾਲੀ ਜ਼ਿੰਦਗੀ ਵਿੱਚ ਸੇਧ ਦੇਣ ਵਾਲੀਆਂ ਗੱਲਾਂ ਤੋਂ ਵੀ ਪਰ੍ਹਾਂ ਰੱਖ ਰਹੇ ਹੁੰਦੇ ਹਨ।

ਬੱਚੇ ਜਦ ਤੱਕ ਆਪਣੇ ਵੱਡਿਆਂ ਨਾਲ ਬੈਠ ਕੇ ਉਹਨਾਂ ਦੀਆਂ ਗੱਲਾਂ ਨਹੀਂ ਸੁਣਨਗੇ, ਜਦੋਂ ਤੱਕ ਉਹ ਆਪਣੇ ਵੱਡਿਆਂ ਦੀ ਜ਼ਿੰਦਗੀ ਤੋਂ ਜਾਣੂੰ ਨਹੀਂ ਹੋਣਗੇ ਤਾਂ ਉਹ ਆਪਣੀ ਸੱਭਿਅਤਾ ਅਤੇ ਸੱਭਿਆਚਾਰ ਦੇ ਵਾਰਿਸ ਕਿਵੇਂ ਬਣਨਗੇ? ਸਿਆਣੇ ਐਵੇਂ ਤਾਂ ਨਹੀਂ ਕਹਿੰਦੇ ਕਿ ਜੇ ਆਪਾਂ ਆਪਣੇ ਬੱਚਿਆਂ ਦਾ ਬਚਪਨ‌ ਸੰਭਾਲ ਲਿਆ ਤਾਂ ਸਮਝੋ ਆਪਣਾ ਕੱਲ੍ਹ ਸੰਵਾਰ ਲਿਆ। ਬਚਪਨ ਦੀਆਂ ਯਾਦਾਂ ਹਰ ਮਨੁੱਖ ਦੇ ਮਨ ਉੱਤੇ ਮੋਹਰਾਂ ਵਾਂਗ ਉਕਰੀਆਂ ਹੋਈਆਂ ਹੁੰਦੀਆਂ ਹਨ, ਜੋ ਕੀਮਤੀ ਸਿੱਕਿਆਂ ਵਾਂਗ ਜ਼ਿੰਦਗੀ ਰੂਪੀ ਮੰਡੀ ਵਿੱਚ ਸਾਰੀ ਉਮਰ ਚਲਾਉਂਦਾ ਹੈ ਅਤੇ ਸ਼ਾਹੀ ਜੀਵਨ ਬਤੀਤ ਕਰਦਾ ਹੈ। ਹਰ ਇਨਸਾਨ ਆਪਣੇ ਬੱਚਿਆਂ ਨੂੰ ਮਾਰਗਦਰਸ਼ਨ ਕਰਵਾਉਣ ਲਈ ਆਪਣੇ ਬਚਪਨ ਦੀਆਂ ਯਾਦਾਂ ਦੇ ਕਿੱਸੇ ਸਾਂਝੇ ਕਰਕੇ ਉਹਨਾਂ ਨੂੰ ਉਸੇ ਲੀਹ ਤੇ ਤੋਰਨਾ ਚਾਹੁੰਦਾ ਹੈ।

ਗੱਲ ਅਮੀਰੀ ਜਾਂ ਗਰੀਬੀ ਦੀ ਨਹੀਂ ਹੁੰਦੀ, ਗੱਲ ਪੜ੍ਹੇ ਲਿਖੇ ਜਾਂ ਅਨਪੜ੍ਹ ਮਾਪਿਆਂ ਦੀ ਨਹੀਂ ਹੁੰਦੀ, ਗੱਲ ਸੁੱਖ ਸਹੂਲਤਾਂ ਦੀ ਵੀ ਨਹੀਂ ਹੁੰਦੀ, ਗੱਲ ਤਾਂ ਹੁੰਦੀ ਹੈ ਸਾਦੇ ਜਿਹੇ ਜੀਵਨ ਵਿੱਚ ਮਾਪਿਆਂ ਨਾਲ ਸਮਾਂ ਬਿਤਾਏ ਦੀ , ਉਹਨਾਂ ਨਾਲ਼ ਬੈਠ ਕੇ ਭੋਲ਼ੀਆਂ ਭਾਲੀਆਂ ਗੱਲਾਂ ਸਾਂਝੀਆਂ ਕਰਨ ਦੀ,ਉਸ ਸਮੇਂ ਮੰਗਾਂ ਪੂਰੀਆਂ ਨਾ ਹੋਣ ਵਾਲੀ ਘਟਨਾਵਾਂ ਤੋਂ ਅੱਜ ਦੇ ਬੱਚਿਆਂ ਨੂੰ ਸਖ਼ਤ ਹਾਲਾਤਾਂ ਵਿੱਚ ਕੱਟੇ ਜੀਵਨ ਤੋਂ ਸਬਕ ਸਿਖਾਉਣ ਦੀ, ਤੰਗੀਆਂ ਵਿੱਚੋਂ ਦੀ ਗੁਜ਼ਰਦੇ ਹੋਏ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੀ, ਰਲ਼ ਕੇ ਮਨਾਏ ਜਸ਼ਨਾਂ ਦੀ, ਗੱਲ ਬੇਪਰਵਾਹੀਆਂ ਦੀ ਪਰ ਜੇ ਅੱਜ ਦਾ ਬਚਪਨ ਕਿਤੇ ਇਕੱਲਪੁਣੇ ਵਿੱਚ ਗਵਾਚ ਗਿਆ ਤਾਂ ਇਹੀ ਵੱਡੇ ਬਣ ਕਿਹੜੀਆਂ ਯਾਦਾਂ ਰਾਹੀਂ ਆਪਣੇ ਬਚਪਨ,ਆਪਣੇ ਪਿਛੋਕੜ,ਆਪਣੇ ਸਭਿਆਚਾਰ ਤੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣਗੇ?

ਸੋ ਮੁੱਕਦੀ ਗੱਲ ਇਹ ਹੈ ਕਿ ਚਾਹੇ ਜ਼ਮਾਨੇ ਨਾਲ ਬਦਲਣਾ ਸਾਡਾ ਸ਼ੌਕ ਹੋਵੇ ਜਾਂ ਮਜ਼ਬੂਰੀ ਜਾਂ ਪ੍ਰਗਤੀਵਾਦੀ ਵਿਚਾਰਧਾਰਾ ਦਾ ਹੋਣਾ ਜਾਂ ਨਵੇਂ ਜ਼ਮਾਨੇ ਦੇ ਹਾਣੀ ਬਣ ਕੇ ਤੁਰਨਾ ਹੋਵੇ ਪਰ ਬੱਚਿਆਂ ਦਾ ਕੀਮਤੀ ਖ਼ਜ਼ਾਨਾ “ਬਚਪਨ” ਸੰਭਾਲ ਕੇ ਉਸ ਰਾਹੀਂ ਆਪਣੇ ਆਉਣ ਵਾਲੇ ਕੱਲ੍ਹ ਦੇ ਨਾਲ ਨਾਲ ਆਪਣੇ ਪਿਛੋਕੜ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

Previous articleਕੁਰਸੀ ਦਾ ਬੁਖਾਰ
Next articleਰੈਡੀਕਲ ਪੰਥਕ ਮੁੱਦੇ’ ਅਕਾਲੀ ਦਲ ਨੂੰ ਰਾਸ ਆ ਸਕਣਗੇ!