(ਸਮਾਜ ਵੀਕਲੀ) ਮਸੀਹੀ ਉਪਦੇਸ਼ ,ਅੱਲਾ-ਹੂ-ਦਾ-ਆਵਾਜਾ, ਅਰਦਾਸ-ਜੈ ਸ਼ਿਵ ਡੰਡੌਤ ਬੰਧਨਾ ! ਰੱਬ ਸਭ ਦਾ ਭਲਾ ਕਰੇ! ਸਭ ਨੂੰ ਸੁਮੱਤ ਬਖਸ਼ੇ, ਚੋਰਾਂ, ਲੁਟੇਰਿਆਂ, ਡਕੈਤਾਂ, ਵਿਹਲੜਾਂ, ਮੋਟੇ ਢਿੱਡਾਂ ਵਾਲਿਆਂ, ਗੋਗੜਾਂ ਵਧਾਉਣ ਵਾਲਿਆਂ, ਦੂਸਰਿਆਂ ਦੀ ਕਮਾਈ ਤੇ ਪਲਣ ਵਾਲਿਆਂ, ਸਭ ਲਈ, ਸਿੱਧੇ ਰਸਤੇ ਪੈਣ ਦੀ ਅਰਦਾਸ। ਰੱਬ ਸਭ ਮੁਫਤਖੋਰਿਆਂ, ਖੁਸਰਿਆਂ, ਗੂੰਗੇ- ਬੋਲਿਆਂ, ਲੂਲਿਆਂ, ਲੰਗੜਿਆਂ, ਅੰਨ੍ਹਿਆਂ, ਕਾਣਿਆਂ, ਹਿਜੜਿਆਂ, ਬੇਰੁਜ਼ਗਾਰਾਂ, ਨਸ਼ਿਆਂ ਦੀ ਕਮਾਈ ਤੇ ਨਿਰਬਾਹ ਕਰਨ ਵਾਲਿਆਂ ਨੂੰ, ਸਭ ਨੂੰ ਸੁਮੱਤ ਬਖਸ਼ੇ!
ਅਖੌਤੀ ਸਾਧਾਂ, ਸੰਤਾਂ ਤੇ ਬਹੁਤੇ ਸਿਆਣਿਆਂ ਨੂੰ, ਲੋੜ ਤੋਂ ਵੱਧ ਚਲਾਕੀ ਕਰਨ ਵਾਲਿਆਂ ਨੂੰ, ਕੁਕਰਮ ਕਰਨ ਵਾਲਿਆਂ ਨੂੰ, ਇਜ਼ਤ ਨੂੰ ਦਾਗ ਲਾਉਣ ਵਾਲਿਆਂ ਨੂੰ, ਪਰਿਵਾਰਵਾਦ, ਵਿਅਕਤੀਵਾਦ, ਵਪਾਰਵਾਦ ਨਾਲ ਧਰਮਾਂ ਨੂੰ ਕਬਜ਼ੇ ਚ ਕਰਨ ਵਾਲਿਆਂ ਦੇ ਦਿਮਾਗ ਸਹੀ ਕਰੇ ! ਸੁਮੱਤ ਬਖਸ਼ੇ ! ਕਾਤਲਾਂ, ਹੰਕਾਰੀਆਂ, ਜ਼ਰਾਇਮ ਪੇਸ਼ਾ ਲੋਕਾਂ, ਖੁਫੀਆ-ਘਟੀਆ ਹਰਕਤਾਂ ਕਰਨ ਵਾਲਿਆਂ ਦੇ ਦਿਮਾਗ ਦੀ ਦਰੁਸਤੀ ਦੀ ਬੰਧਨਾ !
ਦੁਖਿਆਰਿਆਂ, ਸਚਿਆਰਿਆਂ, ਪੁਜਾਰੀਆਂ ਤੇ ਰੱਬ ਤੋਂ ਮੁਨਕਰ ਹੋਣ ਵਾਲਿਆਂ,ਕੁੰਭ ਦੇ ਪ੍ਰਿਆਗਰਾਜ (ਇਲਾਹਾਬਾਦ) ਦੇ ਅੰਧ ਵਿਸ਼ਵਾਸ਼ੀਆਂ ਲਈ, ਭਗਦੜ ਵਿੱਚ ਮਰਨ ਵਾਲਿਆਂ, ਦਿੱਲੀ ਦੇ ਰੇਲਵੇ ਸਟੇਸ਼ਨ ਤੇ ਭੀੜ ਪ੍ਰਬੰਧਨ ਨਾ ਕਰਨ ਵਾਲਿਆਂ ਲਈ, ਅੰਧਵਿਸ਼ਵਾਸ ਫੈਲਾਉਣ ਵਾਲਿਆਂ ਵਾਸਤੇ, ਮੋਦੀ ਦੇ ਨਾਲ ਸਾਰੇ, ਗੰਗਾ ਵਿੱਚ ਡੁਬਕੀ ਲਾਉਣ ਵਾਲੇ, ਸਿਆਸਤਦਾਨਾਂ ਲਈ ਅਰਦਾਸ ਬੰਧਨਾ ! ਸਭ ਤੇਰੀ ਮਾਇਆ ਹੈ ! ਤੂੰ ਹੀ ਜਾਣੀਜਾਣ ਹੈਂ। ਕਿਸ ਨੂੰ ਉੱਪਰ ਲਿਜਾਣਾ ਹੈ, ਕਿਸ ਨੂੰ ਮਿੱਟੀ ਵਿੱਚ ਮਿਲਾਣਾ ਹੈ, ਕਿਸੇ ਨੂੰ ਕਿਵੇਂ ਦੰਡਿਤ ਕਰਨਾ ਹੈ, ਕਿਵੇਂ ਸੁਧਾਰਨਾ ਹੈ। ਸਭ ਤੇ ਮਿਹਰ ਕਰੀਂ ! ਅਰਦਾਸ ਬੰਧਨਾ !
ਚਹਿਕਦੇ ਪੰਛੀਆਂ,ਕੂਕਦੀਆਂ ਕੋਇਲਾਂ, ਲਹਿਲਹਾਉਂਦੀਆਂ ਫੁੱਲਾਂ ਦੀਆਂ ਕਤਾਰਾਂ, ਉਡਦੇ ਪੰਛੀਆਂ ਦੀਆਂ ਡਾਰਾਂ,ਕੁੱਤਿਆਂ ਦਾ ਭੌਂਕਣਾ,ਮੂੰਹ ਖੋਲ੍ਹ, ਆਕਾਸ਼ ਵੱਲ ਕਰਕੇ, ਸੱਪਾਂ ਦੇ ਫੁੰਕਾਰੇ, ਕੁਦਰਤ ਦੇ ਨਜ਼ਾਰੇ। ਬਣੇ ਰਹਿਣ ਦੀ ਅਰਦਾਸ!
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ। ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj




