ਪਟਿਆਲਾ (ਸਮਾਜ ਵੀਕਲੀ) ( ਰਮੇਸ਼ਵਰ ਸਿੰਘ) ਸਾਹਿਤ ਅਕਾਦਮੀ, ਪਟਿਆਲਾ ਅਤੇ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ (ਰਜਿ. )ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 21 ਸਾਲ ਤੋਂ ਨਿਰੰਤਰ ਨਿਕਲਦੇ ਪੰਜਾਬੀ ਸਾਹਿਤਕ ਮੈਗਜ਼ੀਨ ‘ਪ੍ਰਤਿਮਾਨ’ ਦਾ ਯੁਵਾ ਪੰਜਾਬੀ ਕਵਿਤਾ ਵਿਸ਼ੇਸ਼- ਅੰਕ ਰਿਲੀਜ਼ ਕੀਤਾ ਗਿਆ ਅਤੇ ਵਿਸ਼ਾਲ ਸਾਵਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜਸਵੰਤ ਸਿੰਘ ਜ਼ਫਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਡਾ. ਅਮਰਜੀਤ ਸਿੰਘ ਕਾਵਿ- ਸ਼ਾਸਤਰ, ‘ਪ੍ਰਤਿਮਾਨ’ ਦੇ ਸੰਪਾਦਕ ਡਾ. ਅਮਰਜੀਤ ਕੌਂਕੇ, ਡਾ. ਮੋਹਨ ਤਿਆਗੀ, ਡਾ. ਕੰਵਰ ਜਸਮਿੰਦਰ ਪਾਲ ਸਿੰਘ,ਹਰਪ੍ਰੀਤ ਕੌਰ ਸੰਧੂ ਅਤੇ ਬਲਵਿੰਦਰ ਸੰਧੂ ਸ਼ਾਮਲ ਹੋਏ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਪੰਜਾਬੀ ਸਾਹਿਤਕ ਮੈਗਜ਼ੀਨ ‘ਪ੍ਰਤਿਮਾਨ’ ਦੇ ਯੁਵਾ ਪੰਜਾਬੀ ਕਵਿਤਾ ਵਿਸ਼ੇਸ਼-ਅੰਕ ਨੂੰ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਉਪਰੰਤ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਅਮਰਜੀਤ ਸਿੰਘ ਨੇ ਆਏ ਹੋਏ ਲੇਖਕਾਂ ਅਤੇ ਸਰੋਤਿਆਂ, ਕਵੀਆਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ‘ਪ੍ਰਤਿਮਾਨ’ ਦਾ ਇਹ ਅੰਕ ਤ੍ਰੈ-ਪਸਾਰੀ ਸੰਪਾਦਨ ਜੁਗਤ ਦੀ ਰਚਨਾ ਹੈ। ਇਸ ਅੰਕ ਵਿੱਚ ਜਿੱਥੇ 90 ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ ਹੈ ਉੱਥੇ ਨਾਲੋ ਨਾਲ ਆਲੋਚਨਾਤਮਕ ਨਿਬੰਧਾਂ, ਸਵੈ-ਕਥਨਾ, ਅਤੇ ਮੁਲਾਕਾਤਾਂ ਪੇਸ਼ ਕਰ ਕੇ ਸੰਪਾਦਕ ਨੇ ਯੁਵਾ ਪੰਜਾਬੀ ਕਵਿਤਾ ਦਾ ਇੱਕ ਸਮੁੱਚਾ ਮੁਹਾਂਦਰਾ ਉਸਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ‘ਪ੍ਰਤਿਮਾਨ’ ਮੈਗਜ਼ੀਨ ਦੇ ਸੰਪਾਦਕ ਡਾ. ਅਮਰਜੀਤ ਕੌਂਕੇ ਨੇ ਇਸ ਮੈਗਜ਼ੀਨ ਦੇ ਹੋਂਦ ਵਿੱਚ ਆਉਣ ਦੀ ਪ੍ਰਕਿਰਿਆ ਨੂੰ ਸਾਂਝਾ ਕਰਦਿਆਂ ਕਿਹਾ ਕਿ ਯੁਵਾ ਪੰਜਾਬੀ ਕਵਿਤਾ ਇੱਕ ਵਿਲੱਖਣ ਅਤੇ ਨਿਵੇਕਲਾ ਮੁਹਾਵਰਾ, ਨਵੀਂ ਭਾਸ਼ਾ, ਅਤੇ ਨਵੀਂ ਕਾਵਿ-ਸ਼ੈਲੀ ਰਾਹੀਂ ਸਾਹਮਣੇ ਆ ਰਹੀ ਹੈ, ਇਸੇ ਕਾਰਨ ਉਹਨਾਂ ਇਸ ਕਵਿਤਾ ਨੂੰ ਇੱਕ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਡਾ. ਮੋਹਨ ਤਿਆਗੀ ਨੇ ‘ਪ੍ਰਤਿਮਾਨ’ ਮੈਗਜ਼ੀਨ ਦੀ ਸੰਪਾਦਨ ਪ੍ਰਕਿਰਿਆ ਸੰਬੰਧੀ ਚਰਚਾ ਕਰਦਿਆਂ ਇਸ ਵਿਚਲੀ ਕਵਿਤਾ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਅਤੇ ਸਮਰੱਥਾ ਨੂੰ ਬਿਆਨ ਕਰਦਿਆਂ ਕਿਹਾ ਕਿ ਨਵੀਂ ਕਵਿਤਾ, ਨਵੀਆਂ ਸਥਿਤੀਆਂ ਅਤੇ ਨਵੀਆਂ ਚੁਣੌਤੀਆਂ ਦੇ ਨਾਲ ਦਸਤਪੰਜਾ ਲੈ ਰਹੀ ਹੈ। ‘ਪ੍ਰਤਿਮਾਨ’ ਦੇ ਇਸ ਅੰਕ ਬਾਰੇ ਹਰਪ੍ਰੀਤ ਕੌਰ ਸੰਧੂ ਅਤੇ ਡਾ. ਹਰਪ੍ਰੀਤ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਵਿਸ਼ਾਲ ਸਾਵਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 40 ਦੇ ਕਰੀਬ ਕਵੀਆਂ ਨੇ ਆਪਣੀ ਕਵਿਤਾਵਾਂ ਪੜ੍ਹੀਆਂ। ਜਿਨਾਂ ਵਿੱਚ ਕਿਰਪਾਲ ਸਿੰਘ ਮੂਨਕ, ਚਮਕੌਰ ਸਿੰਘ ਚਹਿਲ, ਗੁਰਜੰਟ ਰਾਜਿਆਣਾ, ਕੁਲਵਿੰਦਰ ਕੁਮਾਰ, ਬਲਕਾਰ ਔਲਖ, ਮੀਨਾਕਸ਼ੀ ਸ਼ਰਮਾ, ਡਾ ਗੁਰਵਿੰਦਰ ਅਮਨ, ਜੱਗੀ ਹਮੀਰਗੜ੍ਹ, ਮਨਿੰਦਰ ਬਸੀ, ਅਮਰਜੀਤ ਕਸਕ, ਅਸ਼ਵਨੀ ਬਾਗੜੀਆਂ, ਚਰਨਜੀਤ ਕੌਰ ਜੋਤ, ਅੰਜੂ ਅਮਨਦੀਪ ਗਰੋਵਰ, ਸੁਰਿੰਦਰਜੀਤ ਚੌਹਾਨ, ਸਤੀਸ਼ ਵਿਦਰੋਹੀ, ਜੈਨਿੰਦਰ ਚੌਹਾਨ, ਇੰਦਰਜੀਤ ਜਾਦੂ, ਜੀਤ ਹਰਜੀਤ, ਰਾਜਵਿੰਦਰ ਕੌਰ ਜਟਾਣਾ, ਹਰ ਮਨ, ਸੁਰਿੰਦਰਜੀਤ ਚੌਹਾਨ, ਗੁਰਚਰਨ ਪੱਬਾਰਾਲੀ, ਜਗਦੀਪ ਜਵਾਹਰਕੇ, ਦੀਪਕ ਧਲੇਵਾਂ, ਸੁਖਵਿੰਦਰ ਭੀਖੀ, ਚਰਨ ਪੁਅਧੀ, ਨਵਦੀਪ ਮੁੰਡੀ, ਕਮਲ ਗੀਤ ਸਰਹਿੰਦ, ਅਮਰਿੰਦਰ ਮਿੱਠੂ ਮਾਜਰਾ ਕਮਲ ਬਾਲਦ ਕਲਾਂ, ਅਵਤਾਰ ਸਿੰਘ ਮਾਨ, ਅਵਤਾਰਜੀਤ, ਰੁਪਿੰਦਰ ਮਾਨ, ਹਰਬੰਸ ਮਾਣਕਪੁਰੀ, ਕਮਲ ਸੇਖੋਂ, ਗੁਰਮੁਖ ਸਿੰਘ ਰੁੜਕੀ, ਗੁਰਦੀਪ, ਸੁਰ ਇੰਦਰ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਸੁਸ਼ੀਲ ਦੁਸਾਂਝ, ਦੀਪਕ ਚਨਾਰਥਲ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਪੜ੍ਹੀਆਂ। ਅੰਤ ਉੱਤੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਜਸਵੰਤ ਸਿੰਘ ਜ਼ਫਰ ਨੇ ਕਿਹਾ ਕਿ ਸਾਹਿਤਕ ਮੈਗਜੀਨ ਕੱਢਣਾ ਬਹੁਤ ਹੀ ਹਿੰਮਤ ਅਤੇ ਮੁਸ਼ਕਿਲ ਭਰਿਆ ਕੰਮ ਹੈ ਤੇ ‘ਪ੍ਰਤਿਮਾਨ’ 21 ਵਰਿਆਂ ਤੋਂ ਲਗਾਤਾਰ ਇਹ ਕਾਰਜ ਨਿਰੰਤਰ ਕਰਦਾ ਆ ਰਿਹਾ ਹੈ। ਉਹਨਾਂ ਇਸ ਅੰਕ ਦੇ ਸੰਪਾਦਨ ਅਤੇ ਕਵਿਤਾਵਾਂ ਸਬੰਧੀ ਬਹੁਤ ਮੁੱਲਵਾਨ ਟਿੱਪਣੀ ਕੀਤੀ ਕੀਤੀਆਂ ਅਤੇ ਆਪਣੀ ਕਵਿਤਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਸਾਰੇ ਕਵੀਆਂ ਅਤੇ ਪ੍ਰਧਾਨਗੀ ਮੰਡਲ ਨੂੰ ਖੂਬਸੂਰਤ ਯਾਦਗਾਰੀ ਚਿੰਨ ਭੇਂਟ ਕੀਤੇ ਗਏ। ਅੰਤ ਉੱਤੇ ਤੇਜਿੰਦਰ ਫਰਵਾਹੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਡਾ. ਕੰਵਰ ਜਸਮਿੰਦਰ ਪਾਲ ਸਿੰਘ ਅਤੇ ਦੀਪਕ ਚਨਾਰਥਲ ਨੇ ਬਹੁਤ ਹੀ ਕਾਵਿਕ-ਅੰਦਾਜ਼ ਵਿਚ ਕੀਤਾ। ਇਸ ਪ੍ਰੋਗਰਾਮ ਦੇ ਵਿੱਚ 100 ਦੇ ਕਰੀਬ ਲਗਭਗ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly